12 ਫਰਵਰੀ ਦੀ ਹੜਤਾਲ ਲਈ ਆਸ਼ਾ ਵਰਕਰਾਂ ਵੱਲੋਂ ਪੂਰੀ ਹਮਾਇਤ
12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਲਈ ਆਸ਼ਾ ਵਰਕਰਾਂ ਦੀ ਪੂਰੀ ਹਮਾਇਤ
Publish Date: Sat, 07 Feb 2026 05:10 PM (IST)
Updated Date: Sun, 08 Feb 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਠਾਨਕੋਟ : ਇਫ਼ਟੂ ਵੱਲੋਂ ਅੱਜ ਸ਼ਹਿਰ ਦੇ ਸ਼ਿਮਲਾ ਪਹਾੜੀ ਇਲਾਕੇ ਵਿੱਚ ਆਸ਼ਾ ਵਰਕਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕਰਕੇ 12 ਫਰਵਰੀ ਨੂੰ ਹੋ ਰਹੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਉਣ ਲਈ ਰਣਨੀਤੀ ਤੈਅ ਕੀਤੀ ਗਈ। ਮੀਟਿੰਗ ਨੂੰ ਇਫ਼ਟੂ ਦੇ ਸੂਬਾ ਆਗੂ ਜੋਗਿੰਦਰ ਪਾਲ ਪਨਿਆੜ ਅਤੇ ਮੁਲਾਜ਼ਮ ਫਰੰਟ ਦੇ ਪ੍ਰਮੁੱਖ ਆਗੂ ਅਮਰਜੀਤ ਸ਼ਾਸਤਰੀ ਨੇ ਸੰਬੋਧਨ ਕੀਤਾ। ਆਗੂਆਂ ਨੇ ਆਪਣੇ ਭਾਸ਼ਣਾਂ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ 44 ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਲਿਆਂਦੇ ਗਏ ਚਾਰ ਲੇਬਰ ਕੋਡ ਮਜ਼ਦੂਰ ਵਰਗ ਦੇ ਹੱਕਾਂ ’ਤੇ ਸਿੱਧਾ ਹਮਲਾ ਹਨ। ਉਨ੍ਹਾਂ ਆਖਿਆ ਕਿ ਮਜ਼ਦੂਰਾਂ ਨੇ ਲੰਬੇ ਸੰਘਰਸ਼ਾਂ ਰਾਹੀਂ ਜੋ ਅਧਿਕਾਰ ਹਾਸਲ ਕੀਤੇ ਸਨ, ਉਹ ਹੁਣ ਖੋਹੇ ਜਾ ਰਹੇ ਹਨ ਅਤੇ ਇਹ ਨਵੇਂ ਕਾਨੂੰਨ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਵਧਦੀ ਮਹਿੰਗਾਈ ਨੂੰ ਦੇਖਦਿਆਂ ਮਜ਼ਦੂਰਾਂ ਦੀ ਘੱਟੋ–ਘੱਟ ਉਜਰਤ ਵਿੱਚ ਤੁਰੰਤ ਵਾਧਾ ਕੀਤਾ ਜਾਵੇ। ਇਸ ਮੌਕੇ ਆਸ਼ਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਰਜਨੀ ਘਰੋਟਾ ਨੇ ਸੰਬੋਧਨ ਕਰਦਿਆਂ ਭਰੋਸਾ ਦਿਵਾਇਆ ਕਿ ਆਸ਼ਾ ਵਰਕਰਾਂ ਵੱਲੋਂ 12 ਫਰਵਰੀ ਦੀ ਹੜਤਾਲ ਵਿੱਚ ਭਾਗ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਹੜਤਾਲ ਕੇਵਲ ਰੋਸ ਪ੍ਰਦਰਸ਼ਨ ਨਹੀਂ, ਸਗੋਂ ਮਜ਼ਦੂਰ ਹੱਕਾਂ ਦੀ ਰਾਖੀ ਲਈ ਸ਼ੁਰੂ ਹੋ ਰਹੇ ਵੱਡੇ ਸੰਘਰਸ਼ ਦੀ ਪਹਿਲੀ ਕੜੀ ਸਾਬਤ ਹੋਵੇਗੀ। ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਜ਼ਬਰਦਸਤੀ ਪੁਰਾਣੇ ਮੀਟਰ ਬਦਲ ਕੇ ਸਮਾਰਟ ਮੀਟਰ ਲਗਾ ਰਹੀ ਹੈ, ਜੋ ਲੋਕ ਵਿਰੋਧੀ ਫੈਸਲਾ ਹੈ ਅਤੇ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿੱਚ ਇਫ਼ਟੂ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਜਗਤਪੁਰ, ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ, ਮੁਖਤਿਆਰ ਸਿੰਘ ਮਾਨਸਿੰਘ ਪੁਰ, ਬਾਊ ਰਾਮ, ਆਸ਼ਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਰਜਨੀ ਘਰੋਟਾ, ਨੀਲਮ ਸ਼ਹੀਦਪੁਰ, ਕੁਸੁਮ ਕੁੰਡਾ ਸਮੇਤ ਹੋਰ ਆਸ਼ਾ ਵਰਕਰਾਂ ਹਾਜ਼ਰ ਸਨ।