ਖਰੌੜ ਵਿਖੇ ਤੀਜਾ ਫੁੱਟਬਾਲ ਕੱਪ ਸ਼ਾਨੋ-ਸ਼ੌਕਤ ਨਾਲ ਸ਼ੁਰੂ
ਖਰੌੜ ਵਿਖੇ ਤੀਜਾ ਫੁੱਟਬਾਲ ਕੱਪ ਸ਼ਾਨੋ-ਸ਼ੌਕਤ ਨਾਲ ਸ਼ੁਰੂ
Publish Date: Sat, 14 Mar 2026 04:54 PM (IST)
Updated Date: Sun, 15 Mar 2026 04:04 AM (IST)

ਡੀਐੱਸਪੀ ਹੇਮੰਤ ਮਲਹੋਤਰਾ ਨੇ ਮੈਚ ਦਾ ਕੀਤਾ ਉਦਘਾਟਨ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪਿੰਡ ਖਰੌੜ ਵਿਖੇ ‘ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ‘ਵੱਲੋਂ ਇਲਾਕਾ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਤੀਜਾ ਫੁੱਟਬਾਲ ਕੱਪ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। 12 ਤੋਂ 15 ਮਾਰਚ ਤੱਕ ਚੱਲਣ ਵਾਲੇ ਇਸ ਚਾਰ ਰੋਜ਼ਾ ਖੇਡ ਮੇਲੇ ਦੇ ਅੱਜ ਵਿਸ਼ੇਸ਼ ਮਹਿਮਾਨ ਵਜੋਂ ਡੀਐੱਸਪੀ ਬਲਾਚੌਰ ਹੇਮੰਤ ਮਲਹੋਤਰਾ ਸ਼ਾਮਲ ਹੋਏ। ਉਨ੍ਹਾਂ ਨੇ ਰਿਬਨ ਕੱਟ ਕੇ ਮੈਚਾਂ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ। ਸਗੋਂ ਇਹ ਪਰਿਵਾਰ ਦੀ ਖੁਸ਼ੀ ਅਤੇ ਜੀਵਨ ਵਿਚ ਤਰੱਕੀ ਦਾ ਮੁੱਖ ਗੁਰ ਹਨ। ਦੱਸਣਯੋਗ ਹੈ ਕਿ ਇਸ ਟੂਰਨਾਮੈਂਟ ਵਿਚ ਜੇਤੂ ਟੀਮ ਲਈ 71,000 ਰੁਪਏ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਲਈ 51,000 ਰੁਪਏ ਦਾ ਨਕਦ ਇਨਾਮ ਰੱਖਿਆ ਗਿਆ ਹੈ। ਸਮਾਗਮ ਦੌਰਾਨ ਪਿੰਡ ਦੀ ਗ੍ਰਾਮ ਪੰਚਾਇਤ ਮੋਹਣ ਲਾਲ ਬੰਗੜ ਸਰਪੰਚ, ਲਖਵਿੰਦਰ ਮਾਰਵਾ, ਬਲਵੀਰ ਗਿੱਲ, ਸੰਦੀਪ ਬੰਗੜ ਅਤੇ ਕਲੱਬ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਡੀਐੱਸਪੀ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਅਤੇ ਪਿੰਡ ਵਾਸੀ ਹਾਜ਼ਰ ਸਨ।