ਬੇਮੌਸਮੀ ਮੀਂਹ ਨੇ ਪਿੰਡ ਕੁੱਲਪੁਰ 'ਚ ਮਚਾਈ ਤਬਾਹੀ
ਬੇਮੌਸਮੀ ਮੀਂਹ ਨੇ ਪਿੰਡ ਕੁੱਲਪੁਰ 'ਚ ਮਚਾਈ ਤਬਾਹੀ
Publish Date: Fri, 10 Apr 2026 06:54 PM (IST)
Updated Date: Sat, 11 Apr 2026 04:12 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਕੁਦਰਤ ਦੀ ਕਰੋਪੀ ਨੇ ਇੱਕ ਵਾਰ ਫਿਰ ਅੰਨਦਾਤੇ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। ਤਹਿਸੀਲ ਬਲਾਚੌਰ ਦੇ ਪਿੰਡ ਕੁੱਲਪੁਰ ਚ ਪਏ ਬੇਮੌਸਮੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀ ਪੱਕ ਕੇ ਤਿਆਰ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਵਿੱਛ ਗਈ ਹੈ। ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਪਿੰਡ ਕੁੱਲਪੁਰ ਦੇ ਇੱਕ ਪ੍ਰਭਾਵਿਤ ਕਿਸਾਨ ਨੇ ਆਪਣੀ ਬਰਬਾਦ ਹੋਈ ਫ਼ਸਲ ਦਿਖਾਉਂਦੇ ਹੋਏ ਭਰੇ ਮਨ ਨਾਲ ਦੱਸਿਆ ਕਿ ਫ਼ਸਲ ਬਿਲਕੁਲ ਪੱਕ ਚੁੱਕੀ ਸੀ ਅਤੇ ਮਹਿਜ਼ ਕੁਝ ਹੀ ਦਿਨਾਂ ਵਿਚ ਕਟਾਈ ਸ਼ੁਰੂ ਹੋਣੀ ਸੀ,।ਪਰ ਅਚਾਨਕ ਹੋਈ ਬਾਰਿਸ਼ ਨੇ ਸਾਰੀ ਮਿਹਨਤ ਮਿੱਟੀ ਵਿਚ ਮਿਲਾ ਦਿੱਤੀ। ਉਨ੍ਹਾਂ ਦੱਸਿਆ ਕਿ ਅਸੀਂ ਦਿਨ-ਰਾਤ ਇੱਕ ਕਰਕੇ ਫ਼ਸਲ ਪਾਲੀ ਸੀ ਪਰ ਹੁਣ ਖੇਤਾਂ ਵਿਚ ਸਿਰਫ਼ ਤਬਾਹੀ ਨਜ਼ਰ ਆ ਰਹੀ ਹੈ। ਫ਼ਸਲ ਡਿੱਗਣ ਕਾਰਨ ਹੁਣ ਨਾ ਤਾਂ ਝਾੜ ਪੂਰਾ ਮਿਲੇਗਾ ਤੇ ਨਾ ਹੀ ਦਾਣੇ ਦੀ ਗੁਣਵੱਤਾ ਪਹਿਲਾਂ ਵਰਗੀ ਰਹੇਗੀ। ਤੇਜ਼ ਹਵਾ ਅਤੇ ਮੀਂਹ ਕਾਰਨ ਪੱਕੀ ਹੋਈ ਫ਼ਸਲ ਜ਼ਮੀਨ ਤੇ ਵਿਛ ਗਈ ਹੈ। ਉਸ ਨੇ ਦੱਸਿਆ ਕਿ ਹੁਣ ਫ਼ਸਲ ਨੂੰ ਕੰਬਾਈਨ ਰਾਹੀਂ ਕੱਟਣਾ ਬੇਹੱਦ ਮੁਸ਼ਕਲ ਅਤੇ ਖ਼ਰਚੀਲਾ ਹੈ। ਕਿਸਾਨਾਂ ਨੇ ਖਾਦਾਂ, ਬੀਜਾਂ ਤੇ ਕੀਟਨਾਸ਼ਕਾਂ ’ਤੇ ਹਜ਼ਾਰਾਂ ਰੁਪਏ ਖ਼ਰਚ ਕੀਤੇ ਸਨ, ਜੋ ਹੁਣ ਡੁੱਬਦੇ ਨਜ਼ਰ ਆ ਰਹੇ ਹਨ। ਪਿੰਡ ਵਾਸੀਆਂ ਅਤੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖ਼ਰਾਬ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਤੇ ਕਿਸਾਨਾਂ ਨੂੰ ਬਣਦਾ ਉਚਿਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਅਤੇ ਅਗਲੀ ਫ਼ਸਲ ਲਈ ਤਿਆਰੀ ਕਰ ਸਕਣ।