ਮਨੁੱਖਾ ਜੀਵਨ ਸਫਲਾ ਕਰਨ ਵਾਸਤੇ ਵਿਵਹਾਰ ਠੀਕ ਹੋਣਾ ਜ਼ਰੂਰੀ
ਮਨੁੱਖਾ ਜੀਵਨ ਸਫਲਾ ਕਰਨ ਵਾਸਤੇ ਵਿਵਹਾਰ ਠੀਕ ਹੋਣਾ ਜ਼ਰੂਰੀ-ਮਹੰਤ ਦੇਵੇਂਦਰ ਦਾਸ
Publish Date: Tue, 10 Mar 2026 06:25 PM (IST)
Updated Date: Wed, 11 Mar 2026 04:09 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਦਰਬਾਰ ਗੁਰੂ ਰਾਮ ਰਾਏ ਦੇਹਰਾਦੂਨ ਵਿਖੇ ਚੱਲ ਰਹੇ 6 ਦਿਨਾਂ ਜੋੜ ਮੇਲੇ ਦੌਰਾਨ ਪਹੁੰਚੀਆਂ ਹਜ਼ਾਰਾਂ ਸੰਗਤਾਂ ਨਾਲ ਪ੍ਰਵਚਨ ਕਰਦਿਆਂ ਦਰਬਾਰ ਦੇ 10ਵੇਂ ਗੱਦੀ ਨਸ਼ੀਨ ਸ਼ਹਿਯਾਦਾ ਮਹੰਤ ਦੇਵੇਂਦਰ ਦਾਸ ਨੇ ਕਿਹਾ ਕਿ ਮਨੁੱਖਾ ਜੀਵਨ ਨੂੰ ਸਫਲਾ ਕਰਨ ਵਾਸਤੇ ਇਨਸਾਨ ਦਾ ਵਿਵਹਾਰ ਲੋਕਾਈ ਪ੍ਰਤੀ ਸੱਚਾ-ਸੁੱਚਾ ਅਤੇ ਸਾਫ਼-ਸੁਥਰਾ ਹੋਣਾ ਚਾਹੀਦਾ ਹੈ ਫਿਰ ਹੀ ਇਨਸਾਨ ਪਰਮਾਤਮਾ ਦਾ ਪਿਆਰ ਹਾਸਲ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉੱਚੇ ਆਚਰਣ ਰਾਹੀਂ ਇਨਸਾਨ ਆਪਣੇ ਚੌਗਿਰਦੇ ਵਿਚ ਚੰਗੀਆਂ ਸੰਭਾਵਨਾਵਾਂ ਪੈਦਾ ਕਰਕੇ ਲੋਕਾਈ ਵਾਸਤੇ ਸੁਖਾਵੇਂ ਵਾਤਾਵਰਣ ਦੀ ਸਿਰਜਣਾ ਕਰਨ ਵਿਚ ਕੁਦਰਤ ਦਾ ਸਹਿਯੋਗੀ ਬਣਦਾ ਰਹੇ ਤੇ ਦੂਸਰਿਆਂ ਨਾਲ ਵਾਰਤਾਲਾਪ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੇ ਕਿ ਜਿਸ ਤਰ੍ਹਾਂ ਦੇ ਵਰਤਾਓ ਅਤੇ ਸ਼ਬਦ ਸੁਣਨ ਦੀ ਅਸੀਂ ਇੱਛਾ ਰੱਖਦੇ ਹਾਂ। ਸਾਨੂੰ ਵੀ ਉਸੇ ਤਰ੍ਹਾਂ ਦਾ ਸ਼ਬਦ ਵਰਤਾਓ ਕਰਨਾ ਚਾਹੀਦਾ ਹੈ। ਤਾਂ ਹੀ ਸਾਡੇ ਵਾਸਤੇ ਚੰਗੀਆਂ ਸੰਭਾਵਨਾਵਾਂ ਪੈਦਾ ਹੋਣ ਦੀ ਆਸ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੀਵਨ ਸ਼ੈਲੀ ਨੂੰ ਸੁੱਧ ਬਣਾਉਣ ਵਾਸਤੇ ਚੰਗੇ ਕਾਰਜਾਂ ਵਿਚ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਆਪਣੇ ਕੰਮ ਨੂੰ ਬੜੇ ਹੀ ਸ਼ਰਧਾ ਸਤਿਕਾਰ ਅਤੇ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ।।ਉਨ੍ਹਾਂ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਮਨੁੱਖ ਵਾਸਤੇ ਸਹੀ ਆਹਾਰ ਬਨਸਪਤੀ ਤੋਂ ਤਿਆਰ ਹੀ ਠੀਕ ਮੰਨਿਆ ਗਿਆ ਹੈ।ਤੇ ਸਾਡੇ ਪੁਰਾਤਨ ਗ੍ਰੰਥਾਂ ਵਿਚ ਲਿਖਿਆ ਹੈ ਕਿ ਮਨੁੱਖੀ ਸਰੀਰ ਵਾਸਤੇ ਆਹਾਰ ਮਾਸਾਹਾਰੀ ਨਾ ਹੋ ਕੇ ਸ਼ਾਕਾਹਾਰੀ ਹੋਣਾ ਚਾਹੀਦੀ ਹੈ। ਉਨ੍ਹਾਂ ਕਿਹਾ ਨਸ਼ੇ ਤੋਂ ਮਨੁੱਖ ਨੂੰ ਦੂਰ ਰਹਿਣਾ ਚਾਹੀਦਾ ਹੈ। ਸੰਤੁਲਿਤ ਅਤੇ ਸ਼ਾਕਾਹਾਰੀ ਆਹਾਰ ਸਾਡੇ ਆਚਾਰ ਅਤੇ ਵਿਵਹਾਰ ਨੂੰ ਵੀ ਠੀਕ ਰੱਖਣ ਵਿਚ ਸਹਾਈ ਹੁੰਦਾ ਹੈ। ਇਸ ਮੌਕੇ ਹਜ਼ਾਰਾਂ ਸੰਗਤਾਂ ਨੇ ਹੱਥ ਖੜੇ ਕਰਕੇ ਮਹੰਤ ਦੇਵੇਂਦਰ ਦਾਸ ਦੇ ਪ੍ਰਵਚਨਾਂ ਨਾਲ ਸਹਿਮਤੀ ਪ੍ਰਗਟਾਈ।