ਵਰਮਾ ਕੁਲੈਕਸ਼ਨ ਦੇ ਮਾਲਕ ’ਤੇ ਗੋਲ਼ੀ ਚਲਾਉਣ ਵਾਲੇ ਤਿੰਨ ਕਾਬੂ
ਵਰਮਾ ਕੁਲੈਕਸ਼ਨ ਦੇ ਮਾਲਕ ਦੇ ਗੋਲੀ ਚਲਾਉਣ ਵਾਲੇ ਤਿੰਨ ਕਾਬੂ-ਐੱਸਐੱਸਪੀ
Publish Date: Mon, 05 Jan 2026 05:04 PM (IST)
Updated Date: Mon, 05 Jan 2026 05:05 PM (IST)

32 ਬੋਰ ਦਾ ਪਿਸਟਲ, 9 ਐੱਮਐੱਮ ਦਾ ਮੈਗਜ਼ੀਨ ਤੇ 30 ਬੋਰ ਦਾ ਪਿਸਟਲ ਬਿਨਾਂ ਮੈਗਜ਼ੀਨ ਬਰਾਮਦ : ਐੱਸਐੱਸਪੀ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਨਿੱਜੀ ਰੰਜਿਸ਼ ਕਰਕੇ ਵਰਮਾ ਕੁਲੈਕਸ਼ਨ ਦੇ ਮਾਲਕ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਥਾਣਾ ਸਿਟੀ ਅਤੇ ਸੀਆਈਏ ਸਟਾਫ਼ ਦੀ ਪੁਲਿਸ ਨੇ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ 27 ਦਸੰਬਰ ਨੂੰ ਵਰਮਾ ਕੁਲੈਕਸ਼ਨ ਰੈਡੀਮੇਡ ਕੱਪੜੇ ਵਾਲੇ ਦੀ ਦੁਕਾਨ ਨਵਾਂਸ਼ਹਿਰ ਵਿਖੇ ਇਕ ਬੁਲੇਟ ਸਵਾਰ 2 ਨੌਜਵਾਨਾਂ ਵੱਲੋਂ ਦੁਕਾਨ ਦੇ ਮਾਲਕ ਰਵੀ ਵਰਮਾ ਨੂੰ ਗੋਲ਼ੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋਏ ਸਨ, ਜਿਸ ਤੇ ਵਰਮਾ ਕੁਲੈਕਸ਼ਨ ਦੇ ਮਾਲਕ ਰਵੀ ਕੁਮਾਰ ਪੁੱਤਰ ਜੀਵਨ ਲਾਲ ਵਾਸੀ ਸ਼ਿਵ ਕਾਲੋਨੀ ਦੇ ਬਿਆਨਾਂ ’ਤੇ ਜਸਕਰਨ ਸਿੰਘ ਉਰਫ਼ ਕੱਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਕੁੱਕੜ ਮਜਾਰਾ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਵਿਦੇਸ਼ ਅਮਰੀਕਾ ਅਤੇ ਦੋ ਅਣਪਛਾਤੇ ਬੁਲਟ ਮੋਟਰ ਸਾਈਕਲ ਸਵਾਰ ਨੌਜਵਾਨਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮੌਕੇ ਐੱਸਪੀ ਜਾਂਚ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਨਵਾਂਸ਼ਹਿਰ ਰਾਜ ਕੁਮਾਰ, ਪੁਲਿਸ ਥਾਣਾ ਸਿਟੀ ਦੇ ਐੱਸਐੱਚਓ ਅਵਤਾਰ ਸਿੰਘ, ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਨੀਰਜ ਚੌਧਰੀ ਸਮੇਤ ਹੋਰ ਪੁਲਿਸ ਪਾਰਟੀ ਹਾਜ਼ਰ ਸਨ। ਤਫਤੀਸ਼ ਦੌਰਾਨ ਮੁਲਜ਼ਮਾਂ ਦੀ ਸ਼ਨਾਖਤ ਸੁਖਜਿੰਦਰ ਸਿੰਘ ਉਰਫ ਬੌਬੀ ਪੁੱਤਰ ਸੰਤੋਖ ਸਿੰਘ ਵਾਸੀ ਰਾਮਪੁਰ ਲੱਲੀਆਂ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਅਤੇ ਰਣਵੀਰ ਸਿੰਘ ਉਰਫ ਰੈਂਬੋ ਪੁੱਤਰ ਅਵਤਾਰ ਸਿੰਘ ਵਾਸੀ ਵਿਸ਼ੇਸ਼ਰਪੁਰ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਸੀ। ਜਦੋਂ ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਅਵਤਾਰ ਸਿੰਘ ਤੇ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਨੀਰਜ ਚੌਧਰੀ ਦੀ ਅਗਵਾਈ ਵਿਚ ਪੁਲਿਸ ਟੀਮਾਂ ਇਨ੍ਹਾਂ ਕਥਿਤ ਮੁਲਜ਼ਮਾਂ ਦੀ ਭਾਲ ਵਿਚ ਰਵਾਨਾ ਹੋਈਆਂ ਤਾਂ ਸੂਚਨਾ ਮਿਲੀ ਕਿ ਕਥਿਤ ਮੁਲਜ਼ਮ ਫਿਰ ਤੋਂ ਵਰਮਾ ਕੁਲੈਕਸ਼ਨ ਨਵਾਂਸ਼ਹਿਰ ਦੀ ਦੁਕਾਨ ਤੇ ਦੁਬਾਰਾ ਫਾਇਰਿੰਗ ਕਰਨ ਲਈ ਡ੍ਰੀਮਲੈਂਡ ਰਿਜ਼ੋਰਟ ਬੰਗਾ ਰੋਡ ਪਿੰਡ ਕਰੀਹਾ ਸਾਈਡ ਨੂੰ ਜਾਂਦੀ ਸੜਕ ਤੇ ਇਕੱਠਾ ਹੋ ਰਹੇ ਹਨ, ਜਿਸ ’ਤੇ ਪੁਲਿਸ ਰਵਾਨਾ ਹੋਈ। ਇਸ ਦੌਰਾਨ ਸੁਖਜਿੰਦਰ ਸਿੰਘ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਕਾਰਵਾਈ ਵਿਚ ਜ਼ਖ਼ਮੀ ਹੋਇਆ। ਉਸਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਆਪਣੇ ਸਾਥੀ ਰਣਵੀਰ ਸਿੰਘ ਉਰਫ਼ ਰੈਂਬੋ ਅਤੇ ਇਕ ਹੋਰ ਸਾਥੀ ਹਰਜੀਤ ਸਿੰਘ ਭੰਡਾਲ ਵਾਸੀ ਚਿੱਟੀ ਜ਼ਿਲ੍ਹਾ ਜਲੰਧਰ ਜੋ ਇੰਗਲੈਂਡ ਵਿਚ ਰਹਿੰਦਾ ਹੈ ਦੇ ਕਹਿਣ ਤੇ ਮਿਤੀ 27 ਦਸੰਬਰ ਨੂੰ ਆਪਣੇ ਦੋ ਸਾਥੀਆਂ ਰਣਵੀਰ ਸਿੰਘ ਉਰਫ਼ ਰੈਂਬੋ ਅਤੇ ਅਦਿੱਤਿਆ ਉਰਫ਼ ਨੰਨੂੰ ਵਾਸੀ ਕਲਿਆਣਪੁਰ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਨਾਲ ਵਰਮਾ ਕੁਲੈਕਸ਼ਨ ਨਵਾਂਸ਼ਹਿਰ ਦੀ ਦੁਕਾਨ ਤੇ ਫਾਇਰਿੰਗ ਕਰਨ ਲਈ ਆਇਆ ਸੀ। ਪੁਲਿਸ ਨੇ ਕਥਿਤ ਮੁਲਜ਼ਮਾਂ ਰਣਵੀਰ ਸਿੰਘ ਉਰਫ਼ ਰੈਂਬੋ ਅਤੇ ਆਦਿੱਤਿਆ ਨੰਨੂੰ ਨੂੰ ਮਿਤੀ 3 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ। ਜਿਨ੍ਹਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਰਣਵੀਰ ਰੈਂਬੋ ਦਾ ਸਾਥੀ ਹਰਜੀਤ ਭੰਡਾਲ ਵਾਸੀ ਚਿੱਟੀ ਜੋ ਇੰਗਲੈਂਡ ਗਿਆ ਹੈ, ਮੁਕੱਦਮਾ ਦੇ ਕਥਿਤ ਮੁਲਜ਼ਮ ਜਸਕਰਨ ਸਿੰਘ ਉਰਫ਼ ਕੱਨੂੰ ਵਾਸੀ ਕੁੱਕੜ ਮਜਾਰਾ ਜੋ ਵੀ ਮੌਜੂਦਾ ਸਮੇਂ ਅਮਰੀਕਾ ਵਿਚ ਰਹਿੰਦਾ ਹੈ ਦੇ ਸੰਪਰਕ ਵਿਚ ਸੀ। ਕਥਿਤ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਇਹ ਵੀ ਪਾਇਆ ਗਿਆ ਕਿ ਮਿਤੀ 27 ਦਸੰਬਰ ਨੂੰ ਜਲੰਧਰ ਵੈਸਟ ਇਲਾਕੇ ਵਿਚ ਇਕ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਵਿਚ ਕਾਮਯਾਬ ਨਹੀਂ ਹੋਏ ਤੇ ਇਸ ਵਾਰਦਾਤ ਵਿਚ ਇਨ੍ਹਾਂ ਦੇ 30 ਬੋਰ ਦੇ ਪਿਸਟਲ ਦਾ ਮੈਗਜ਼ੀਨ ਸੁਨਿਆਰ ਦੀ ਦੁਕਾਨ ਤੇ ਡਿੱਗ ਗਿਆ ਸੀ। ਜੋ ਜਲੰਧਰ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ। ਜਿਸ ਤੋਂ ਬਾਅਦ ਇਨ੍ਹਾਂ ਨੇ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਹਥਿਆਰਾਂ ਦੀ ਨੋਕ ਤੇ ਤਿੰਨ ਪੈਟਰੋਲ ਪੰਪਾਂ ਤੋਂ ਨਗਦੀ ਲੁੱਟੀ ਸੀ। ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਵੀ ਸੁਲਝਾ ਲਏ ਗਏ ਹਨ। ਮੁਕੱਦਮੇ ਵਿਚ ਮੁਲਜ਼ਮਾਂ ਵੱਲੋਂ ਵਰਤੇ ਗਏ ਹਥਿਆਰਾਂ ਵਿਚੋਂ ਪਿਸਟਲ 32 ਬੋਰ, 9 ਐਮਐਮ ਦਾ ਮੈਗਜ਼ੀਨ ਅਤੇ 30 ਬੋਰ ਦਾ ਪਿਸਟਲ ਬਿਨਾਂ ਮੈਗਜ਼ੀਨ ਬਰਾਮਦ ਕੀਤਾ ਗਿਆ ਹੈ। ਦੋ ਮੁਲਜ਼ਮ ਹਰਜੀਤ ਭੰਡਾਲ ਇੰਗਲੈਂਡ ਅਤੇ ਜਸਕਰਨ ਸਿੰਘ ਉਰਫ਼ ਕੰਨੂੰ ਅਮਰੀਕਾ ਵਿਚ ਹਨ।