ਠੰਢ ਕਾਰਨ ਵੱਧ ਰਹੀ ਹੈ ਮਰੀਜਾਂ ਦੀ ਗਿਣਤੀ
ਠੰਢ ਕਾਰਨ ਵੱਧ ਰਹੀ ਹੈ ਮਰੀਜਾਂ ਦੀ ਗਿਣਤੀ
Publish Date: Sat, 10 Jan 2026 07:15 PM (IST)
Updated Date: Sun, 11 Jan 2026 04:10 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸਰਦੀਆਂ ਦਾ ਮੌਸਮ |ਚ ਠੰਢ ਲੋਕਾਂ ਨੂੰ ਕਾਫ਼ੀ ਪਰੇਸ਼ਾਨ ਕਰਦੀ ਹੈ। ਠੰਢੀਆਂ ਤੇ ਖੁਸ਼ਕ ਹਵਾਵਾਂ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ, ਜਿਸ ਕਾਰਨ ਹਸਪਤਾਲਾਂ |ਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਇਸ ਮੌਸਮ ਦੌਰਾਨ ਜ਼ੁਕਾਮ, ਖੰਘ ਤੇ ਬੁਖਾਰ ਦੇ ਨਾਲ-ਨਾਲ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦੇ ਮਰੀਜ਼ ਵੀ ਹਸਪਤਾਲਾਂ |ਚ ਦਾਖਲ ਹੋ ਰਹੇ ਹਨ। ਲੋਕ ਠੰਢ ਤੋਂ ਬਚਣ ਲਈ ਰੂਮ ਹੀਟਰ ਦੀ ਵੀ ਵਰਤੋਂ ਕਰਦੇ ਹਨ। ਇਸ ਸਬੰਧੀ ਕੀ ਕਹਿੰਦੇ ਹਨ ਇਲਾਕੇ ਦੇ ਮਾਹਿਰ ਡਾਕਟਰ। ਡਾ. ਚੇਤਨ ਦੂਆ ਚੀਫ ਸਰਜਨ ਦੂਆ ਹਸਪਤਾਲ ਬੰਗਾ ਦਾ ਕਹਿਣਾ ਹੈ ਕਿ ਸਰਦੀ ’ਚ ਜ਼ਿਆਦਾਤਰ ਬਜ਼ੁਰਗ ਤੇ ਛੋਟੇ ਬੱਚੇ ਜ਼ਿਆਦਾ ਪ੍ਰਭਾਵਤ ਹੁੰਦੇ ਹਨ। ਉਨ੍ਹਾਂ ਨੂੰ ਸਰਦੀ ਲੱਗਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਬਜ਼ੁਰਗ ਤੇ ਦਿਲ ਦੇ ਰੋਗਾਂ ਦੇ ਮਰੀਜ਼ ਸਵੇਰ ਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਢ ਤੇ ਧੁੰਦ ਹੋਣ ’ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ। ਡਾ. ਅਮਰੀਕ ਸਿੰਘ ਬੱਚਿਆਂ ਦੇ ਰੋਗਾਂ ਦੇ ਮਾਹਿਰ ਅਕਾਸ਼ ਹਸਪਤਾਲ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ’ਚ ਸਰਦੀਆਂ ਕਾਰਨ ਨਿਮੋਨੀਆ ਦਾ ਖ਼ਤਰਾ ਵੱਧ ਜਾਂਦਾ ਹੈ। ਠੰਢ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ, ਦਸਤ ਵੀ ਲੱਗ ਸਕਦੇ ਹਨ। ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖਾਸ ਧਿਆਨ ਦਿੰਦੇ ਹੋਏੇ ਸਰਦੀ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਪੈਰਾਂ ਵਿਚ ਜ਼ੁਰਾਬਾਂ ਜਰੂਰ ਪਾਈਆਂ ਜਾਣ।।-- ਡਾ. ਨਰੰਜਣ ਪਾਲ ਹੀਉਂ ਸਾਬਕਾ ਐੱਸਐੱਮਓ ਸੁੱਜੋਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ਵਿਚ ਬੰਦ ਕਮਰੇ ਵਿਚ ਅੰਗੀਠੀ ਬਾਲ ਕੇ ਅੱਗ ਸੇਕਣ ਨਾਲ ਕਮਰੇ ਵਿਚੋਂ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜੋ ਕਿ ਸਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਸਥਮਾ ਅਤੇ ਸਾਹ ਦੀ ਬਿਮਾਰੀ ਦੇ ਮਰੀਜ ਬਹੁਤੀ ਜ਼ਿਆਦਾ ਠੰਡ ਹੋਣ ਤੇ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ ਅਤੇ ਖੁਰਾਕ ’ਚ ਵੀ ਗਰਮ ਚੀਜਾਂ ਜਿਵੇਂ ਸੂਪ, ਚਾਹ, ਕਾਫੀ, ਸੰਤੁਲਿਤ ਖੁਰਾਕ ਦਾ ਸੇਵਨ ਕਰਨ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਗਰਮ ਕੱਪੜੇ ਦੋ ਜਾਂ ਤਿੰਨ ਪਰਤਾਂ ਵਿਚ ਪਾਏ ਜਾਣ ਤਾਂ ਜੋ ਸਰੀਰ ਦਾ ਤਾਪਮਾਨ ਠੀਕ ਬਣਿਆ ਰਹੇ। ਡਾ. ਬਖਸ਼ੀਸ਼ ਸਿੰਘ ਐੱਮਡੀ ਕਰਨ ਹਸਪਤਾਲ ਬੰਗਾ ਦਾ ਕਹਿਣਾ ਹੈ ਕਿ ਸਰੀਰ ਵਿਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜ੍ਹੇ-ਥੋੜ੍ਹੇ ਸਮੇਂ ਜਾਂ ਲੋੜ ਅਨੁਸਾਰ ਕੋਸਾ ਜਾਂ ਗਰਮ ਗੁਨਗੁਨਾ ਪਾਣੀ ਪੀਤਾ ਜਾਵੇ ਅਤੇ ਸੰਤੁਲਿਤ ਖੁਰਾਕ ਦਾ ਸੇਵਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਦੀ ਲੱਗਣ ਨਾਲ ਆਮ ਤੌਰ ਤੇ ਫਲੂ ਹੋ ਜਾਂਦਾ ਹੈ, ਜਿਸ ਨਾਲ ਕੋਵਿਡ-19 ਹੋਣ ਦਾ ਵੀ ਖਤਰਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਰਦੀ ਤੋਂ ਬਚਾਅ ਲਈ ਵਰਤੇ ਜਾਣ ਵਾਲੇ ਉਪਰਾਲਿਆਂ ਨੂੰ ਅਪਣਾ ਕੇ ਫਲੂ ਅਤੇ ਕੋਵਿਡ ਦੋਨੋਂ ਤੋਂ ਹੀ ਬਚਿਆ ਜਾ ਸਕਦਾ ਹੈ।