ਆਸ਼ਾ ਵਰਕਰਾਂ ਤੇ ਆਸ਼ਾ ਫੈਸੀਲੀਟੇਟਰਾਂ ਲਈ ਟ੍ਰੇਨਿੰਗ ਆਯੋਜਿਤ
ਆਸ਼ਾ ਵਰਕਰਾਂ ਤੇ ਆਸ਼ਾ ਫੈਸੀਲੀਟੇਟਰਾਂ ਦੀ ਸਮਰੱਥਾ ਵਧਾਉਣ ਲਈ ਟ੍ਰੇਨਿੰਗ ਆਯੋਜਿਤ
Publish Date: Thu, 19 Mar 2026 04:57 PM (IST)
Updated Date: Fri, 20 Mar 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਵੱਲੋਂ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਟਾਪ ਐਪੀਲੈਪਸੀ ਪ੍ਰੋਜੈਕਟ“ਤਹਿਤ ਮਿਰਗੀ ਦੇ ਮਰੀਜ਼ਾਂ ਨੂੰ ਬਿਹਤਰ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਦਫਤਰ ਵਿਖੇ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਲਈ ਸਮਰੱਥਾ ਨਿਰਮਾਣ ਟ੍ਰੇਨਿੰਗ ਕਰਵਾਈ। ਸਿਵਲ ਸਰਜਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਕੇਂਦਰੀ ਮੰਤਵ ਮਿਰਗੀ ਨਾਲ ਪੀੜਤ ਮਰੀਜ਼ਾਂ ਦੀ ਸਮੇਂ ਸਿਰ ਪਛਾਣ, ਇਲਾਜ ਅਤੇ ਫਾਲੋਅਪ ਸੇਵਾਵਾਂ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਘਰ ਦੇ ਨੇੜੇ ਹੀ ਉੱਚ ਦਰਜੇ ਦੀ ਸਿਹਤ ਸਹੂਲਤ ਪ੍ਰਾਪਤ ਹੋ ਸਕੇ। ਟ੍ਰੇਨਿੰਗ ਦੌਰਾਨ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਪ੍ਰੋ. ਡਾ. ਗਗਨਦੀਪ ਸਿੰਘ ਨੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿਰਗੀ ਦਿਮਾਗ ਦੀ ਤੰਤੂ ਪ੍ਰਣਾਲੀ ਨਾਲ ਜੁੜੀ ਇੱਕ ਗੰਭੀਰ ਅਵਸਥਾ ਹੈ। ਇਸ ਦਾ ਸਹੀ ਤੇ ਲਗਾਤਾਰ ਇਲਾਜ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਮਰੀਜ਼ਾਂ ਨੂੰ ਦਵਾਈ ਦੀ ਕੋਈ ਵੀ ਖੁਰਾਕ ਛੱਡਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਦੌਰੇ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਿਰਗੀ ਦੀ ਸਮੇਂ ਸਿਰ ਪਛਾਣ ਅਤੇ ਵਿਗਿਆਨਕ ਢੰਗ ਨਾਲ ਇਲਾਜ ਕਰਨ ਨਾਲ ਲਗਭਗ 70 ਪ੍ਰਤੀਸ਼ਤ ਮਰੀਜ਼ ਸਾਧਾਰਣ ਜੀਵਨ ਬਤੀਤ ਕਰ ਸਕਦੇ ਹਨ। ਮਿਰਗੀ ਦੇ ਸੰਭਾਵਿਤ ਕਾਰਨਾਂ ਵਿਚ ਦਿਮਾਗੀ ਚੋਟ, ਟਿਊਮਰ, ਇੰਫੈਕਸ਼ਨ, ਤਣਾਅ, ਦਿਮਾਗੀ ਸੋਜ, ਲਹੂ ਨਾੜੀਆਂ ਦੇ ਰੋਗ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅਚਾਨਕ ਬੇਹੋਸ਼ ਹੋ ਜਾਣਾ, ਸਰੀਰ ਵਿਚ ਖਿੱਚ ਜਾਂ ਆਕੜ, ਝਟਕੇ ਆਉਣਾ, ਮੂੰਹ ਵਿਚੋਂ ਝੱਗ ਨਿਕਲਣਾ, ਦੰਦ ਭਿੰਚ ਜਾਣਾ, ਪਿਸ਼ਾਬ ’ਤੇ ਕਾਬੂ ਨਾ ਰਹਿਣਾ ਤੇ ਜੀਭ ਨੂੰ ਚੋਟ ਲੱਗਣਾ ਆਮ ਲੱਛਣ ਹਨ। ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਮਿਰਗੀ ਸੰਬੰਧੀ ਸਮਾਜ ਵਿਚ ਮੌਜੂਦ ਭਰਮ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਮਰੀਜ਼ ਬਿਨਾ ਡਰ ਅਤੇ ਸੰਕੋਚ ਦੇ ਇਲਾਜ ਲੈ ਸਕਣ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਰਾਕੇਸ਼ ਪਾਲ, ਪ੍ਰੋਜੈਕਟ ਨਾਲ ਸੰਬੰਧਿਤ ਰਿਸਰਚ ਐਸੋਸੀਏਟ ਸਰਿਸ਼ਟੀ ਵਰਮਾ, ਬੱਬਲਜੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਸਟਾਫ ਹਾਜ਼ਰ ਸਨ।