Vigilance Action : ਨਵਾਂ ਸ਼ਹਿਰ 'ਚ ਰੈਂਟ ਕੁਲੈਕਟਰ ਤੇ ਚਪੜਾਸੀ 18000 ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ
ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ’ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਪੰਜਾਬ ਵਕਫ਼ ਬੋਰਡ ਦਫ਼ਤਰ, ਗੜ੍ਹਸ਼ੰਕਰ ਵਿਖੇ ਤਾਇਨਾਤ ਰੈਂਟ ਕੁਲੈਕਟਰ ਮੁਹੰਮਦ ਯਾਸੀਨ ਤੇ ਪੰਜਾਬ ਵਕਫ਼ ਬੋਰਡ ਦਫ਼ਤਰ, ਗੜ੍ਹਸ਼ੰਕਰ ਵਿਖੇ ਤਾਇਨਾਤ ਠੇਕੇ ਆਧਾਰਿਤ ਚਪੜਾਸੀ ਮੁਹੰਮਦ ਤਾਲੀਮ ਨੂੰ 18000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।
Publish Date: Tue, 03 Feb 2026 08:23 PM (IST)
Updated Date: Tue, 03 Feb 2026 09:32 PM (IST)
ਪ੍ਰਦੀਪ ਭਨੋਟ/ ਹਰਕੰਵਲ ਸਿੰਘ ਕੌਲਗੜ੍ਹ/ ਪੱਤਰ ਪ੍ਰੇਰਕ, ਨਵਾਂਸ਼ਹਿਰ/ਮਜਾਰ/ਜਲੰਧਰ : ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ’ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਪੰਜਾਬ ਵਕਫ਼ ਬੋਰਡ ਦਫ਼ਤਰ, ਗੜ੍ਹਸ਼ੰਕਰ ਵਿਖੇ ਤਾਇਨਾਤ ਰੈਂਟ ਕੁਲੈਕਟਰ ਮੁਹੰਮਦ ਯਾਸੀਨ ਤੇ ਪੰਜਾਬ ਵਕਫ਼ ਬੋਰਡ ਦਫ਼ਤਰ, ਗੜ੍ਹਸ਼ੰਕਰ ਵਿਖੇ ਤਾਇਨਾਤ ਠੇਕੇ ਆਧਾਰਿਤ ਚਪੜਾਸੀ ਮੁਹੰਮਦ ਤਾਲੀਮ ਨੂੰ 18000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।
ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਕਤ ਮੁਲਜ਼ਮ ਨੂੰ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪੰਜਾਬ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਸ਼ਿਕਾਇਤਕਰਤਾ, ਜੋ ਇਕ ਖੇਤੀਬਾੜੀ ਕਰਨ ਵਾਲਾ ਵਿਅਕਤੀ ਹੈ, ਨੇ 2018 ਤੋਂ 2021 ਦੀ ਮਿਆਦ ਲਈ ਤਹਿਸੀਲ ਬਲਾਚੌਰ ਦੇ ਪਿੰਡ ਭੱਦੀ ਵਿਖੇ ਸਥਿਤ ਪੰਜਾਬ ਵਕਫ਼ ਬੋਰਡ ਦੀ 10 ਕਨਾਲ ਜ਼ਮੀਨ ਲੀਜ਼ ’ਤੇ ਲਈ ਸੀ। ਸਾਲ 2021 ’ਚ ਲੀਜ਼ ਦੀ ਮਿਆਦ ਖਤਮ ਹੋਣ ਤੋਂ ਬਾਅਦ, ਸ਼ਿਕਾਇਤਕਰਤਾ ਨੇ ਲੀਜ਼ ਦੇ ਨਵੀਨੀਕਰਨ (ਰੀਨੇਵਲ) ਲਈ ਮੁਲਜ਼ਮ ਮੁਹੰਮਦ ਯਾਸੀਨ ਨਾਲ ਪੰਜਾਬ ਵਕਫ਼ ਬੋਰਡ ਦਫ਼ਤਰ, ਗੜ੍ਹਸ਼ੰਕਰ ਵਿਖੇ ਸੰਪਰਕ ਕੀਤਾ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁਲਜ਼ਮ ਮੁਹੰਮਦ ਯਾਸੀਨ ਨੇ ਲੀਜ਼ ਦੇ ਨਵੀਨੀਕਰਨ ਲਈ ਫਾਈਲ ਤਿਆਰ ਕਰਨ ਲਈ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਉਕਤ ਰਕਮ ਦਾ ਭੁਗਤਾਨ ਕਰਨ ’ਚ ਅਸਮਰੱਥਾ ਪ੍ਰਗਟਾਈ ਤਾਂ ਫਿਰ ਰਿਸ਼ਵਤ ਦੀ ਮੰਗ ਨੂੰ ਘਟਾ ਕੇ 20000 ਰੁਪਏ ਕਰ ਦਿੱਤਾ ਗਿਆ। ਇਸ ’ਚੋਂ ਮੁਲਜ਼ਮ ਮੁਹੰਮਦ ਯਾਸੀਨ ਨੇ ਮੌਕੇ ’ਤੇ ਹੀ 2,000 ਰੁਪਏ ਰਿਸ਼ਵਤ ਵਜੋਂ ਲਏ ਸਨ ਤੇ ਸ਼ਿਕਾਇਤਕਰਤਾ ਨੂੰ ਬਾਕੀ 18,000 ਰੁਪਏ ਬਾਅਦ ’ਚ ਅਦਾ ਕਰਨ ਲਈ ਕਿਹਾ ਗਿਆ ਸੀ। ਸ਼ਿਕਾਇਤਕਰਤਾ ਨੇ ਬਤੌਰ ਸਬੂਤ ਗੱਲਬਾਤ ਰਿਕਾਰਡ ਕਰ ਲਈ ਸੀ। ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਐੱਸਬੀਐੱਸ ਨਗਰ ਨੇ ਦੋਵਾਂ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਤੋਂ 18000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧ ’ਚ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।