ਰਸੋਈ ਗੈਸ ਦੀ ਕਮੀ ਖ਼ਿਲਾਫ਼ ਪੰਜਾਬ ਭਾਜਪਾ ਪ੍ਰਧਾਨ ਦੇ ਨਿਵਾਸ ਅੱਗੇ ਮੁਜ਼ਾਹਰਾ
ਰਸੋਈ ਗੈਸ ਦੀ ਕਮੀ ਖ਼ਿਲਾਫ਼ ਕਾਂਗਰਸ ਨੇ ਪੰਜਾਬ ਭਾਜਪਾ ਪ੍ਰਧਾਨ ਦੇ ਨਿਵਾਸ ਅੱਗੇ ਕੀਤਾ ਪ੍ਰਦਰਸ਼ਨ
Publish Date: Sat, 14 Mar 2026 06:01 PM (IST)
Updated Date: Sun, 15 Mar 2026 04:10 AM (IST)

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਰਸੋਈ ਗੈਸ ਦੀ ਕਥਿਤ ਕਮੀ ਦੇ ਮਸਲੇ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਵਿਧਾਇਕ ਅਮਿਤ ਵਿਜ ਨੇ ਆਪਣੇ ਸਾਥੀਆਂ ਸਮੇਤ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਵਾਸ ਸਥਾਨ ਦਾ ਬਾਹਰ ਪ੍ਰਦਰਸ਼ਨ ਕੀਤਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਰਸੋਈ ਗੈਸ ਸਿਲੰਡਰ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਨੂੰ ਇਸ ਮਸਲੇ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ।ਇਸ ਦੌਰਾਨ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਗੈਸ ਸਪਲਾਈ ਨੂੰ ਲੈ ਕੇ ਲੋਕਾਂ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ। ਆਮ ਲੋਕਾਂ ਨੂੰ ਗੈਸ ਸਿਲੰਡਰ ਲੈਣ ਲਈ ਗੈਸ ਏਜੰਸੀਆਂ ਦੇ ਚੱਕਰ ਕੱਟਣੇ ਪੈ ਰਹੇ ਹਨ, ਜਿਸ ਕਾਰਨ ਘਰੇਲੂ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸਾਬਕਾ ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਜੇਕਰ ਸਰਕਾਰ ਜਲਦੀ ਇਸ ਸਮੱਸਿਆ ਦਾ ਹੱਲ ਨਹੀਂ ਕਰਦੀ ਤਾਂ ਕਾਂਗਰਸ ਵੱਲੋਂ ਇਸ ਮਸਲੇ ’ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਕਾਂਗਰਸ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੀ ਰਹੇਗੀ।ਪ੍ਰਦਰਸ਼ਨ ਦੌਰਾਨ ਮੇਅਰ ਅਤੇ ਜ਼ਿਲ੍ਹਾ ਪ੍ਰਧਾਨ ਪੰਨਾ ਲਾਲ ਭਾਟੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਆਸ਼ਿਸ਼ ਵਿੱਜ, ਮੇਅਰ ਪੰਨਾ ਲਾਲ ਭਾਟੀਆ, ਸੰਜੀਵ ਬੈਂਸ, ਰਾਕੇਸ਼ ਬੱਬਲੀ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ।