ਕਾਲਜ ’ਚ ਨਾਟਕ ‘ਪੀੜ੍ਹੀ ਦਰ ਪੀੜ੍ਹੀ’ ਖੇਡਿਆ
ਕਾਲਜ 'ਚ ਨਾਟਕ 'ਪੀੜ੍ਹੀ ਦਰ ਪੀੜ੍ਹੀ' ਖੇਡਿਆ
Publish Date: Fri, 06 Mar 2026 04:34 PM (IST)
Updated Date: Sat, 07 Mar 2026 04:03 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ’ਚ ਪ੍ਰਸਿੱਧ ਨਿਰਦੇਸ਼ਕ ਡਾ. ਲੱਖਾ ਲਹਿਰੀ ਤੇ ਡਾ. ਇੰਦਰਜੀਤ ਕੌਰ ਗੋਲਡੀ ਦੀ ਰਹਿਨੁਮਾਈ ਹੇਠ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਇੱਕ ਸੋਲੋ ਨਾਟਕ ਪੀੜ੍ਹੀ ਦਰ ਪੀੜ੍ਹੀ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਐੱਸਸੀ ਕਮਿਸ਼ਨ ਦੀ ਵਾਈਸ ਚੇਅਰਪਰਸਨ ਹਰਜੋਤ ਕੌਰ ਲੋਹਟੀਆ ਨੇ ਉਨ੍ਹਾਂ ਨੂੰ ਫ਼ੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਆਖਿਆ। ਨਾਟਕ ’ਚ ਸਮਾਜ ਵਿਚ ਆ ਰਹੀਆਂ ਪੀੜ੍ਹੀਆਂ ਦੇ ਵਿਚਕਾਰ ਵਿਚਾਰਾਂ ਦੇ ਫਰਕ ਅਤੇ ਸਮਾਜਕ ਮੁੱਦਿਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਦੇ ਮੁੱਖ ਪਾਤਰ ਕਰਮਨ ਸਿੱਧੂ ਨੇ ਵੱਖ-ਵੱਖ ਕਿਰਦਾਰਾਂ ਨੂੰ ਆਪ ਹੀ ਬਹੁਤ ਸੁੰਦਰ ਢੰਗ ਨਾਲ ਨਿਭਾਇਆ, ਜਿਸ ਨਾਲ ਦਰਸ਼ਕ ਕਾਫ਼ੀ ਪ੍ਰਭਾਵਿਤ ਹੋਏ। ਨਿਰਦੇਸ਼ਕ ਡਾ. ਲੱਖਾ ਲਹਿਰੀ ਨੇ ਵਿਦਿਆਰਥੀਆਂ ਨੂੰ ਨਾਟਕ ਕਲਾ ਬਾਰੇ ਮਹੱਤਵ ਪੂਰਨ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਕਲਾ ਦੇ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਬੰਧਕਾਂ ਨੇ ਮੁੱਖ ਨਾਟਕ ਦੀ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਯਾਦ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ। ਪੀਟੀਏ ਦੇ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਰੰਗਮੰਚੀ ਪ੍ਰੋਗਰਾਮ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ ਤੇ ਉਨ੍ਹਾਂ ’ਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ। ਪ੍ਰੋਗਰਾਮ ਦਾ ਆਯੋਜਨ ਅਤੇ ਸੰਚਾਲਨ ਡਾ. ਨਿਰਦੋਸ਼ ਕੌਰ ਨੇ ਕੀਤਾ।