ਸੁੰਦਰ ਦਸਤਾਰ ਮੁਕਾਬਲੇ ’ਚ ਜੇਤੂ ਵਿਦਿਆਰਥੀ ਸਨਮਾਨਿਤ
ਸੁੰਦਰ ਦਸਤਾਰ ਮੁਕਾਬਲੇ 'ਚ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Publish Date: Sun, 01 Feb 2026 03:21 PM (IST)
Updated Date: Mon, 02 Feb 2026 04:01 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ,
ਬੰਗਾ : ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਸੰਗੂਆਣਾ ਸਾਹਿਬ ਪਿੰਡ ਜੱਸੋਮਜਾਰਾ ਵਿਖੇ ਹੋਏ ਦਸਤਾਰ ਮੁਕਾਬਲਿਆਂ ਵਿਚ ਅੱਵਲ ਪੁਜ਼ੀਸ਼ਨਾਂ ਹਾਸਲ ਕਰਕੇ 6 ਇਨਾਮ ਜਿੱਤੇ ਹਨ। ਜੇਤੂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ ਆਪਣੀ ਸ਼ਾਨਦਾਰ ਰਵਾਇਤ ਨੂੰ ਕਾਇਮ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਗੁਰਦੁਆਰਾ ਸੰਗੂਆਣਾ ਸਾਹਿਬ ਪਿੰਡ ਜੱਸੋਮਜਾਰਾ ਵਿਖੇ ਹੋਏ ਦਸਤਾਰ ਮੁਕਾਬਲੇ ਵਿਚ ਅੱਵਲ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਢਾਹਾਂ ਨੇ ਸਮੂਹ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਇਸ ਮਾਣਮੱਤੀ ਕਾਮਯਾਬੀ ਲਈ ਸਕੂਲ ਦੇ ਸਿੱਖਿਆ ਡਾਇਰੈਕਟਰ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰ. ਵਨੀਤਾ ਚੋਟ ਨੇ ਦੱਸਿਆ ਕਿ ਇਸ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਵਿਚ 6ਵੀਂ ਜਮਾਤ ਤੋਂ 8ਵੀਂ ਜਮਾਤ ਦੇ ਪਹਿਲੇ ਗਰੁੱਪ ਵਿਚੋਂ ਪਹਿਲਾ ਸਥਾਨ ਅਮਨਪ੍ਰੀਤ ਸਿੰਘ ਬਾਂਸਲ ਪੁੱਤਰ ਵਰਿੰਦਰ ਸਿੰਘ ਬਾਂਸਲ ਨੇ ਪ੍ਰਾਪਤ ਕੀਤਾ ਅਤੇ ਦੂਜਾ ਸਥਾਨ ਅਭਜੋਤ ਸਿੰਘ ਪੁੱਤਰ ਸੁਰਜੀਤ ਸਿੰਘ ਕਲੇਰਾਂ ਨੇ ਹਾਸਲ ਕੀਤਾ। ਜਦਕਿ 9ਵੀਂ ਜਮਾਤ ਤੋਂ 12ਵੀਂ ਤੱਕ ਦੇ ਦੂਜੇ ਗਰੁੱਪ ਵਿਚ ਨਵਦੀਪ ਸਿੰਘ ਬੈਂਸ ਪੁੱਤਰ ਮੱਖਣ ਸਿੰਘ ਬੈਂਸ ਨੇ ਦੂਜਾ ਸਥਾਨ ਅਤੇ ਅਮਰਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਲਾਦੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਦੁਮਾਲਾ ਸਜਾਉਣ ਦੇ ਹੋਏ ਮੁਕਾਬਲੇ ਵਿਚ ਪਹਿਲੇ ਗਰੁੱਪ ਵਿਚੋਂ ਸਕੂਲ ਦੀ ਵਿਦਿਆਰਥਣ ਗੁਰਸਿਮਰਨ ਕੌਰ ਪੁੱਤਰੀ ਸੰਦੀਪ ਸਿੰਘ ਨੇ ਦੂਜਾ ਸਥਾਨ ਅਤੇ ਦੂਸਰੇ ਗਰੁੱਪ ਵਿਚ ਹਰਸ਼ਦੀਪ ਕੌਰ ਪੁੱਤਰ ਬਾਬਾ ਦਲਜੀਤ ਸਿੰਘ ਕਰੀਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ, ਦਸਤਾਰਾਂ ਅਤੇ ਯਾਦਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਪ੍ਰੋ. ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ, ਭਾਈ ਜੋਗਾ ਸਿੰਘ ਧਾਰਮਿਕ ਅਤੇ ਸੰਗੀਤ ਅਧਿਆਪਕ, ਬਲਜੀਤ ਕੌਰ ਭੋਗਲ ਅਤੇ ਮਨਜਿੰਦਰ ਸਿੰਘ ਸੰਗੀਤ ਅਧਿਆਪਕ ਵੀ ਹਾਜ਼ਰ ਸਨ।