ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 2.5 ਲੱਖ ਦੀ ਹਰੇਕ ਪਰਿਵਾਰ ਨੂੰ ਵੰਡੀ ਜਾਵੇਗੀ ਰਾਸ਼ੀ : ਪਾਠਕ
ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 2.5 ਲੱਖ ਦੀ ਰਾਸ਼ੀ ਹਰੇਕ ਪਰਿਵਾਰ ਨੂੰ ਵੰਡੀ ਜਾਵੇਗੀ-ਪਾਠਕ
Publish Date: Mon, 12 Jan 2026 03:55 PM (IST)
Updated Date: Tue, 13 Jan 2026 04:00 AM (IST)

114 ਵਿਚੋਂ 72 ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਵੰਡੀ ਜਾਵੇਗੀ ਰਾਸ਼ੀ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਵਾਂਸ਼ਹਿਰ ਦੇ ਲੋੜਵੰਦ ਪਰਿਵਾਰਾਂ ਨੂੰ ਮਿਆਰੀ ਰਿਹਾਇਸ਼ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਇਸ ਦੌਰਾਨ ਸ਼ਹਿਰ ਦੇ ਉਨ੍ਹਾਂ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ, ਜਿਨ੍ਹਾਂ ਦੇ ਮਕਾਨ ਬੇਹੱਦ ਖਸਤਾ ਹਾਲਤ ਵਿਚ ਸਨ। ਆਪ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਚੁਣੇ ਗਏ ਹਰੇਕ ਪਰਿਵਾਰ ਨੂੰ ਆਪਣਾ ਪੱਕਾ ਮਕਾਨ ਬਣਾਉਣ ਲਈ 2.50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਰਾਸ਼ੀ ਨਾਲ ਲੋੜਵੰਦ ਆਪਣੇ ਸੁਪਨਿਆਂ ਦਾ ਘਰ ਬਣਾ ਸਕਣਗੇ। ਪਾਠਕ ਨੇ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਹਰ ਗਰੀਬ ਅਤੇ ਲੋੜਵੰਦ ਸਿਰ‘ਤੇ ਪੱਕੀ ਛੱਤ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਮਕਾਨ ਬਾਰਿਸ਼ ਜਾਂ ਪੁਰਾਣੇ ਹੋਣ ਕਾਰਨ ਡਿੱਗਣ ਕਿਨਾਰੇ ਸਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਇਹ ਰਾਹਤ ਦਿੱਤੀ ਗਈ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕੁੱਲ 114 ਲੋੜਵੰਦਾਂ ਨੇ ਅਰਜ਼ੀਆਂ ਦਿੱਤੀਆਂ ਸਨ ਪਰ ਕਾਗਜ਼ੀ ਕਾਰਵਾਈ ਤੇ ਦਸਤਾਵੇਜ਼ ਮੁਕੰਮਲ ਨਾ ਹੋਣ ਕਾਰਨ ਕਈ ਅਰਜ਼ੀਆਂ ਰੱਦ ਹੋ ਗਈਆਂ। ਜਾਂਚ ਤੋਂ ਬਾਅਦ ਸਿਰਫ਼ 72 ਯੋਗ ਉਮੀਦਵਾਰਾਂ ਨੂੰ ਹੀ ਇਹ ਸਹਾਇਤਾ ਰਾਸ਼ੀ ਦੇ ਪੱਤਰ ਜਾਰੀ ਕੀਤੇ ਗਏ ਹਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਕੌਰ, ਈਓ ਮੁਨੀਸ਼ ਕੁਮਾਰ, ਕੌਂਸਲਰ ਚੇਤ ਰਾਮ ਰਤਨ, ਕੌਂਸਲਰ ਗੁਰਮੁਖ ਸਿੰਘ ਨੌਰਥ ਤੇ ਕੌਂਸਲਰ ਮੱਖਣ ਸਿੰਘ ਗਰੇਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਸ਼ੀ ਦੀ ਵਰਤੋਂ ਸਹੀ ਢੰਗ ਨਾਲ ਮਕਾਨ ਦੀ ਉਸਾਰੀ ਲਈ ਹੀ ਕਰਨ, ਤਾਂ ਜੋ ਉਹ ਆਪਣੇ ਪਰਿਵਾਰ ਨਾਲ ਸੁਰੱਖਿਅਤ ਰਹਿ ਸਕਣ।