ਜ਼ਿਲ੍ਹੇ ’ਚ ਜਨਗਣਨਾ-2027 ਸੰਬੰਧੀ ਫੀਲਡ ਟ੍ਰੇਨਰਜ਼ ਟ੍ਰੇਨਿੰਗ ਆਰੰਭ
ਜ਼ਿਲ੍ਹੇ 'ਚ ਜਨਗਣਨਾ-2027 ਸੰਬੰਧੀ ਤਿੰਨ ਰੋਜ਼ਾ ਫੀਲਡ ਟ੍ਰੇਨਰਜ਼ ਟ੍ਰੇਨਿੰਗ ਆਰੰਭ
Publish Date: Mon, 13 Apr 2026 04:02 PM (IST)
Updated Date: Tue, 14 Apr 2026 04:01 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ,
ਨਵਾਂਸ਼ਹਿਰ : ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਦੇਸ਼ ਭਰ ਅੰਦਰ ਜਨਗਣਨਾ-2027 ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫ਼ਸਰ ਦੀ ਅਗਵਾਈ ਹੇਠ ਤਿੰਨ ਰੋਜ਼ਾ ਫੀਲਡ ਟ੍ਰੇਨਰਜ਼ ਦੀ ਸਿਖਲਾਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਈ ਜਾ ਰਹੀ ਹੈ। ਟ੍ਰੇਨਰਜ਼ ਦੀ ਸਿਖਲਾਈ ਹਰਜਿੰਦਰ ਸਿੰਘ ਗਿੱਲ ਮਾਸਟਰ ਟ੍ਰੇਨਰ, ਲੈਕ. ਕਾਮਰਸ, ਸਤਨਾਮ ਸਿੰਘ ਮਾਸਟਰ ਟ੍ਰੇਨਰ ਲੈਕ. ਬਾਇਓਲੋਜੀ, ਰੇਨੂੰ ਅਸਿਸਟੈਂਟ ਡਾਇਰੈਕਟਰ, ਡੀਸੀਓ ਸ਼ਹੀਦ ਭਗਤ ਸਿੰਘ ਨਗਰ, ਵਿਕਾਸ ਜ਼ਿਲ੍ਹਾ ਕੋਆਰਡੀਨੇਟਰ, ਸੁਖਵਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਨੇ ਦਿੱਤੀ। ਫੀਲਡ ਟ੍ਰੇਨਰਾਂ ਨੂੰ ਜਨਗਣਨਾ-2027 ਦੀ ਪੂਰੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਕਿ ਘਰ-ਘਰ ਜਾ ਕੇ ਜਨਗਣਨਾ ਕਿਵੇਂ ਕਰਨੀ ਹੈ, ਡਾਟਾ ਕਿਵੇਂ ਇਕੱਠਾ ਕਰਨਾ ਹੈ ਅਤੇ ਮੋਬਾਈਲ ਐਪ ਦੀ ਵਰਤੋਂ ਕਿਵੇਂ ਕਰਨੀ ਹੈ। ਡਿਜ਼ੀਟਲ ਜਨਗਣਨਾ 1872 ਵਿਚ ਸ਼ੁਰੂ ਹੋਈ ਜਨਗਣਨਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਜਨਗਣਨਾ ਪੂਰੀ ਤਰ੍ਹਾਂ ਡਿਜ਼ੀਟਲ ਮੋਡ ਵਿਚ ਕੀਤੀ ਜਾਵੇਗੀ। ਇਸ ਵਾਰ ਕੋਈ ਵੀ ਕਾਗਜ਼ੀ ਕਾਰਵਾਈ ਨਹੀਂ ਹੋਵੇਗੀ।ਸਾਰਾ ਡਾਟਾ ਮੋਬਾਈਲ ਐਪਲੀਕੇਸ਼ਨ ਰਾਹੀਂ ਇਕੱਠਾ ਕੀਤਾ ਜਾਵੇਗਾ ਜਿਸ ਕਰਕੇ ਕੰਮ ਵਿਚ ਪਾਰਦਰਸ਼ਤਾ ਆਵੇਗੀ ਅਤੇ ਸਮਾਂ ਵੀ ਬਚੇਗਾ। ਹਰਜਿੰਦਰ ਸਿੰਘ ਗਿੱਲ ਮਾਸਟਰ ਟ੍ਰੇਨਰ ਨੇ ਦੱਸਿਆ ਕਿ ਟ੍ਰੇਨਿੰਗ ਲੈਣ ਵਾਲੇ ਫੀਲਡ ਟ੍ਰੇਨਰ ਅੱਗੇ ਬਲਾਕ ਪੱਧਰ 'ਤੇ ਗਿਣਤੀਕਾਰਾਂ ਨੂੰ ਸਿਖਲਾਈ ਦੇਣਗੇ ਤਾਂ ਜੋ ਜਨਗਣਨਾ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਸਕੇ।