12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ 'ਚ ਹਿੱਸਾ ਲਵਾਂਗੇ : ਰਾਣਾ
12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ 'ਚ ਹੱਸਾ ਲਵਾਂਗੇ-ਰਾਣਾ
Publish Date: Sat, 07 Feb 2026 03:55 PM (IST)
Updated Date: Sat, 07 Feb 2026 03:59 PM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਪਿੰਡ ਟੌਂਸਾ ਵਿਖੇ ਮਨਰੇਗਾ ਅਧਿਕਾਰ ਅੰਦੋਲਨ ਯੂਨਿਟ ਦੀ ਮੀਟਿੰਗ ਸਾਥੀ ਮਨੋਹਰ ਲਾਲ ਤਹਿਸੀਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਸਾਥੀ ਕਰਨ ਸਿੰਘ ਰਾਣਾ ਨੇ ਸਮੂਹ ਕਿਰਤੀਆਂ ਨੂੰ ਅਪੀਲ ਕੀਤੀ ਕਿ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਕਰਨ ਲਈ ਪੂਰਾ ਜ਼ੋਰ ਲਾਇਆ ਜਾਵੇ, ਕਿਉਂਕਿ ਇਹ ਆਮ ਹੜਤਾਲ ਮਨਰੇਗਾ ਕਾਨੂੰਨ ਦੀ ਬਹਾਲੀ, ਚਾਰ ਲੇਬਰ ਕੋਡ ਖਤਮ ਕਰਨ, ਬਿਜਲੀ ਸੋਧ ਬਿਲ ਅਤੇ ਅਮਰੀਕਾ ਨਾਲ ਹੋਏ ਭਾਰਤ ਦੇ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨ ਲਈ ਕੀਤੀ ਜਾ ਰਹੀ ਹੈ। ਇਸ ਲਈ ਸਮੂਹ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਅਤੇ ਕਿਰਤੀ ਲੋਕਾਂ ਨੂੰ ਇਸ ਹੜਤਾਲ ਨੂੰ ਸਫਲ ਕਰਨ ਵਿਚ ਪੂਰਨ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ 12 ਫਰਵਰੀ ਨੂੰ ਜ਼ਿਲ੍ਹੇ ਅੰਦਰ ਦਰਜਨ ਤੋਂ ਵੱਧ ਥਾਵਾਂ ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਹੱਕ ਮੰਗਦੇ ਕਿਸਾਨਾਂ ਤੇ ਤਸ਼ੱਦਦ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਪੀਲ ਕੀਤੀ ਕਿ ਮਾਨ ਸਰਕਾਰ ਇਤਿਹਾਸ ਤੋਂ ਸਬਕ ਲਵੇ ਅਤੇ ਹੱਕ ਮੰਗਦੇ ਲੋਕਾਂ ਤੇ ਜਬਰ ਕਰਨਾ ਬੰਦ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਫੈਕਟਰੀ ਮਾਲਕਾਂ ਵਿਰੁੱਧ ਕਾਰਵਾਈ ਕਰੇ ਜੋ ਧਰਤੀ ਹੇਠਲੇ ਪਾਣੀ ਅਤੇ ਹਵਾ ਨੂੰ ਬਹੁਤ ਬੇਰਹਿਮੀ ਨਾਲ ਪ੍ਰਦੂਸ਼ਿਤ ਕਰ ਰਹੇ ਹਨ। ਜਿਸ ਕਰਕੇ ਲੋਕ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 22 ਫਰਵਰੀ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਰੋਸ ਧਰਨੇ ਦਿੱਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਰੋਸ ਧਰਨਿਆਂ ਨੂੰ ਸਫ਼ਲ ਕਰਨ ਲਈ ਵਧ-ਚੜ੍ਹ ਕੇ ਸਹਿਯੋਗ ਕਰਨ। ਤਾਂ ਜੋ ਸਰਕਾਰ ਆਮ ਲੋਕਾਂ ਨੂੰ ਆਪਣੇ ਵਿਸ਼ਵਾਸ ਵਿਚ ਲੈ ਕੇ ਲੋਕ ਪੱਖੀ ਫੈਸਲੇ ਲੈਣ। ਇਸ ਮੌਕੇ ਬੀਬੀ ਕਮਲਜੀਤ ਕੌਰ, ਵਿਜੇ ਰਾਣੀ, ਰਾਮ ਪਿਆਰੀ, ਕੁੰਦਨ ਲਾਲ ਅਤੇ ਰਤਨ ਲਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਾਜ਼ਰ ਸਮੂਹ ਵਰਕਰਾਂ ਨੇ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਲਈ ਸੰਕਲਪ ਲਿਆ।