ਦੋ ਬੱਸਾਂ ਦੀ ਟੱਕਰ ’ਚ ਕੰਡਕਟਰ ਦੀ ਮੌਤ, ਕਈ ਯਾਤਰੀ ਜ਼ਖ਼ਮੀ
ਦੋ ਬੱਸਾਂ ਦੀ ਭਿਆਨਕ ਟੱਕਰ 'ਚ ਕੰਡਕਟਰ ਦੀ ਮੌਤ
Publish Date: Fri, 20 Mar 2026 07:48 PM (IST)
Updated Date: Sat, 21 Mar 2026 04:13 AM (IST)
ਫੋਟੋ : ਮਲਕਪੁਰ–ਮਾਧੋਪੁਰ ਨੈਸ਼ਨਲ ਹਾਈਵੇ ਤੇ ਹੋਈ ਬੱਸਾਂ ਦੀ ਟੱਕਰ ਤੋਂ ਬਾਅਦ ਮੌਕੇ ਦਾ ਦ੍ਰਿਸ਼। ਆਰ ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਮਲਕਪੁਰ–ਮਾਧੋਪੁਰ ਨੈਸ਼ਨਲ ਹਾਈਵੇ ਤੇ ਦੋ ਬੱਸਾਂ ਦੀ ਟੱਕਰ ਹੋਣ ਕਾਰਨ ਇਕ ਕੰਡਕਟਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਈ ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪੁਲਿਸ ਦੀ ਮਦਦ ਨਾਲ ਨਿੱਜੀ ਹਸਪਤਾਲਾਂ ’ਚ ਦਾਖ਼ਲ ਕਰਵਾ ਕੇ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਇੰਸਪੈਕਟਰ ਮੋਹਿਤ ਟਾਕ ਨੇ ਦੱਸਿਆ ਕਿ ਦੋਵੇਂ ਬੱਸਾਂ ਜੰਮੂ ਵੱਲੋਂ ਮਲਿਕਪੁਰ ਦੀ ਦਿਸ਼ਾ ਵੱਲ ਆ ਰਹੀਆਂ ਸਨ। ਇਸ ਦੌਰਾਨ ਮਲਕਪੁਰ–ਮਾਧੋਪੁਰ ਨੈਸ਼ਨਲ ਹਾਈਵੇ ਤੇ ਅਚਾਨਕ ਦੋਵੇਂ ਬੱਸਾਂ ਦੀ ਆਪਸ ’ਚ ਜ਼ੋਰਦਾਰ ਟੱਕਰ ਹੋ ਗਈ। ਟੱਕਰ ਦੌਰਾਨ ਦੋਵੇਂ ਬੱਸਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਤੇ ਇਕ ਬੱਸ ਦੇ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵੰਤ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਹਾਦਸੇ ’ਚ ਜ਼ਖ਼ਮੀ ਹੋਏ ਯਾਤਰੀਆਂ ਦੀ ਪਛਾਣ ਗੁਰਪ੍ਰੀਤ ਕੌਰ, ਰਾਜਿੰਦਰ ਕੌਰ, ਜੁਝਾਰ ਸਿੰਘ, ਮੁਹੰਮਦ ਖਨੀਤ ਤੇ ਅਰਜੁਨ ਵਜੋਂ ਹੋਈ ਹੈ। ਜ਼ਖ਼ਮੀਆਂ ਦਾ ਨਿੱਜੀ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।