ਡੇਰਾ ਸੰਚਾਲਕਾਂ ਨੂੰ ਵੋਟਾਂ ਲਈ ਵਰਤਣਾ ਚਿੰਤਾਜਨਕ : ਰਾਣਾ
ਡੇਰਾ ਸੰਚਾਲਕਾਂ ਨੂੰ ਵੋਟਾਂ ਲਈ ਵਰਤਣਾ ਚਿੰਤਾਜਨਕ-ਰਾਣਾ
Publish Date: Sun, 22 Feb 2026 05:37 PM (IST)
Updated Date: Mon, 23 Feb 2026 04:08 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਮੁਸੀਬਤਾਂ ਵਿਚ ਘਿਰੇ ਪੰਜਾਬ ਨੂੰ ਦੋ ਹੋਰ ਵੱਡੀਆਂ ਆਫਤਾਂ ਦਾ ਸਾਹਮਣਾ ਕਰਨਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨ. ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਨੇ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਅੰਦਰ ਰਾਜਨੀਤਕ ਧਿਰਾਂ ਵੱਲੋਂ ਲੋਕ ਰਾਜ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਜਿਆਦਾਤਰ ਪੰਜਾਬ ਅੰਦਰ ਰਾਜਨੀਤਕ ਧਿਰਾਂ ਡੇਰਾ ਸੰਚਾਲਕਾਂ ਨੂੰ ਵੋਟਾਂ ਲਈ ਪ੍ਰਯੋਗ ਕਰਨ ਦਾ ਸਿਲਸਿਲਾ ਸ਼ੁਰੂ ਕਰ ਚੁੱਕੀਆਂ ਹਨ। ਅਜਿਹਾ ਕਦਮ ਲੋਕ ਰਾਜ ਲਈ ਖਤਰੇ ਦੀ ਘੰਟੀ ਹੈ। ਜੇ ਹਕੂਮਤਾਂ ਦਾ ਗਠਨ ਇਸ ਤਰੀਕੇ ਨਾਲ ਹੋਵੇਗਾ। ਤਾਂ ਲੋਕਾਂ ਦੀ ਪੁਗਤ ਖਤਮ ਹੋ ਜਾਵੇਗੀ। ਇਸੇ ਤਰ੍ਹਾਂ ਪੰਜਾਬ ਦੇ ਮਸਲੇ ਵੀ ਅੱਧ ਵਾਟੇ ਲਟਕ ਜਾਣਗੇ ਅਤੇ ਲੋਕਾਂ ਦੇ ਰੁਜ਼ਗਾਰ ਅਮਨ ਕਾਨੂੰਨ, ਨਸ਼ਾ ਮੁਕਤੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੀਆਂ ਮੰਗਾਂ ਮਿੱਟੀ ਵਿੱਚ ਰੁਲ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਪਰ ਬਠਿੰਡਾ ’ਚ ਪੁਲਿਸ ਵੱਲੋਂ ਪਿੰਡਾਂ ਅੰਦਰ ਦਾਖਲ ਹੋ ਕੇ ਅਮਨ ਪੂਰਵਕ ਇਕੱਠੇ ਹੋਏ ਕਿਸਾਨਾਂ, ਮਜ਼ਦੂਰਾਂ ਤੇ ਗੋਲੀ ਤੇ ਲਾਠੀ ਚਲਾਉਣ ਨਾਲ ਅਮਨ ਕਾਨੂੰਨ ਦੀ ਸਥਿਤੀ ਦੇ ਹੋਰ ਵਿਗੜਨ ਦਾ ਅੰਦੇਸ਼ਾ ਬਣ ਗਿਆ ਹੈ। ਪਿੰਡ ’ਚ ਜੋ ਖਾਕੀ ਗਿਰੋਹ ਵੱਲੋਂ ਪਿੰਡਾਂ ਦੇ ਲੋਕਾਂ ’ਤੇ ਅੱਤਿਆਚਾਰ ਕੀਤਾ ਹੈ। ਉਹ ਅਤਿ ਨਿੰਦਣਯੋਗ ਹੈ। ਹੰਝੂ ਗੈਸ ਦੇ ਗੋਲਿਆਂ ਨੇ ਅਤੇ ਬੇਤਹਾਸ਼ਾ ਲਾਠੀਚਾਰਜ ਨੇ ਅੰਗਰੇਜ਼ ਬਸਤੀਵਾਦ ਦਾ ਜ਼ਮਾਨਾ ਯਾਦ ਕਰਵਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਬਠਿੰਡਾ ਦੇ ਪਿੰਡਾਂ ਵਿਚ ਖਾਕੀ ਗਿਰੋਹ ਵੱਲੋਂ ਜੋ ਕ੍ਰਾਇਮ ਕੀਤਾ ਗਿਆ ਹੈ। ਉਸ ਦੀ ਕਾਨੂੰਨ ਮੁਤਾਬਕ ਜਾਂਚ ਕਰ ਕੇ ਜ਼ਿੰਮੇਵਾਰ ਅਧਿਕਾਰੀਆਂ ਤੇ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਰਾਜ ਨੂੰ ਪੁਲਿਸ ਰਾਜ ’ਚ ਬਦਲਣ ਤੋਂ ਰੋਕਿਆ ਜਾਵੇ ਤਾਂ ਹੀ ਪੰਜਾਬ ’ਚ ਕਾਨੂੰਨ ਦਾ ਰਾਜ ਲਾਗੂ ਹੋ ਸਕਦਾ ਹੈ ਤੇ ਪੰਜਾਬ ਨੂੰ ਤਰੱਕੀ ਕਰਨ ਲਈ ਸ਼ਾਂਤੀਪੂਰਵਕ ਮਾਹੌਲ ਮਿਲ ਸਕਦਾ ਹੈ। ਇਸ ਮੌਕੇ ਸਤਪਾਲ ਸਿੰਘ ਸਾਰੋਵਾਲ ਤਹਿਸੀਲ ਪ੍ਰਧਾਨ, ਵਿਨੋਦ ਚੋਪੜਾ, ਪਰਵਿੰਦਰ ਬੈਂਸ ਅਤੇ ਬਿਪਨ ਕੁਮਾਰ ਵੀ ਹਾਜ਼ਰ ਸਨ।