ਅਲਟਰਾ ਸਾਊਂਡ ਸਕੈਨ ਸੈਂਟਰਾਂ ਦੀ ਕੀਤੀ ਅਚਨਚੇਤ ਜਾਂਚ
ਅਲਟਰਾ ਸਾਊਂਡ ਸਕੈਨ ਸੈਂਟਰਾਂ ਦੀ ਕੀਤੀ ਅਚਨਚੇਤ ਜਾਂਚ
Publish Date: Sun, 01 Mar 2026 07:26 PM (IST)
Updated Date: Mon, 02 Mar 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਜ਼ਿਲ੍ਹੇ ਵਿਚ ਪੀਸੀ ਪੀਐੱਨਡੀਟੀ ਦੀ ਸਖ਼ਤ ਪਾਲਣਾ ਯਕੀਨੀ ਬਣਾਉਣ ਦੇ ਮੰਤਵ ਨਾਲ ਨਿੱਜੀ ਅਲਟਰਾ ਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ।।ਸ਼ਹਿਰ ਵਿਚ ਪੰਜ ਨਿੱਜੀ ਅਲਟਰਾ ਸਾਊਂਡ ਸਕੈਨ ਸੈਂਟਰਾਂ ਦੀ ਜਾਂਚ ਕੀਤੀ ਜਿਸ ਦੌਰਾਨ ਸਾਰੇ ਸਕੈਨ ਸੈਂਟਰਾਂ ਵਿਚ ਰੱਖੇ ਜਾਣ ਵਾਲੇ ਲਾਜ਼ਮੀ ਰਿਕਾਰਡਾਂ, ਰਜਿਸਟਰਾਂ ਅਤੇ ਹੋਰ ਦਸਤਾਵੇਜ਼ਾਂ ਨੂੰ ਬਾਰੀਕੀ ਨਾਲ ਘੋਖਿਆ। ਇਹ ਵੀ ਯਕੀਨੀ ਬਣਾਇਆ ਗਿਆ ਕਿ ਹਰ ਸੈਂਟਰ ਤੇ ਪੀਐੱਨਡੀਟੀ ਐਕਟ ਅਧੀਨ ਲਾਜ਼ਮੀ ਸਾਈਨ ਬੋਰਡ ਸਪੱਸ਼ਟ ਤੌਰ ਤੇ ਲੱਗੇ ਹੋਏ ਹਨ ਤੇ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀਸੀ-ਪੀਐੱਨਡੀਟੀ ਐਕਟ ਅਧੀਨ ਗਰਭ ਵਿਚ ਲਿੰਗ ਪਛਾਣ ਕਰਨਾ ਕਾਨੂੰਨੀ ਤੌਰ ਤੇ ਗੰਭੀਰ ਅਪਰਾਧ ਹੈ। ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਅਜਿਹੀਆਂ ਅਚਨਚੇਤ ਜਾਂਚਾਂ ਜਾਰੀ ਰਹਿਣਗੀਆਂ ਤਾਂ ਜੋ ਜ਼ਿਲ੍ਹੇ ਵਿਚ ਲਿੰਗ ਅਨੁਪਾਤ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਸਾਰੇ ਅਲਟਰਾ ਸਾਊਂਡ ਸਕੈਨ ਸੈਂਟਰਾਂ ਦੇ ਸੰਚਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਆਪਣੇ ਸਾਰੇ ਰਿਕਾਰਡ ਅਪਡੇਟ ਰੱਖਣ, ਨਿਯਮਾਂ ਅਨੁਸਾਰ ਕਾਰਵਾਈ ਕਰਨ ਅਤੇ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ।ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਤੇ ਵੀ ਪੀਐੱਨਡੀਟੀ ਐਕਟ ਦੀ ਉਲੰਘਣਾ ਸੰਬੰਧੀ ਕੋਈ ਜਾਣਕਾਰੀ ਮਿਲਦੀ ਹੈ। ਤਾਂ ਉਹ ਤੁਰੰਤ ਸਿਹਤ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ। ਇਸ ਮੌਕੇ ਹਰਨੇਕ ਸਿੰਘ ਵੀ ਮੌਜੂਦ ਸਨ।