ਕਟਾਰੂਚੱਕ ਨੇ ਸਕੂਲ ਆਫ ਐਮੀਨੈਂਸ ਭੋਆ ਦਾ ਕੀਤਾ ਉਦਘਾਟਨ
ਕੈਬਨਿਟ ਮੰਤਰੀ ਕਟਾਰੂਚੱਕ ਨੇ ਸਕੂਲ ਆਫ ਐਮੀਨੈਂਸ ਭੋਆ ਦਾ ਕੀਤਾ ਉਦਘਾਟਨ
Publish Date: Sat, 21 Mar 2026 04:40 PM (IST)
Updated Date: Sun, 22 Mar 2026 04:05 AM (IST)
ਅੰਕੁਰ ਮਹਾਜਨ, ਪੰਜਾਬੀ ਜਾਗਰਣ,
ਪਠਾਨਕੋਟ ਕੈਂਟ : ਸਕੂਲ ਆਫ ਐਮੀਨੈਂਸ ਭੋਆ ਵਿਖੇ ਇੱਕ ਵਿਸ਼ੇਸ਼ ਸਮਾਰੋਹ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਨਸੀਬ ਸੈਣੀ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਵੱਲੋਂ ਕੀਤੀ ਗਈ। ਸਮਾਰੋਹ ਵਿੱਚ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਇਸ ਮੌਕੇ ਸੁਨੀਲ ਦੱਤ ਸਰਪੰਚ ਪਿੰਡ ਭੋਆ, ਕਮਲਦੀਪ ਕੌਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਐਲੀਮੈਂਟਰੀ ਪਠਾਨਕੋਟ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਅਮਨਦੀਪ ਕੁਮਾਰ ਡਿਪਟੀ ਡੀਈਓ ਸੈਕੰਡਰੀ, ਹਰੀਸ਼ ਕੁਮਾਰ, ਜਸਵੀਰ ਕੌਰ, ਜੋਤੀ ਕੁਮਾਰੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਅਤੇ ਅਹੁਦੇਦਾਰ ਹਾਜ਼ਰ ਸਨ। ਸਮਾਰੋਹ ਦਾ ਸ਼ੁਭ ਆਰੰਭ ਮੁੱਖ ਮਹਿਮਾਨ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਵੱਲੋਂ ਦੀਪਕ ਰੋਸ਼ਨ ਕਰਕੇ ਕੀਤਾ ਗਿਆ ਅਤੇ ਇਸ ਤੋਂ ਬਾਅਦ ਉਹਨਾਂ ਪਰਦਾ ਹਟਾ ਕੇ ਇਲੈਕਟਰਿਕ ਪੈਨਲ ਅਤੇ ਨਵੇਂ ਕੰਪਿਊਟਰ ਸਕੂਲ ਨੂੰ ਸਮਰਪਿਤ ਕੀਤੇ।
ਇਸ ਮੌਕੇ ਸੰਬੋਧਿਤ ਕਰਦਿਆਂ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਮੈਨੂੰ ਸਕੂਲ ਆਫ ਐਮੀਨੈਂਸ ਭੋਆ ਵਿਖੇ ਪੁੱਜਣ ਦਾ ਮੌਕਾ ਮਿਲਿਆ ਹੈ, ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਤਕਨੀਕੀ ਯੁਗ ਅੰਦਰ ਅਪਗ੍ਰੇਡ ਕਰਨ ਦੇ ਲਈ ਇਲੈਕਟ੍ਰਿਕ ਪੈਨਲ ਅਤੇ ਨਵੇਂ ਕੰਪਿਊਟਰ ਦਿੱਤੇ ਜਾ ਰਹੇ ਹਨ। ਅੱਜ ਸਕੂਲ ਆਫ ਐਮੀਨੈਂਸ ਭੋਆ ਨੂੰ ਵੀ 17 ਨਵੇਂ ਕੰਪਿਊਟਰ ਅਤੇ ਚਾਰ ਇਲੈਕਟ੍ਰਿਕ ਪੈਨਲ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਅਧੀਨ ਸਮੁੱਚੇ ਪੰਜਾਬ ਦੀ ਤਰ੍ਹਾਂ ਜ਼ਿਲ੍ਹਾ ਪਠਾਨਕੋਟ ਦੇ ਸਕੂਲਾਂ ਨੂੰ 869 ਕੰਪਿਊਟਰ ਅਤੇ 93 ਸਕੂਲਾਂ ਨੂੰ 113 ਇਲੈਕਟ੍ਰਿਕ ਪੈਨਲ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੰਪਿਊਟਰ ਅਤੇ ਪੈਨਲ ਆਧੁਨਿਕ ਤਕਨੀਕਾਂ ਦੇ ਨਾਲ ਬਣਾਏ ਗਏ ਹਨ ਜਿਸ ਦੇ ਨਾਲ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ ਪੜ੍ਹਾਈ ਦੇ ਨਾਲ ਨਾਲ ਮੌਕੇ ਤੇ ਪ੍ਰੈਕਟੀਕਲ ਉਹ ਵੀ ਪੈਨਲ ਦੇ ਮਾਧਿਅਮ ਦੇ ਨਾਲ ਇਹ ਸਿੱਖਿਆ ਦੇ ਖੇਤਰ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਅਸੀਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਲ੍ਹਾ ਪਠਾਨਕੋਟ ਨੂੰ ਸਿੱਖਿਆ ਦੇ ਖੇਤਰ ਵਿੱਚ ਤਕਨੀਕੀ ਅਪਡੇਟ ਕਰਕੇ ਬੱਚਿਆਂ ਦਾ ਭਵਿੱਖ ਰੋਸ਼ਨ ਕੀਤਾ ਹੈ।