ਕਿਰਤੀ ਧਿਰ ਸਾਮਰਾਜ ਤੇ ਕਾਰਪੋਰੇਟ ਦੀ ਅੰਨ੍ਹੀ ਲੁੱਟ ਰੋਕਣ ਦੇ ਸਮਰੱਥ
ਕਿਰਤੀ ਧਿਰ ਸਾਮਰਾਜ ਅਤੇ ਕਾਰਪੋਰੇਟ ਦੀ ਅੰਨੀ ਲੁੱਟ ਰੋਕਣ ਦੇ ਸਮਰੱਥ
Publish Date: Fri, 20 Feb 2026 04:44 PM (IST)
Updated Date: Sat, 21 Feb 2026 04:04 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਪੰਜਾਬ ਅੰਦਰ ਰਾਜਨੀਤਕ ਧਿਰਾਂ, ਰੋਜਗਾਰ, ਸਿਹਤ ਸੇਵਾਵਾਂ, ਵਿੱਦਿਆ, ਸ਼ੁੱਧ ਪਾਣੀ, ਭ੍ਰਿਸ਼ਟਾਚਾਰ ਰਹਿਤ ਅਤੇ ਪਾਰਦਰਸ਼ੀ ਪ੍ਰਸ਼ਾਸਨ, ਖੇਤੀ ਅਤੇ ਸਨਅਤੀਕਰਨ ਨੂੰ ਆਪਣਾ ਮੁੱਖ ਏਜੰਡਾ ਬਣਾਉਣ।12 ਫਰਵਰੀ ਦੀ ਦੇਸ਼ ਵਿਆਪੀ ਸਫ਼ਲ ਹੜਤਾਲ ਨੇ ਸਾਬਤ ਕਰ ਦਿੱਤਾ ਹੈ ਕਿ ਕਿਰਤੀ ਧਿਰ, ਸਾਮਰਾਜ ਅਤੇ ਕਾਰਪੋਰੇਟ ਦੀ ਅੰਨ੍ਹੀ ਲੁੱਟ ਨੂੰ ਰੋਕਣ ਦੇ ਸਮਰੱਥ ਹੈ। ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਨੂੰ ਰੋਕਣ, ਮਨਰੇਗਾ ਕਾਨੂੰਨ ਦੀ ਬਹਾਲੀ, ਚਾਰ ਲੇਬਰ ਕੋਡ ਰੱਦ ਕਰਵਾਉਣ ਲਈ ਅਤੇ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਵਾਉਣ ਲਈ ਕਿਸਾਨ, ਮਜ਼ਦੂਰ, ਮੁਲਾਜ਼ਮਾਂ ਤੇ ਕਿਰਤੀ ਲੋਕਾਂ ਦਾ ਵਿਸ਼ਾਲ ਏਕਾ ਸੰਘਰਸ਼ਾਂ ਰਾਹੀਂ ਕੇਂਦਰ ਸਰਕਾਰ ਨੂੰ ਮਜ਼ਬੂਰ ਕਰ ਦੇਣਗੇ ਕਿ ਉਹ ਲੋਕਾਂ ਦੇ ਹਿੱਤ ਦੇ ਫ਼ੈਸਲੇ ਲਵੇ। ਪੰਜਾਬ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਰਪੋਰੇਟ ਪੱਖੀ ਧਿਰਾਂ ਲੋਕਾਂ ਦੇ ਅਸਲ ਮੁੱਦੇ ਜਿਵੇਂ ਰੋਜ਼ਗਾਰ, ਸਿਹਤ ਸੇਵਾਵਾਂ, ਵਿਦਿਆ, ਸ਼ੁੱਧ ਪਾਣੀ ਅਤੇ ਹਵਾ, ਭ੍ਰਿਸ਼ਟਾਚਾਰ ਮੁਕਤ ਤੇ ਪਾਰਦਰਸ਼ੀ ਪ੍ਰਸ਼ਾਸਨ, ਮਾਫੀਆ, ਗੁੰਡਾ ਰਾਜ ਅਤੇ ਨਸ਼ਾ ਮੁਕਤੀ ਦੇ ਮੁੱਦਿਆਂ ਤੇ ਗੱਲ ਕਰਨ ਦੀ ਬਜਾਏ ਬੇਲੋੜੇ ਮੁੱਦੇ ਉਛਾਲ ਕੇ ਲੋਕਾਂ ਦਾ ਧਿਆਨ ਭਟਕਾਉਂਦੇ ਹਨ। ਇਨ੍ਹਾਂ ਰਾਜਨੀਤਿਕ ਲੋਕਾਂ ਦਾ ਮਕਸਦ ਕੇਵਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸੇ ਨਾ ਕਿਸੇ ਢੰਗ ਨਾਲ ਜਿੱਤ ਹਾਸਲ ਕਰਨੀ ਹੈ।ਪਰ ਕਿਰਤੀ ਧਿਰ ਸੰਘਰਸ਼ਾਂ ਰਾਹੀਂ ਘੇਰ ਕੇ ਅਸਲ ਮੁੱਦਿਆਂ ਤੇ ਲੈ ਕੇ ਆਵੇਗੀ। ਉਨ੍ਹਾਂ ਦੱਸਿਆ ਕਿ ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਛੇਤੀ ਹੀ ਅਗਲੇ ਸੰਘਰਸ਼ ਦਾ ਐਲਾਨ ਕਰਨਗੀਆਂ ਤੇ ਮਾਰਚ ਦੇ ਪਹਿਲੇ ਹਫ਼ਤੇ ਵਿਚ ਸਰਗਰਮ ਵਰਕਰਾਂ ਦੀਆਂ ਤਹਿਸੀਲ ਪੱਧਰੀ ਜਨਰਲ ਬਾਡੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਨ੍ਹਾਂ ਨੂੰ ਸੂਬਾਈ ਆਗੂ ਸੰਬੋਧਨ ਕਰਨਗੇ। ਅੰਤ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਨਅਤੀ ਖੇਤਰ ਵਿਚ ਤੇਜ਼ੀ ਨਾਲ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾਣ। ਇਸ ਮੌਕੇ ਸਾਥੀ ਕਰਨੈਲ ਸਿੰਘ ਭੱਲਾ, ਸਤਪਾਲ ਸਿੰਘ, ਮਨੋਹਰ ਲਾਲ, ਪ੍ਰਤਾਪ ਸਿੰਘ ਰਾਣਾ, ਮਾ. ਮੋਹਨ ਚੰਦ, ਜਗਦੀਸ਼ ਰਾਏ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।