ਰੱਬੀ ਜੋਤ ਹਨ ਧੰਨ-ਧੰਨ ਨਾਭ ਕੰਵਲ ਰਾਜਾ ਸਾਹਿਬ ਜੀ
ਰੱਬੀ ਜੋਤ ਹਨ ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ ਜੀ
Publish Date: Sat, 17 Jan 2026 05:31 PM (IST)
Updated Date: Sun, 18 Jan 2026 04:10 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ’ਚ ਬੱਚਾ-ਬੱਚਾ ਅੱਜ ਇਸ ਨਾਮ ਤੋਂ ਭਲੀ-ਭਾਂਤ ਜਾਣੂ ਹੈ। ਇਹ ਇੱਕ ਉਹ ਹਸਤੀ ਹਨ, ਜਿਨ੍ਹਾਂ ਨੇ ਆਪਣੀ ਚਰਨ ਛੋਹ ਦੇ ਨਾਲ ਸਿਰਫ ਦੁਆਬੇ ਨੂੰ ਹੀ ਨਹੀਂ ਬਲਕਿ ਸਾਰੇ ਹੀ ਪੰਜਾਬ ਨੂੰ ਪਵਿੱਤਰ ਕੀਤਾ, ਜਿੱਥੇ-ਜਿੱਥੇ ਵੀ ਰਾਜਾ ਸਾਹਿਬ ਜੀ ਦੇ ਪਵਿੱਤਰ ਚਰਨ ਪਏ ਹਨ, ਉਨ੍ਹਾਂ ਦੇ ਸੇਵਕਾਂ ਨੂੰ ਬੜੀ ਸ਼ਰਧਾ ਤੇ ਮਿਹਨਤ ਨਾਲ ਉੱਥੇ ਪਵਿੱਤਰ ਗੁਰਦੁਆਰਾ ਸਾਹਿਬ ਉਸਾਰੇ ਹਨ। ਰਾਜਾ ਸਾਹਿਬ ਹੀ ਦਾ ਜਨਮ ਪਿੰਡ ਬੱਲੋਵਾਲ ਨਾਨਕੇ ਘਰ ’ਚ ਮਾਤਾ ਸਾਹਿਬ ਦੇਈ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਮੰਗਲ ਦਾਸ ਪਹਿਲਾਂ ਤੋਂ ਹੀ ਸਾਧੂ ਸੰਤਾਂ ਦੀ ਸੇਵਾ ਕਰਿਆ ਕਰਦੇ ਸਨ। ਬਹੁਤ ਦੇਰ ਤੋਂ ਘਰ ਔਲਾਦ ਨਾ ਹੋਣ ਕਰ ਕੇ ਖੁਦ ਵੀ ਸਾਧੂ ਸੰਤ ਦੀ ਤਰ੍ਹਾਂ ਹੀ ਰਹਿ ਰਹੇ ਸਨ। ਇੱਕ ਦਿਨ ਭਗਤੀ ’ਚ ਬਹੁਤ ਨਿਪੁੰਨ ਹੋਏ ਦੇਖ ਕੇ ਉਸ ਸੱਚੇ ਅਕਾਲ ਪੁਰਖ ਨੇ ਆਕਾਸ਼ਵਾਣੀ ਕੀਤੀ ਕਿ ਤੁਹਾਡੇ ਘਰ ਇਕ ਪੁੱਤਰ ਦਾ ਜਨਮ ਹੋਵੇਗਾ, ਜੋ ਸਾਕਸ਼ਾਤ ਰੱਬ ਹੀ ਹੋਣਗੇ। ਦੁਖੀਆਂ, ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨਗੇ ਤੇ ਸਾਰੀ ਦੁਨੀਆ ਉਨ੍ਹਾਂ ਨੂੰ ਯਾਦ ਕਰੇਗੀ। ਆਪ ਜੀ ਦੇ ਨਾਮ ਰੱਖਣ ਦੀ ਯਾਚਨਾ ਤਾਹਰਪੁਰ ਦੇ ਪੰਡਿਤ ਜੀ ਨੇ ਕੀਤੀ। ਸਭ ਦੇਖ ਕੇ ਆਖਣ ਲੱਗਾ ਕਿ ਇਹ ਤਾਂ ਨਿਰਾ ਹੀ ਭਗਵਾਨ ਦਾ ਰੂਪ ਹੈ ਤੇ ਨਾਮ ਵੀ ਭਗਵਾਨ ਦਾਸ ਹੀ ਠੀਕ ਰਹੇਗਾ। ਆਪ ਜੀ ਨੂੰ ਮੂਸਾਪੁਰ ਦੇ ਮੌਲਵੀ ਤੋਂ ਉੱਚ ਵਿੱਦਿਆ ਪ੍ਰਾਪਤ ਕੀਤੀ ਪਰ ਮੌਲਵੀ ਜੀ ਪਾਤਸ਼ਾਹ ਦੀਆਂ ਅਸਚਰਜ ਕਰਨ ਵਾਲੀਆਂ ਗੱਲਾਂ ਸੁਣ ਕੇ ਕਈ ਵਾਰ ਦੰਦਾਂ ’ਚ ਉਂਗਲੀ ਲੈ ਕੇ ਰਹਿ ਜਾਂਦੇ, ਜਦੋਂ ਵੀ ਮੌਲਵੀ ਜੀ ਪਾਤਸ਼ਾਹ ਜੀ ਤੋਂ ਕੋਈ ਸਵਾਲ ਪੁੱਛਦੇ ਤਾਂ ਉਸ ਦੇ ਜਵਾਬ ਬੜੇ ਠੀਕ ਤੇ ਸੁਚੱਜੇ ਢੰਗ ਨਾਲ ਦੱਸਦੇ, ਜਦੋਂ ਮੌਲਵੀ ਕਿਸੇ ਹੋਰ ਭਾਸ਼ਾ ’ਚ ਪੁੱਛਦੇ ਤਾਂ ਵੀ ਰਾਜਾ ਸਾਹਿਬ ਜੀ ਉਸ ਦਾ ਜਵਾਬ ਉਸੇ ਭਾਸ਼ਾ ’ਚ ਭਲੀ-ਭਾਂਤ ਦੱਸਦੇ। ਰਾਜਾ ਸਾਹਿਬ ਘਰ ਦਾ ਕੰਮਕਾਰ ਘੱਟ ਹੀ ਕਰਦੇ ਸਨ। ਪਰਮਾਤਮਾ ਦਾ ਨਾਮ ਜਪਣਾ, ਸਾਧੂ-ਸੰਤਾਂ ਦੀ ਸੰਗਤ ਕਰਨੀ, ਭੁੱਖਿਆਂ ਨੂੰ ਅੰਨ-ਪਾਣੀ ਛਕਾਉਣਾ, ਹਰ ਵਕਤ ਉਸ ਅਕਾਲ ਪੁਰਖ ਦਾ ਭਾਣਾ ਮੰਨਣਾ, ਇਨ੍ਹਾਂ ਦੀ ਖਾਸੀਅਤ ਸੀ। ਆਪ ਕਈ-ਕਈ ਦਿਨ ਭੁੱਖੇ ਹੀ ਰਹਿੰਦੇ ਸਨ, ਜਦੋਂ ਪਿੰਡ ਦੇ ਸਾਥੀ ਲੜਕੇ ਇਹ ਪੁੱਛਦੇ ਕਿ ਤੁਸੀਂ ਭੁੱਖੇ ਰਹਿ ਕੇ ਕੀ ਖਾਂਦੇ ਹੋ ਤਾਂ ਆਪ ਜੀ ਦਾ ਜਵਾਬ ਸੀ, ਸਾਨੂੰ ਖਾਣਾ ਅਕਾਲ ਪੁਰਖ ਤੋਂ ਆ ਜਾਂਦਾ ਹੈ। ਜ਼ਿੱਦ ਕਰਨ ’ਤੇ ਕੁੱਝ ਲੜਕੇ ਆਖਣ ਲੱਗੇ ਕਿ ਸਾਨੂੰ ਵੀ ਭੁੱਖ ਲੱਗੀ ਹੋਈ ਹੈ। ਸਾਨੂੰ ਵੀ ਕੁੱਝ ਖੁਆਓ ਤਾਂ ਆਪ ਜੀ ਨੇ ਇੱਕ ਛੱਪੜੀ ਵੱਲ੍ਹ ਨਿਗਾਹ ਸਵੱਲੀ ਕਰ ਕੇ ਤੱਕਿਆ ਤਾਂ ਉੱਥੇ ਕੜਾਹ ਪ੍ਰਸ਼ਾਦ ਪਿਆ ਸੀ, ਜੋ ਉਹ ਲੜਕਿਆਂ ਨੇ ਬੜੀ ਹੀ ਸ਼ਰਧਾ ਸਹਿਤ ਛਕਿਆ ਤੇ ਆਪ ਜੀ ਦੇ ਚਰਨਾਂ ਤੇ ਢਹਿ-ਢੇਰੀ ਹੋ ਗਏ। ਰਾਜਾ ਸਾਹਿਬ ਜੀ ਦਾ ਆਪਣਾ ਪਿੰਡ ਮੰਨਣਹਾਣਾ ਸੀ ਪਰ ਆਪ ਜੀ ਪਿੰਡ ਬਹੁਤ ਹੀ ਘੱਟ ਰਹੇ। ਆਪ ਜੀ ਦਾ ਪਰਿਵਾਰ ਇੱਕ ਨੰਬਰਦਾਰ ਪਰਿਵਾਰ ਸੀ। ਪਿਤਾ ਤੇ ਰਿਸ਼ਤੇਦਾਰਾਂ ਦੇ ਕਹਿਣ ’ਤੇ ਚਲੋ ਘਰ ਚਲੋ ਆਪਣੀ ਨੰਬਰਦਾਰੀ ਸੰਭਾਲੋ ਤਾਂ ਆਪ ਜੀ ਨੇ ਕਿਹਾ ਕਿ ਸਾਨੂੰ ਕੁੱਝ ਨਹੀਂ ਚਾਹੀਦਾ। ਅਸੀਂ ਨੰਬਰਦਾਰੀਆਂ ਕੀ ਕਰਨੀਆਂ। ਸਾਡੀ ਡਿਊਟੀ ਤਾਂ ਨਾਮ ਜਪਣ, ਸਤਿਸੰਗ ਕਰਨ, ਧਰਮ ਦੀ ਕਿਰਤ ਕਰਨੀ ਤੇ ਸਭ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਨ ਦੀ ਹੈ। ਆਪ ਜੀ ਦੀ ਸੋਭਾ ਸਾਰੇ ਹੀ ਪੰਜਾਬ ’ਚ ਹੋਣ ਲੱਗੀ, ਜਿੱਥੇ ਜਾਂਦੇ ਕਾਫੀ ਸੰਗਤ ਇੱਕਠੀ ਹੋ ਜਾਂਦੀ, ਜਿੱਥੇ-ਜਿੱਥੇ ਵੀ ਗਏ ਇਨ੍ਹਾਂ ਦੇ ਪ੍ਰੇਮੀਆਂ ਨੇ ਬੜੇ ਹੀ ਸੋਹਣੇ ਗੁਰੂ ਘਰ ਉਸਾਰੇ ਹੋਏ ਹਨ, ਜਿਵੇਂ ਕਿ ਪਿੰਡ ਰਹਿਪਾ ’ਚ ਤਖ਼ਤ ਸ੍ਰੀ ਰਾਜਾ ਸਾਹਿਬ, ਪਿੰਡ ਸੁੱਜੋਂ ਵਿਖੇ ਗੁਰਦੁਆਰਾ ਬੰਗਲਾ ਸਾਹਿਬ, ਪਿੰਡ ਗੋਸਲਾਂ ਵਿਖੇ ਗੁਰਦੁਆਰਾ ਮੰਜੀ ਸਾਹਿਬ, ਪਿੰਡ ਝਿੰਗੜਾਂ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੇ ਪਿੰਡ ਮਜਾਰਾ ਨੌ ਆਬਾਦ ਵਿਖੇ ਗੁਰਦੁਆਰਾ ਰਸੋਖਾਨਾ ਆਦਿ ਬਹੁਤ ਹੀ ਉੱਚੇ ਤੇ ਸੋਹਣੇ ਉਸਾਰੇ ਹੋਏ ਹਨ। ਝਿੰਗੜਾਂ ਵਿਖੇ ਬਾਬਾ ਜਵਾਹਰ ਸਿੰਘ ਜੀ ਜੋ ਕਿ ਪਰਮਾਤਮਾ ਦੇ ਬਹੁਤ ਹੀ ਪ੍ਰੇਮੀ ਸਨ, ਨੇ ਪਛਾਣ ਲਿਆ ਕਿ ਰਾਜਾ ਸਾਹਿਬ ਕੋਈ ਸਾਧਾਰਨ ਮਨੁੱਖ ਨਹੀਂ, ਸਗੋਂ ਪਰਮਾਤਮਾ ਦਾ ਦੂਸਰਾ ਰੂਪ ਹਨ। ਬਾਬਾ ਜੀ ਨੇ ਰਾਜਾ ਸਾਹਿਬ ਨੂੰ ਆਪਣੇ ਕੋਲ ਹੀ ਰੱਖ ਲਿਆ। ਬਾਬਾ ਜੀ ਹਰ ਰੋਜ਼ ਦੇਖਦੇ ਸਨ ਕਿ ਸਾਡੇ ਤੋਂ ਪਹਿਲਾਂ ਹੀ ਉੱਠ ਕੇ ਇਹ ਬਾਲਕ ਪਰਮਾਤਮਾ ਦੀ ਭਗਤੀ ਵਿਚ ਲੀਨ ਹੋ ਜਾਂਦਾ ਹੈ। ਇਸ ਲਈ ਬਾਬਾ ਜਵਾਹਰ ਸਿੰਘ ਨੇ ਆਪਣੀ ਗੁਰਗੱਦੀ ਦੇ ਵਾਰਿਸ ਰਾਜਾ ਸਾਹਿਬ ਜੀ ਨੂੰ ਨਿਯੁਕਤ ਕੀਤਾ। ਪਿੰਡ ਮਜਾਰਾ ਰਾਜਾ ਸਾਹਿਬ ਦੀ ਇੱਕ ਮਾਈ, ਜਿਸ ਦਾ ਨਾਮ ਜੱਸੀ ਸੀ। ਉਹ ਰਾਜਾ ਸਾਹਿਬ ਜੀ ਦੀ ਤੇ ਉਨ੍ਹਾਂ ਦੀ ਸ਼ਰਧਾਲੂ ਸੰਗਤ ਦੀ ਦਿਨ-ਰਾਤ ਤਨੋਂ-ਮਨੋਂ ਸੇਵਾ ਕਰਦੀ ਸੀ, ਜਦੋਂ ਵੀ ਰਾਜਾ ਸਾਹਿਬ ਆਵਾਜ਼ ਦਿੰਦੇ ਸਿਰ ਨਿਵਾ ਕੇ ਸਾਹਮਣੇ ਖੜ੍ਹੀ ਹੂੰਦੀ। ਭਾਵੇਂ ਅੱਧੀ ਰਾਤ ਸਮੇਂ ਮਹਾਰਾਜ ਜੀ ਨੇ ਆਖਿਆ ਕਿ ਜੱਸੀ ਸਾਡੇ ਵਾਸਤੇ ਦੁੱਧ ਗਰਮ ਕਰ ਕੇ ਜਾਂ ਸ਼ਰਦਾਈ ਆਦਿ ਬਣਾ ਕੇ ਲਿਆਓ ਤਾਂ ਗਲ ’ਚ ਪੱਲਾ ਪਾ ਕੇ ਆਖਦੀ ਮਹਾਰਾਜ ਜੀ ਹੁਕਮ ਕਰੋ। ਇਸੇ ਲਈ ਮਹਾਰਾਜ ਜੀ ਮਾਈ ਜੱਸੀ ਦੇ ਘਰ ਨੂੰ ਆਪਣਾ ਘਰ ਕਿਹਾ ਕਰਦੇ ਸਨ। ਰਾਜਾ ਸਾਹਿਬ ਜੀ ਦੀ ਜਿੰਨੀ ਮਰਜ਼ੀ ਸੰਗਤ ਆਵੇ, ਮਾਈ ਜੱਸੀ ਨੇ ਕਦੀ ਵੀ ਮੱਥੇ ਵੱਟ ਨਹੀਂ ਪਾਇਆ। ਮਾਈ ਜੱਸੀ ਵੀ ਕਿਹਾ ਕਰਦੀ ਸੀ ਕਿ ਮਹਾਰਾਜ ਇਹ ਸਾਡਾ ਨਹੀਂ ਤੁਹਾਡਾ ਹੀ ਘਰ ਹੈ। ਰਾਜਾ ਸਾਹਿਬ ਜੀ ਚਿੱਟੇ ਕੱਪੜੇ ਤੇ ਪਸ਼ਮੀਨੇ ਦੀ ਚਾਦਰ ਦੀ ਬੁੱਕਲ ਮਾਰਦੇ ਸਨ। ਗੋਰਾ ਰੰਗ, ਸ਼ਰਬਤੀ ਅੱਖੀਆਂ, ਸੁਨੇਹਰੇ ਵਾਲ, ਜਦੋਂ ਵੀ ਤੁਰਦੇ ਤਾਂ ਇੰਝ ਪਿਆ ਲੱਗਦਾ ਕਿ ਥਲ ਤੇ ਅਕਾਲ ਪੁਰਖ ਆਪ ਕੁਦਰਤ ਦੇ ਨਜ਼ਾਰੇ ਤੱਕਣ ਆਏ ਹਨ. ਜਿੱਥੇ ਵੀ ਜਾਂਦੇ ਸੰਗਤਾਂ ਦੀ ਕਾਫੀ ਰੌਣਕ ਲੱਗ ਜਾਂਦੀ। ਰਾਜਾ ਸਹਿਬ ਹੁਣ ਬਹੁਤਾ ਪਿੰਡ ਮਜਾਰੇ ਨੌ ਆਬਾਦ ਵਿਚ ਰਹਿਣ ਲੱਗੇ, ਜਿਹੜਾ ਕਿ ਹੁਣ ਇਹ ਪਿੰਡ ਰਾਜਾ ਸਾਹਿਬ ਜੀ ਦੇ ਮਜਾਰੇ ਨਾਲ ਪੰਜਾਬ ’ਚ ਕਾਫੀ ਮਸ਼ਹੂਰ ਹੈ। ਇਸੇ ਹੀ ਪਿੰਡ ਦਾ ਇੱਕ ਪੁਰਖ ਜਿਸ ਦਾ ਨਾਮ ਸਾਹਿਬ ਦਿਆਲ ਸੀ, ਉਹ ਰਾਜਾ ਸਾਹਿਬ ਜੀ ਦੀ ਬਹੁਤ ਸੇਵਾ ਕਰਿਆ ਕਰਦਾ ਸੀ। ਸਾਰੀ ਜਿੰਦਗੀ ਰਾਜਾ ਸਾਹਿਬ ਜੀ ਨੂੰ ਪਿੱਠ ਨਹੀਂ ਦਿਖਾਈ, ਜਦੋਂ ਵੀ ਕੋਈ ਹੁਕਮ ਲੱਗਦਾ, ਪਿਛਲਖੁਰੀ ਤੁਰ ਕੇ ਜਾਂਦਾ। ਹਰ ਰੋਜ਼ ਰਾਜਾ ਸਾਹਿਬ ਜੀ ਲਈ ਤਿੱਲੇਦਾਰ ਜੋੜਾ ਬਣਾ ਕੇ ਲਿਆਂਦਾ ਸੀ ਤੇ ਪੁਰਾਣਾ ਲੈ ਕੇ ਜਾਂਦਾ ਸੀ। ਮਹਾਰਾਜ ਜੀ ਨੇ ਇੱਕ ਦਿਨ ਸੇਵਾ ਤੋਂ ਖੁਸ਼ ਹੋ ਕੇ ਆਪਣੀ ਸ਼ਰਦਾਈ ’ਚੋਂ ਚਾਰ ਘੁੱਟ ਪੀਣ ਨੂੰ ਦਿੱਤੇ। ਬਸ ਸ਼ਰਦਾਈ ਪੀਣ ਦੀ ਗੱਲ ਸੀ ਕਿ ਸੱਚਖੰਡ ਦੇ ਦਰਸ਼ਨ ਹੋ ਗਏ, ਦਸਮ ਦੁਆਰ ਦੇ ਦਰਵਾਜ਼ੇ ਖੁੱਲ੍ਹ ਗਏ ਤੇ ਆਪ ਰਾਜਾ ਸਾਹਿਬ ਦੇ ਚਰਨਾਂ ਨਾਲ ਜੁੜੇ ਗਏ। ਆਖਿਰ ਇੱਕ ਦਿਨ ਸ਼ਹਿਨਸ਼ਾਹ ਨੇ ਕੋਲ ਬਿਠਾ ਕੇ ਆਖਿਆ, ਸਾਹਿਬ ਦਿਆਲ, ਇੱਕ ਜੰਗਲ ’ਚ 2 ਸ਼ੇਰ ਤੇ ਇੱਕ ਮਿਆਨ ’ਚ 2 ਤਲਵਾਰਾਂ ਨਹੀਂ ਰਹਿ ਸਕਦੀਆਂ। ਬੱਸ ਰਜਾਈ ’ਚੋਂ ਰੂੰ ਕੱਢਕੇ ਖਾਲੀ ਕੱਪੜਾ ਦੇ ਕੇ ਤੋਰ ਦਿੱਤਾ। ਰਾਜਾ ਸਾਹਿਬ ਜੀ ਦਾ ਹੁਕਮ ਮੰਨ ਕੇ ਚਲੇ ਗਏ, ਜੋ ਅੱਜ ਤੱਕ ਵਾਪਸ ਨਹੀਂ ਆਏ। ਮਹਾਰਾਜਾ ਜੀ ਦੀ ਸੇਵਾ ਤਾਂ ਬਹੁਤ ਹੀ ਸੇਵਕ ਕਰਦੇ ਸਨ, ਜਿਨ੍ਹਾਂ ਵਿਚੋਂ ਇੱਕ ਦਾ ਨਾਂ ਪੂਰਨ ਦਾਸ ਸੀ, ਜੋ ਮਹਾਰਾਜ ਜੀ ਦੀ ਸੇਵਾ ਚੜ੍ਹਦੇ ਸੂਰਜ ਤੋਂ ਲੈ ਕੇ ਸੂਰਜ ਛੁਪਣ ਤੱਕ ਕਰਿਆ ਕਰਦੇ ਸਨ। ਹਰ ਸਾਹ ਦੇ ਨਾਲ ਰਾਜਾ ਸਾਹਿਬ ਜਪਣਾ, ਸੰਗਤਾਂ ਨਾਲ ਪਿਆਰ ਕਰਨਾ ਤੇ ਲੰਗਰ ਦੀ ਸੇਵਾ ’ਚ ਜੁਟ ਜਾਣਾ। ਆਖਿਰ ਮਹਾਰਾਜ ਜੀ ਆਪ ਦੀ ਸੇਵਾ ਤੋਂ ਅਤਿਅੰਤ ਖੁਸ਼ ਹੋ ਕੇ ਆਖਿਆ। “ਪੂਰਨ ਆਹ ਲੈ ਅੱਜ ਤੋਂ ਤੈਨੂੰ ਅਸੀਂ ਰਸੋਖਾਨੇ ਦੀਆਂ ਚਾਬੀਆਂ ਸੌਂਪ ਦਿੱਤੀਆਂ ਪਰ ਇੱਕ ਗੱਲ ਯਾਦ ਰੱਖੀਂ ਕਦੇ ਵੀ ਮਾਇਆ ਨਾਲ ਪਿਆਰ ਨਹੀਂ ਕਰਨਾ। ਇਹ ਮਾਇਆ ਕਾਲੀ ਨਾਗਣੀ ਹੈ, ਜੋ ਵੀ ਇਸ ਨੂੰ ਪਿਆਰ ਕਰਦਾ ਹੈ, ਇਹ ਉਸ ਨੂੰ ਡੰਗ ਲੈਂਦੀ ਹੈ। ਮਹਾਰਾਜ ਜੀ ਦੇ ਹੁਕਮ ਮੰਨ ਕੇ ਤੁਰਨ ਹੀ ਲੱਗਾ ਸੀ ਕਿ ਮੇਰੇ ਸ਼ਹਿਨਸ਼ਾਹ ਨੇ ਦੂਸਰਾ ਵਚਨ ਵੀ ਉਚਾਰ ਦਿੱਤਾ। “ਜਾਹ ਅੱਜ ਤੋਂ ਤੇਰਾ ਹੱਥ ਤੇ ਸਾਡਾ ਖੀਸਾ (ਜੇਬ) ਹੋਵੇਗਾ। ਮਾਇਆ ਜਿੰਨੀ ਵੀ ਮਰਜ਼ੀ ਵੰਡੀ ਖਜ਼ਾਨਾ ਨੱਕੋ-ਨੱਕ ਭਰਿਆ ਰਹੇਗਾ। ਇਹ ਅਟੱਲ ਸੱਚਾਈ ਹੈ ਕਿ ਅੱਜ ਵੀ ਰਸੋਖਾਨੇ ’ਚ ਮਾਇਆ ਦਾ ਕੋਈ ਅੰਤ ਨਹੀਂ। ਇਹ ਵਚਨ ਮੇਰੇ ਸ਼ਹਿਨਸ਼ਾਹ ਜੀ ਦੇ ਸੱਚੇ ਹੋਏ ਤੇ ਹੋ ਰਹੇ ਹਨ। ਰਾਜਾ ਸਾਹਿਬ ਜੀ ਕਿਸੇ ਨੂੰ ਕੋਈ ਦੁੱਖ ਨਹੀਂ ਪਹੁੰਚਾਉਂਦੇ ਸਨ। ਸਭ ਦੀਆਂ ਖਾਲੀ ਝੋਲੀਆਂ ਭਰਨੀਆਂ ਉਨ੍ਹਾਂ ਦਾ ਵੱਡਾ ਕੰਮ ਸੀ। ਰਾਜਾ ਸਾਹਿਬ ਜੀ ਦੇ ਦਰ ਘਰ ਦੇ ਬਹੁਤ ਸਾਰੇ ਕੂਕਰ (ਕੁੱਤੇ) ਸਨ, ਜਿੱਧਰ ਵੀ ਰਾਜਾ ਸਾਹਿਬ ਜੀ ਜਾਂਦੇ, ਨਾਲ ਹੀ ਜਾਂਦੇ, ਜਦੋਂ ਕਿਤੇ ਕਿਸੇ ਸੇਵਕ ਨੇ ਰਾਜਾ ਸਾਹਿਬ ਨੂੰ ਲੱਭਣਾ ਹੋਵੇ ਤਾਂ ਉਹ ਦੇਖ ਲੈਂਦੇ ਸੀ ਕਿ ਇੱਧਰ ਬਹੁਤ ਹੀ ਕੂਕਰ ਬੈਠੇ ਹਨ। ਰਾਜਾ ਸਾਹਿਬ ਜੀ ਇੱਧਰ ਹੀ ਹੋਣਗੇ, ਜਦੋਂ ਉਹ ਸੇਵਕ ਜਾ ਕੇ ਦੇਖਦਾ ਤਾਂ ਰਾਜਾ ਸਾਹਿਬ ਰੱਬ ਦੀ ਬੰਦਗੀ ’ਚ ਲੀਨ ਤੇ ਕੂਕਰ ਪਹਿਰਾ ਦੇ ਰਹੇ ਹੁੰਦੇ। ਰਾਜਾ ਸਾਹਿਬ ਜੀ ਦੇ ਗੁਰਧਾਮਾਂ ਤੇ ਅੱਜ ਵੀ ਜਿਹੜਾ ਪ੍ਰਾਣੀ ਕੋਈ ਆਪਣੀ ਮਨ ਦੀ ਆਸਾ ਲੈ ਕੇ ਜਾਂਦਾ ਹੈ, ਉਹ ਜ਼ਰੂਰ ਪੂਰੀ ਹੁੰਦੀ ਹੈ। ਰਾਜਾ ਸਾਹਿਬ ਜੀ ਦੇ ਪ੍ਰੇਮੀਆਂ ਨੇ ਗੁਰੂ ਘਰਾਂ ਦੀ ਸੰਭਾਲ ਬਹੁਤ ਹੀ ਸੋਹਣੇ ਤੇ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ। ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਯਾਦ ’ਚ ਇੱਕ ਹਸਪਤਾਲ ਮਜਾਰਾ ਰਾਜਾ ਸਾਹਿਬ ਵਿਖੇ ਚੱਲ ਰਿਹਾ ਹੈ। ਪਰਦੇਸਾਂ ਤੋਂ ਸੇਵਕ ਉਨ੍ਹਾਂ ਦੀ ਬਰਸੀ ’ਤੇ ਅਤੇ ਪ੍ਰਕਾਸ਼ ਉਤਸਵ ’ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਮਾਇਆ ਇੱਕਤਰ ਕਰ ਕੇ ਇਸ ਹਸਪਤਾਲ ਨੂੰ ਭੇਜਦੇ ਹਨ। ਦੂਸਰਾ ਹਸਪਤਾਲ ਉਨ੍ਹਾਂ ਦੀ ਹੀ ਯਾਦ ’ਚ ਪਿੰਡ ਰਹਿਪਾ ਵਿਖੇ ਚੱਲ ਰਿਹਾ ਹੈ। ਇਨ੍ਹਾਂ ਹਸਪਤਾਲਾਂ ’ਚ ਗਰੀਬਾਂ ਦਾ ਬਹੁਤ ਹੀ ਘੱਟ ਪੈਸਿਆਂ ਨਾਲ ਇਲਾਜ ਹੁੰਦਾ ਹੈ, ਜੋ ਵੀ ਇਨ੍ਹਾਂ ਹਸਪਤਾਲਾਂ ਤੋਂ ਇਲਾਜ ਕਰਵਾ ਕੇ ਜਾਂਦੇ ਹਨ, ਉਹ ਸਦਾ ਹੀ ਰਾਜਾ ਸਾਹਿਬ ਦੇ ਗੁਣ ਗਾਉਂਦੇ ਹਨ। ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਬਰਸੀ ਪਿੰਡ ਮਜਾਰਾ ਰਾਜਾ ਸਾਹਿਬ ਵਿਖੇ ਹਰ ਸਾਲ ਭਾਦਰੋਂ ਦੀ ਮੱਸਿਆ ਨੁੰ ਮਨਾਈ ਜਾਂਦੀ ਹੈ। ਕੈਨੇਡਾ ’ਚ ਹਮੇਸ਼ਾ ਪਿੰਡ ਮਜਾਰਾ ਰਾਜਾ ਸਾਹਿਬ ਤੋਂ ਬਾਅਦ ਮਨਾਈ ਜਾਂਦੀ ਹੈ। ਧੰਨ-ਧੰਨ ਨਾਭ ਕੰਵਲ ਸ਼੍ਰੀ ਰਾਜਾ ਸਾਹਿਬ ਜੀ ਦੇ ਦੇਸ਼ਾਂ ਅਤੇ ਵਿਦੇਸ਼ਾਂ ’ਚ ਲੱਖਾਂ ਸੰਗਤਾਂ ਵੀ ਹਨ।