ਬਾਲ ਭਿੱਖਿਆ ’ਚ ਲੱਗੇ 2 ਬੱਚਿਆਂ ਦਾ ਕੀਤਾ ਰੈਸਕਿਊ
ਬਾਲ ਭਿੱਖਿਆ ਵਿਚ ਲੱਗੇ ਦੋ ਬੱਚਿਆਂ ਦਾ ਕੀਤਾ ਰੈਸਕਿਊ
Publish Date: Tue, 20 Jan 2026 05:17 PM (IST)
Updated Date: Wed, 21 Jan 2026 04:06 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਆਈਏਐੱਸ ਵੱਲੋਂ ਪ੍ਰਾਪਤ ਹਿਦਾਇਤਾਂ ਅਨੁਸਾਰ ਬਾਲ ਭਿੱਖਿਆ ਖਿਲਾਫ਼ ਪ੍ਰੋਜੈਕਟ ਜੀਵਨ ਜੋਤ 2.0 ਨੂੰ ਸਖ਼ਤਾਈ ਨਾਲ ਲਾਗੂ ਕਰਦੇ ਹੋਏ ਅੱਜ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੱਲੋਂ ਬਲਾਕ ਬਲਾਚੌਰ ਵਿਚ ਸਬ-ਡਵੀਜ਼ਨਲ ਕਮੇਟੀ ਨਾਲ ਬੱਸ ਸਟੈਂਡ ਰੋਡ, ਭੱਦੀ ਰੋਡ, ਮੰਡਿਆਣੀ ਮੋੜ, ਬੁੱਲੇਵਾਲ ਮੋੜ, ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦੇ ਨਾਲ-ਨਾਲ ਕੰਗਨਾ ਪੁੱਲ ਤੇ ਬਾਲ ਭਿੱਖਿਆ ਖਿਲਾਫ ਚੈਕਿੰਗ ਕੀਤੀ। ਕੰਚਨ ਅਰੋੜਾ ਨੇ ਦੱਸਿਆ ਕਿ ਬਲਾਚੌਰ ਵਿਚ ਅੱਜ ਚੈਕਿੰਗ ਟੀਮ ਨੂੰ ਦੋ ਬੱਚੇ ਇਕ ਲੜਕਾ ਉਮਰ ਤਕਰੀਬਨ 6 ਸਾਲ ਅਤੇ ਇਕ ਲੜਕੀ ਉਮਰ ਤਕਰੀਬਨ 14 ਸਾਲ ਨੂੰ ਰੈਸਕਿਊ ਕੀਤਾ। ਇਹ ਬੱਚੇ ਆਪਣੀ ਮਾਂ ਨਾਲ ਭੀਖ ਮੰਗਦੇ ਅਤੇ ਗੁਬਾਰੇ ਵੇਚਦੇ ਵੀ ਪਾਏ ਗਏ। ਬੱਚਿਆਂ ਨੂੰ ਉਨ੍ਹਾਂ ਦੀ ਮਾਂ ਸਮੇਤ ਹੀ ਰੈਸਕਿਊ ਕੀਤਾ ਫਿਰ ਇਨ੍ਹਾਂ ਨੂੰ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ। ਬੱਚਿਆਂ ਦੇ ਕਿਸੇ ਵੀ ਕਿਸਮ ਦੇ ਦਸਤਾਵੇਜ਼ ਨਾ ਪਾਏ ਜਾਣ ਤੇ ਫਿਲਹਾਲ ਬੱਚਿਆਂ ਨੂੰ ਸੁਰੱਖਿਅਤ ਸ਼ੈਲਟਰ ਦਿੱਤਾ ਗਿਆ ਹੈ ਅਤੇ ਸੋਸ਼ਲ ਇਨਵੈਸਟੀਗੇਸ਼ਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ। ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਵੱਲੋਂ ਆਮ ਜਨਤਾ ਨੂੰ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਨਾ ਮੰਗਵਾਉਣ ਅਤੇ ਮਜ਼ਦੂਰੀ ਨਾ ਕਰਵਾਉਣ। ਉਨ੍ਹਾਂ ਦੱਸਿਆ ਕਿ ਜੇ ਕੋਈ ਬੱਚਾ ਬਾਲ ਭਿੱਖਿਆ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਬਾਲ ਸੁਰੱਖਿਆ ਯੂਨਿਟ ਨੂੰ ਚਾਈਲਡ ਹੈਲਪਲਾਈਨ ਨੰਬਰ 1098 ਤੇ ਸੂਚਿਤ ਕੀਤਾ ਜਾਵੇ। ਤਾਂ ਜੋ ਬੱਚਿਆਂ ਦੀ ਉਮਰ ਅਨੁਸਾਰ ਉਨ੍ਹਾਂ ਨੂੰ ਸਕੂਲ ਵਿਚ ਦਾਖਲ ਕਰਵਾਇਆ ਜਾ ਸਕੇ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣਾ ਅਤੇ ਮਜ਼ਦੂਰੀ ਕਰਵਾਉਣਾ ਕਾਨੂੰਨੀ ਤੌਰ ਤੇ ਅਪਰਾਧ ਹੈ। ਬਾਲ ਭਿੱਖਿਆ ਨੂੰ ਜੜ ਤੋਂ ਖ਼ਤਮ ਕਰਨ ਲਈ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਕਾਉਂਸਲਿੰਗ ਕੀਤੀ ਜਾਣੀ ਬਣਦੀ ਹੈ। ਤਾਂ ਜੋ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਤੋ ਭੀਖ ਮੰਗਵਾਉਣ ਦੀ ਬਜਾਏ ਉਨ੍ਹਾਂ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਭੇਜਣ ਤਾਂ ਕਿ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਸਿਰਜਣਾ ਹੋ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆਂ ਤੇ ਜੁਵੇਨਾਈਲ ਜਸਟਿਸ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ। ਗੌਰਵ ਸ਼ਰਮਾ ਸੀਪੀਓ ਵੱਲੋਂ ਬੱਚਿਆਂ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 416 ਤੀਜੀ ਮੰਜ਼ਿਲ ਡੀਸੀ ਦਫਤਰ ਜਾਂ ਚਾਇਲਡ ਹੈਲਪਲਾਈਨ ਨੰਬਰ 1098 ਤੇ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਡੀਈਓ ਦਫਤਰ ਤੋਂ ਸੰਤੋਸ਼, ਸੀਡੀਪੀਓ ਦਫਤਰ ਤੋਂ ਨੀਲਮ ਕੁਮਾਰੀ ਸੁਪਰਵਾਈਜ਼ਰ, ਸਿੱਖਿਆ ਵਿਭਾਗ ਤੋਂ ਪ੍ਰਿੰਸ ਕੁਮਾਰ ਈਟੀਟੀ ਟੀਚਰ, ਸਿਹਤ ਵਿਭਾਗ ਤੋਂ ਸਤੀਸ਼ ਕੁਮਾਰ, ਸਿੰਘ, ਪੁਲਿਸ ਵਿਭਾਗ ਤੋਂ ਕਰਮਜੀਤ ਕੌਰ ਮੌਜੂਦ ਸਨ।