ਰੁੱਤਾਂ ਦੀ ਰਾਣੀ 'ਬਸੰਤ ਰੁੱਤ'
ਰੁੱਤਾਂ ਦੀ ਰਾਣੀ 'ਬਸੰਤ ਰੁੱਤ'
Publish Date: Thu, 22 Jan 2026 06:31 PM (IST)
Updated Date: Fri, 23 Jan 2026 04:13 AM (IST)

ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਆਈ ਬਸੰਤ ਪਾਲਾ ਉਡੰਤ ਇਹ ਕਹਾਵਤ ਪੰਜਾਬ ਦੇ ਲੋਕਾਂ ਦੇ ਮੁੱਖ ਤੋਂ ਬੀਤੇ ਸਮੇਂ ਤੋਂ ਸੁਣਦੇ ਆ ਰਹੇ ਹਾਂ। ਭਾਰਤ ਨੂੰ ਰੁੱਤਾਂ ਦਾ ਦੇਸ਼ ਕਿਹਾ ਜਾਂਦਾ ਹੈ। ਇੱਥੇ ਸਾਰੇ ਸਾਲ ਦੌਰਾਨ ਵੱਖ-ਵੱਖ ਰੁੱਤਾਂ ਆਪਣੇ ਸਮੇਂ ਅਨੁਸਾਰ ਆਉਂਦੀਆਂ-ਜਾਂਦੀਆਂ ਹਨ। ਹਰ ਰੁੱਤ ਆਪਣੀ ਜਗ੍ਹਾ ਸੁਹਾਵਣੀ ਹੈ ਪਰ ਇਨ੍ਹਾਂ ਸਾਰੀਆਂ ਰੁੱਤਾਂ ’ਚੋਂ ਬਸੰਤ ਰੁੱਤ ਸਭ ਤੋਂ ਵਧੇਰੇ ਹਰਮਨ ਪਿਆਰੀ ਰੁੱਤ ਮੰਨੀ ਜਾਂਦੀ ਹੈ। ਇਸ ਰੁੱਤ ਨੂੰ ਸਾਰੀਆਂ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਇਸ ਰੁੱਤ ’ਚ ਨਾ ਜ਼ਿਆਦਾ ਗਰਮੀ ਤੇ ਨਾ ਜ਼ਿਆਦਾ ਸਰਦੀ ਹੁੰਦੀ ਹੈ। ਇਸ ਰੁੱਤ ’ਚ ਮੌਸਮ ਬੜਾ ਸੁਹਾਵਣਾ ਹੁੰਦਾ ਹੈ। ਬਸੰਤ ਰੁੱਤ ਦੇ ਆਉਣ ਨਾਲ ਪ੍ਰਕਿਰਤੀ ਦੇ ਅੰਗ-ਅੰਗ ’ਚ ਖੁਸ਼ੀ ਦਾ ਪਸਾਰਾ ਅਨੁਭਵ ਕੀਤਾ ਜਾਂਦਾ ਹੈ। ਬਸੰਤ ਰੁੱਤ ਦੇ ਆਉਣ ਨਾਲ ਮਨੁੱਖੀ ਮਨ ਦੀਆਂ ਸੁੱਤੀਆਂ ਸੱਧਰਾਂ ਜਾਗ ਜਾਂਦੀਆਂ ਹਨ। ਪਸ਼ੂਆਂ ਤੇ ਪੰਛੀਆਂ ’ਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਬਸੰਤ ਰੁੱਤ ’ਚ ਚਾਰੇ ਪਾਸੇ ਹਰਿਆਲੀ ਵਿਖਾਈ ਦਿੰਦੀ ਹੈ ਤੇ ਫ਼ਸਲਾਂ ਵੀ ਪੂਰੇ ਜੋਬਨ ’ਤੇ ਹੁੰਦੀਆਂ ਹਨ। ਖੇਤਾਂ ’ਚ ਸਰੋਂ ਦੇ ਪੀਲੇ-ਪੀਲੇ ਫੁੱਲ ਖਿੜੇ ਹੁੰਦੇ ਹਨ, ਜਿਵੇਂ ਪੀਲਾ ਰੰਗ ਖੇਤਾਂ ’ਚ ਡੁੱਲਿਆ ਹੋਵੇ। ਇਹ ਨਜ਼ਾਰਾ ਦੇਖਣ ਨੂੰ ਬਹੁਤ ਸੁੰਦਰ ਤੇ ਮਨਮੋਹਕ ਲੱਗਦਾ ਹੈ। ਦਰੱਖ਼ਤਾਂ ’ਤੇ ਨਵੀਆਂ-ਨਵੀਆਂ ਕਰੂੰਬਲਾਂ ਫੁੱਟਣ ਲੱਗ ਪੈਂਦੀਆਂ ਹਨ। ਇਸ ਰੁੱਤ ’ਚ ਬਾਗਾਂ ’ਚ ਹਰ ਪਾਸੇ ਹਰਿਆਲੀ ਵਿਖਾਈ ਦਿੰਦੀ ਹੈ। ਅੰਬਾਂ ਦੇ ਰੁੱਖਾਂ ਨੂੰ ਬੂਰ ਪੈ ਜਾਂਦਾ ਹੈ ਭੌਰੇ ਫੁੱਲਾਂ ਦਾ ਰਸ ਚੂਸ ਕੇ ਮਿੱਠੀਆਂ ਧੁੰਨਾਂ ’ਚ ਗੀਤ ਗਾਉਂਦੇ ਹਨ। ਧਾਰਮਿਕ ਪੱਖ ਤੋਂ ਦੇਖਿਆ ਜਾਵੇ ਤਾਂ ਬਸੰਤ ਰਾਗ ਮਾਘੀ ਵਾਲੇ ਦਿਨ ਤੋਂ ਹਰ ਗੁਰੂ ਘਰ ’ਚ ਸ਼ੁਰੂ ਕੀਤਾ ਜਾਂਦਾ ਹੈ, ਜੋ ਕਿ ਹੋਲੇ-ਮਹੱਲੇ ਤੱਕ ਗਾਇਆ ਜਾਂਦਾ ਹੈ। ਮਾਘੀ ਦੀ ਸੰਗਰਾਂਦ ਨੂੰ ਬਸੰਤ ਰਾਗ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਹੋਲੇ-ਮਹੱਲੇ ਵਾਲੇ ਦਿਨ ਬਸੰਤ ਰਾਗ ਦੀ ਸੁਖ-ਆਸਨ ਸੇਵਾ ਕੀਤੀ ਜਾਂਦੀ ਹੈ। ਬਸੰਤ ਰੁੱਤ ਦੇ ਸ਼ੁਰੂ ਹੋਣ ਨਾਲ ਬੱਚੇ ਤੇ ਨੌਜਵਾਨ ਪਤੰਗ ਉਡਾਉਂਦੇ ਹਨ। ਪਤੰਗਬਾਜ਼ੀ ਨੂੰ ਦੇਖ ਕੇ ਹਰ ਇੱਕ ਦਾ ਮਨ ਖੁਸ਼ ਹੁੰਦਾ ਹੈ। ਪਤੰਗਾਂ ਦੇ ਪੇਚੇ ਲਾਏ ਜਾਂਦੇ ਹਨ। ਇੱਕ-ਦੂਜੇ ਦੇ ਪਤੰਗਾਂ ਨੂੰ ਕੱਟਿਆ ਜਾਂਦਾ ਹੈ। ਅਜੋਕੇ ਸਮੇਂ ’ਚ ਇੱਕ ਦੁੱਖਦਾਈ ਪਹਿਲੂ ਉਭਰ ਕੇ ਸਾਹਮਣੇ ਆਇਆ ਹੈ। ਪਿਛਲੇ ਲੰਮੇ ਸਮੇਂ ਤੋਂ ਬਾਜ਼ਾਰਾਂ ’ਚ ਗੈਰ-ਕਾਨੂੰਨੀ ਢੰਗ ਨਾਲ ਵੇਚੀਆਂ ਜਾ ਰਹੀਆਂ ਚਾਈਨਾ ਡੋਰਾਂ ਮਨੁੱਖੀ ਜੀਵਨ ਤੇ ਪਸ਼ੂ-ਪੰਛੀਆਂ ਲਈ ਬਹੁਤ ਘਾਤਕ ਸਿੱਧ ਹੋ ਰਹੀਆਂ ਹਨ। ਦਿਲ ਕੰਬਾਊ ਹਾਦਸੇ ਸਾਹਮਣੇ ਆ ਰਹੇ ਹਨ। ਇੰਝ ਪ੍ਰਤੀਤ ਹੁੰਦਾ ਹੈ ਕਿ ਪੰਜਾਬੀਆਂ ਦਾ ਇਹ ਤਿਉਹਾਰ ਮਨੁੱਖ ਤੇ ਪੰਛੀਆਂ ਲਈ ਖ਼ਤਰਾ ਬਣ ਗਿਆ ਹੈ। ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮੀ ਸਿੱਧ ਕਰਦੀ ਹੈ, ਉੱਥੇ ਇਸ ਦੀ ਵਰਤੋਂ ਕਰਨੀ ਅਣਗਹਿਲੀ ਦੀ ਵੱਡੀ ਉਦਾਹਰਨ ਹੈ। ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਕੱਚੀ ਡੋਰ ਨਾਲ ਪਤੰਗ ਉਡਾ ਕੇ ਆਪਣੇ ਸ਼ੌਕ ਨੂੰ ਪੂਰਾ ਕਰਨ ਦੀ ਸਮਾਜ-ਸੇਵੀ ਅਪੀਲ ਕਰ ਰਹੇ ਹਨ, ਜਿਸ ਨਾਲ ਪ੍ਰਕਿਰਤੀ ਤੇ ਆਏ ਜੀਵਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਤਰਾ ਪੈਦਾ ਨਾ ਹੋਵੇ।