ਕੈਂਬਰਿਜ ਸਕੂਲ 'ਚ ਲਗਾਇਆ ਟ੍ਰੈਫਿਕ ਜਾਗਰੂਕਤਾ ਸੈਮੀਨਾਰ
ਕੈਂਬਰਿਜ ਸਕੂਲ 'ਚ ਲਗਾਇਆ ਟ੍ਰੈਫਿਕ ਜਾਗਰੂਕਤਾ ਸੈਮੀਨਾਰ
Publish Date: Mon, 12 Jan 2026 05:47 PM (IST)
Updated Date: Tue, 13 Jan 2026 04:07 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸੜਕ ਹਾਦਸਿਆਂ ਵਿਚ ਕਮੀ ਲਿਆਉਣ ਅਤੇ ਆਮ ਲੋਕਾਂ ਵਿਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਸੜਕ ਸੁਰੱਖਿਆ ਮਹੀਨੇ ਅਧੀਨ ਆਰਟੀਏ ਵਿਭਾਗ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਿੰਡ ਕਰੀਹਾ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ। ਆਰਟੀਏ ਇੰਦਰਪਾਲ ਨੇ ਕਿਹਾ ਕਿ ਸੜਕ ਹਾਦਸੇ ਸਿਰਫ਼ ਅੰਕੜਿਆਂ ਤੱਕ ਸੀਮਿਤ ਨਹੀਂ ਹੁੰਦੇ, ਸਗੋਂ ਇਹ ਅਨੇਕਾਂ ਪਰਿਵਾਰਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਕੀਮਤੀ ਮਨੁੱਖੀ ਜਾਨਾਂ ਦੇ ਨੁਕਸਾਨ ਨਾਲ ਜੁੜੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਸਮਾਜ ਦੇ ਹਰ ਨਾਗਰਿਕ ਦੀ ਵੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ, ਪ੍ਰਸ਼ਾਸਨ ਅਤੇ ਆਮ ਜਨਤਾ ਮਿਲ ਕੇ ਕੰਮ ਨਹੀਂ ਕਰਦੇ, ਤਦ ਤੱਕ ਸੜਕ ਹਾਦਸਿਆਂ ਵਿਚ ਕਮੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ 31 ਜਨਵਰੀ ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਤਹਿਤ ਵੱਖ-ਵੱਖ ਥਾਵਾਂ, ਸਕੂਲਾਂ-ਕਾਲਜਾਂ, ਸੜਕਾਂ ਆਦਿ ਵਿਖੇ ਸੈਮੀਨਾਰ ਤੇ ਹੋਰ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਵਿਸ਼ੇਸ਼ ਤੌਰ ਤੇ ਸਕੂਲਾਂ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਸੰਬੰਧੀ ਸੈਮੀਨਾਰ, ਪੋਸਟਰ ਅਤੇ ਸਲੋਗਨ ਮੁਕਾਬਲੇ, ਕਿਊਜ਼ ਪ੍ਰੋਗਰਾਮ ਅਤੇ ਇੰਟਰ ਐਕਟਿਵ ਸੈਸ਼ਨ ਕਰਵਾਏ ਜਾਣਗੇ। ਤਾਂ ਜੋ ਨੌਜਵਾਨ ਵਰਗ ਨੂੰ ਛੋਟੀ ਉਮਰ ਤੋਂ ਹੀ ਟ੍ਰੈਫਿਕ ਨਿਯਮਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਸੈਮੀਨਾਰ ਦੌਰਾਨ ਦੱਸਿਆ ਕਿ ਸਾਨੂੰ ਡਰਾਈਵਿੰਗ ਦੌਰਾਨ ਹੈਲਮੇਟ ਅਤੇ ਸੀਟ ਬੈਲਟ ਦੀ ਲਾਜ਼ਮੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ। ਸੜਕ ਸੁਰੱਖਿਆ ਇੱਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਹ ਸਿਰਫ਼ ਟ੍ਰੈਫ਼ਿਕ ਪੁਲਿਸ ਜਾਂ ਟਰਾਂਸਪੋਰਟ ਵਿਭਾਗ ਤੱਕ ਸੀਮਿਤ ਨਹੀਂ। ਉਨ੍ਹਾਂ ਨੇ ਜਨਤਾ ਵਿਚ ਸੁਰੱਖਿਅਤ ਸੜਕ ਵਿਹਾਰ ਪੈਦਾ ਕਰਨ ਲਈ ਜਾਗਰੂਕਤਾ ਮੁਹਿੰਮਾ ਨੂੰ ਹੋਰ ਤੇਜ਼ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਸੈਮੀਨਾਰ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ ਵੀ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਸੰਬੰਧੀ ਜਾਗਰੂਕ ਕੀਤਾ। ਪ੍ਰਿੰ. ਸੋਨੀਆ ਵਾਲੀਆ ਨੇ ਆਰਟੀਏ ਵਿਭਾਗ ਵੱਲੋਂ ਕੀਤੇ ਜਾਗਰੂਕਤਾ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਸਟਾਫ਼ ਮੈਂਬਰਾਨ ਵੀ ਹਾਜ਼ਰ ਸਨ।