ਕੂੜੇ ਦਾ ਢੇਰ ਵਧਾ ਰਿਹਾ ਲੋਕਾਂ ਦੀਆਂ ਪਰੇਸ਼ਾਨੀਆਂ
ਕੂੜੇ ਦਾ ਢੇਰ ਵਧਾ ਰਿਹਾ ਲੋਕਾਂ ਦੀਆਂ ਪਰੇਸ਼ਾਨੀਆਂ
Publish Date: Tue, 24 Feb 2026 07:04 PM (IST)
Updated Date: Wed, 25 Feb 2026 04:10 AM (IST)

ਨਵਾਂਸ਼ਹਿਰ-ਬੰਗਾ ਰੋਡ ਤੇ ਲੱਗਿਆ ਕੂੜੇ ਦੇ ਢੇਰ ਖੋਲ੍ਹ ਰਿਹਾ ਨਗਰ ਕੌੰਸਲ ਦੀ ਪੋਲ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਭਾਵੇਂ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛ ਭਾਰਤ ਅਭਿਆਨ ਤਹਿਤ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਅਵਾਰਡ ਜਿੱਤੇ ਹਨ। ਨਗਰ ਕੌਂਸਲ ਦੀ ਪ੍ਰਧਾਨ ਬਲਵਿੰਦਰ ਕੌਰ ਸਮੇਤ ਹੋਰਨਾਂ ਕੌਂਸਲਰਾਂ ਵੱਲੋਂ ਇਸ ਲਈ ਕਾਰਜਸਾਧਕ ਅਫ਼ਸਰ ਅਤੇ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਕਾਰਗੁਜਾਰੀ ਦੀ ਸ਼ਲਾਘਾ ਕੀਤੀਆਂ ਗਈਆਂ ਸਨ। ਪਰ ਨਗਰ ਕੌਂਸਲ ਪ੍ਰਧਾਨ ਅਤੇ ਅਫ਼ਸਰਾਂ ਵੱਲੋਂ ਨਵਾਂਸ਼ਹਿਰ ਚ ਕੂੜੇ ਦਾ ਡੰਪ ਲਈ ਸਹੀ ਥਾਂ ਨਾ ਮਿਲਣ ਕਾਰਨ ਨਿੱਜੀ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਘਰਾਂ ਅਤੇ ਦੁਕਾਨਾਂ ਤੋਂ ਇਕੱਠਾ ਕੀਤੇ ਜਾ ਰਹੇ ਕੂੜੇ ਦੇ ਢੇਰਾਂ ਨੂੰ ਬੰਗਾ ਰੋਡ ਸਮੇਤ ਹੋਰਨਾਂ ਵੱਖ ਵੱਖ ਥਾਵਾਂ ਤੇ ਇਕੱਠਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਇਸ ਕੂੜੇ ਦੇ ਹੁਣ ਸੜਕ ਵੱਲ ਵੱਧਣ ਕਾਰਨ ਇਸ ਥਾਂ ਤੋਂ ਲੰਘਣ ਵਾਲੇ ਵਾਹਨ ਚਾਲਕਾਂ, ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਅਵਤਾਰ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ, ਹਰਜੀਤ ਸਿੰਘ, ਤਰਲੋਚਨ ਸਿੰਘ ਨੇ ਕਿਹਾ ਕਿ ਬੰਗਾ ਰੋਡ ਤੇ ਇਕ ਬੰਦ ਦੁਕਾਨ ਦੇ ਅੱਗੇ ਲਗਾਏ ਜਾ ਰਹੇ ਕੂੜੇ ਦੇ ਢੇਰ ਕਾਰਨ ਉਸ ਦੇ ਆਸ ਪਾਸ ਖੁਲ੍ਹੀਆਂ ਦੁਕਾਨਾਂ, ਬੈਂਕਾਂ ਦੇ ਕਾਰਿੰਦਿਆਂ ਨੂੰ ਵੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਆਪ ਸਰਕਾਰ ਅਤੇ ਨਗਰ ਕੌਂਸਲ ਅਫ਼ਸਰਾਂ ਨੂੰ ਕੂੜੇ ਦੇ ਨਿਸਤਾਰਣ ਦੇ ਯੋਗ ਪ੍ਰਬੰਧ ਕਰਵਾਉਣ ਦੀ ਪੁਰਜੋਰ ਮੰਗ ਕੀਤੀ। ਲੋਕਾਂ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਬਾਰਿਸ਼ ਦੀ ਭਵਿੱਖ ਵਾਣੀ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਕੂੜੇ ਦੇ ਢੇਰਾਂ ਚ ਸੁੱਟੇ ਕਾਗਜ, ਪਲਾਸਟਿਕ ਦੇ ਲਿਫਾਫੇ ਅਤੇ ਹੋਰ ਸਮਾਨ ਚੋਂ ਉਠ ਰਹੀ ਬਦਬੂ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ। ਲੋਕਾਂ ਨੇ ਵੱਖ-ਵੱਖ ਥਾਂ ਤੇ ਸੁੱਟੇ ਜਾ ਰਹੇ ਕੁੜੇ ਦੀ ਲਿਫਟਿੰਗ ਸਮੇਂ ਸਿਰ ਕਰਵਾਉਣ ਦੀ ਮੰਗ ਵੀ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਅਤੇ ਅਫ਼ਸਰਾਂ ਤੋਂ ਕੀਤੀ ਹੈ। ਲੋਕਾਂ ਵੱਲੋੰ ਆਪ ਸਰਕਾਰ ਤੋੰ ਪਿੰਡਾਂ ਵਿਚ ਵੀ ਕੂੜਾ ਸੁੱਟਣ ਲਈ ਯੋਗ ਥਾਂ ਦਵਾਉਣ ਦੀ ਮੰਗ ਵੀ ਪਿੰਡ ਵਾਸੀਆੰ ਵੱਲੋੰ ਕੀਤੀ ਜਾ ਰਹੀ ਹੈ। ਬਾਕਸ--- ਐੱਨਜੀਟੀ ਪਲਾਸਟਿਕ ਦੀ ਵਰਤੋਂ ਰੋਕਣ ਲਈ ਚਲਾਈ ਜਾਵੇ ਸਖਤੀ ਨਾਲ ਮੁਹਿੰਮ ਭਾਵੇਂ ਐੱਨਜੀਟੀ ਵੱਲੋਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪਲਾਸਿਟਕ ਦੀ ਦੁਰਵਰਤੋਂ ਰੋਕਣ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਦੁਕਾਨਾਂ ਦੀ ਚੈਕਿੰਗ ਕਰਕੇ ਚਲਾਨ ਕੱਟੇ ਜਾ ਰਹੇ ਹਨ ਪਰ ਇਲਾਕੇ ਚ ਲਗੇ ਕੁੜੇ ਦੇ ਢੇਰਾਂ ਨੂੰ ਦੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਨਵਾਂਸ਼ਹਿਰ ਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬਿਨਾ ਰੋਕ ਟੋਕ ਹੋ ਰਹੀ ਹੈ। ਇਹ ਲਿਫਾਫੇ ਸਬਜੀ ਮੰਡੀ, ਰੇਹੜੀ, ਫੜੀ ਵਾਲਿਆਂ ਦੇ ਨਾਲ ਨਾਲ ਫਲਾਂ ਜਾਂ ਹੋਰ ਖਾਣ ਪੀਣ ਵਾਲੇ ਸਮਾਨ ਦੇ ਨਾਲ ਦੇ ਦਿੱਤੇ ਜਾਂਦੇ ਹਨ। ਲੋਕਾਂ ਵੱਲੋਂ ਕੂੜੇ ਦੇ ਢੇਰ ਵਿਚ ਸੁੱਟਣ ਕਾਰਨ ਇਹ ਸਮਸਿਆ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਇਸ ਕਾਰਨ ਸੀਵਰੇਜ ਜਾਮ ਵਰਗੇ ਹਾਲਾਤ ਵੀ ਬਣਦੇ ਜਾ ਰਹੇ ਹਨ। ਬਾਕਸ-- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਗਰੂਕ ਮੁਹਿੰਮ ਚਲਾਉਣੀ ਜ਼ਰੂਰੀ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਸਮੇਤ ਸਮਾਜ ਸੇਵੀ ਸੰਗਠਨਾਂ ਨੇ ਨਵਾਂਸ਼ਹਿਰ ਨੂੰ ਸਾਫ ਸੁਥਰਾ ਰਖਣ ਲਈ ਮੁਹਿੰਮ ਚਲਾਉਣ ਦੀ ਮੰਗ ਸਮੇਂ ਤੇ ਨਾਲ ਵੱਧਦੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਨਗਰ ਕੌਂਸਲ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਆਪਣਾ ਕੰਮ ਪੂਰੀ ਸੰਜੀਦਗੀ ਨਾਲ ਕਰਨ ਲਈ ਪ੍ਰੇਰਿਤ ਕਰੇ ਅਤੇ ਆਪਣੇ ਕੰਮ ਵਿਚ ਕੋਤਾਹੀ ਵਰਤਣ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਵੀ ਕਰੇ। ਤਾਂ ਜੋ ਅਫ਼ਸਰਾਂ, ਮੁਲਾਜ਼ਮ ਸਮੇਤ ਘਰਾਂ ਤੋਂ ਕੂੜੇ ਦੀ ਲਿਫਟਿੰਗ ਕਰ ਰਹੀ ਏਜੰਸੀ ਨਵਾਂਸ਼ਹਿਰ ਨੂੰ ਸਾਫ ਸੁਥਰਾ ਰਖਣ ਵਿਚ ਆਪਣਾ ਅਹਿਮ ਯੋਗਦਾਨ ਦੇ ਸਕੇ। ਇਸੇ ਤਰ੍ਹਾਂ ਨਵਾਂਸ਼ਹਿਰ ਵਿਖੇ ਜਨਤਕ ਥਾਵਾਂ ਤੇ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਸ਼ਹਿਰ ਨੂੰ ਸਾਫ ਸੁਥਰਾ ਰਖਣ ਲਈ ਪ੍ਰੇਰਿਤ ਕਰਦਿਆਂ ਸਕੂਲਾਂ ਅਤੇ ਕਾਲਜਾਂ ਵਿਚ ਸੈਮੀਨਾਰ ਕਰਵਾਏ ਜਾਣ। ਇਸੇ ਤਰ੍ਹਾਂ ਜਨਤਕ ਥਾਵਾਂ ਤੇ ਕੂੜੇਦਾਨ ਰਖਵਾਏ ਜਾਣ। ਤਾਂ ਜੋਂ ਲੋਕ ਕੂੜਾ ਉਸ ਵਿਚ ਸੁਟ ਸਕਣ ਅਤੇ ਨਗਰ ਕੌਂਸਲ ਦੇ ਵਾਹਨ ਆਸਾਨੀ ਨਾਲ ਇਸ ਦੀ ਲਿਫਟਿੰਗ ਕਰਵਾ ਸਕਣ। ਜੇਕਰ ਅਜਿਹਾ ਕੀਤਾ ਗਿਆ ਤਾਂ ਜੋ ਸਾਲ 2026 ਵਿਚ ਮਿਲਣ ਵਾਲਾ ਸਵੱਛ ਭਾਰਤ ਅਭਿਆਨ ਅਵਾਰਡ ਨਵਾਂਸ਼ਹਿਰ ਦੀ ਨਗਰ ਕੌਂਸਲ ਦੀ ਝੋਲੀ ਪਵੇ।