ਲੀਡਰਾਂ ਦੀ ਗੂੜ੍ਹੀ ਯਾਰੀ, ਜਨਤਾ ਦੀ ਹੋ ਰਹੀ ਖੱਜਲ-ਖੁਆਰੀ
ਲੀਡਰਾਂ ਦੀ ਗੂੜ੍ਹੀ ਯਾਰੀ, ਜਨਤਾ ਦੀ ਹੋ ਰਹੀ ਖੱਜ਼ਲ-ਖ਼ੁਆਰੀ
Publish Date: Thu, 12 Mar 2026 08:41 PM (IST)
Updated Date: Fri, 13 Mar 2026 04:12 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਅੱਜ ਦੀ ਸਿਆਸਤ ਦਾ ਇੱਕ ਅਜਿਹਾ ਕੌੜਾ ਸੱਚ ਸਾਹਮਣੇ ਆ ਰਿਹਾ ਹੈ, ਜਿਸ ਨੇ ਪਿੰਡਾਂ ਤੇ ਸ਼ਹਿਰਾਂ ਦੇ ਸਮਾਜਿਕ ਤਾਣੇ-ਬਾਣੇ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਦੇਖਣ ’ਚ ਆ ਰਿਹਾ ਹੈ ਕਿ ਚਾਹੇ ਲੀਡਰ ਛੋਟਾ ਹੋਵੇ ਜਾਂ ਵੱਡਾ, ਚੋਣਾਂ ਸਮੇਂ ਤਾਂ ਉਹ ਇੱਕ-ਦੂਜੇ ਦੇ ਕੱਟੜ ਵਿਰੋਧੀ ਨਜ਼ਰ ਆਉਂਦੇ ਹਨ ਪਰ ਅਸਲ ਵਿਚ ਇਨ੍ਹਾਂ ਸਾਰਿਆਂ ਦੇ ਨਿੱਜੀ ਹਿੱਤ ਹਮੇਸ਼ਾ ਸਾਂਝੇ ਹੁੰਦੇ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਜਿਹੜੇ ਕਿ ਅਕਸਰ ਹੀ ਸਟੇਜਾਂ ਉੱਪਰ ਇੱਕ-ਦੂਜੇ ਨਾਲ ਮੇਹਣੋ ਮਿਹਣੀ ਹੁੰਦੇ ਆਮ ਵੇਖੇ ਜਾਂਦੇ ਸਨ, ਪਰ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋਣ ਲਈ ਇੱਕ ਪੋਸਟ ਉੱਪਰ ਜਦ ਇਨ੍ਹਾਂ ਲੀਡਰਾਂ ਨੂੰ ਇੱਕ-ਦੂਜੇ ਨਾਲ ਹਾਸਾ-ਠੱਠਾ ਕਰਦਿਆਂ ਵੇਖਿਆ ਤਾਂ ਇਹ ਇਲਾਕੇ ਦੀਆਂ ਸਿਆਸੀ ਸੱਥਾਂ ’ਚ ਚਰਚਾ ਦਾ ਵਿਸ਼ਾ ਬਣ ਗਿਆ। ਲੋਕਾਂ ਨੇ ਆਖਿਆ ਕਿ ਆਮ ਲੋਕ ਵੋਟਾਂ ਵੇਲੇ ਇਨ੍ਹਾਂ ਲੀਡਰਾਂ ਦੀ ਖ਼ਾਤਰ ਆਪਣੇ ਸਾਲਾਂ ਪੁਰਾਣੇ ਭਾਈਚਾਰੇ ਤੋੜ ਲੈਂਦੇ ਹਨ, ਗਾਲੀ-ਗਲੋਚ ਕਰਦੇ ਹਨ ਤੇ ਇੱਕ-ਦੂਜੇ ਦੇ ਵੈਰੀ ਬਣ ਜਾਂਦੇ ਹਨ, ਜਦਕਿ ਚੋਣਾਂ ਤੋਂ ਬਾਅਦ ਉਹੀ ਵਿਰੋਧੀ ਲੀਡਰ ਨਿੱਜੀ ਪ੍ਰੋਗਰਾਮਾਂ ’ਚ ਇਕੱਠੇ ਬੈਠ ਕੇ ਖਿਚੜੀ ਪਕਾਉਂਦੇ ਤੇ ਮਲਾਈਆਂ ਖਾਂਦੇ ਤੇ ਇਕ-ਦੂਜੇ ਨਾਲ ਖਾਸੇ ਠੱਠੇ ਕਰਦੇ ਦੇਖੇ ਜਾਂਦੇ ਹਨ, ਜੇਕਰ ਸੂਤਰਾਂ ਦੇ ਹਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਜੋਸ਼ ’ਚ ਆ ਕੇ ਲੜਾਈਆਂ ਮੁੱਲ ਲੈਣ ਵਾਲੇ ਆਮ ਬੰਦੇ ’ਤੇ ਜਦੋਂ ਕੇਸ ਦਰਜ ਹੁੰਦੇ ਹਨ ਤਾਂ ਕੋਈ ਵੀ ਲੀਡਰ ਉਸ ਲਈ ਜੇਲ੍ਹ ਨਹੀਂ ਕੱਟਦਾ। ਥਾਣੇ-ਕਚਹਿਰੀਆਂ ਦੇ ਗੇੜੇ ਸਿਰਫ਼ ਗ਼ਰੀਬ ਜਾਂ ਆਮ ਵਰਕਰ ਦੇ ਹਿੱਸੇ ਹੀ ਆਉਂਦੇ ਹਨ। ਇੰਨਾ ਹੀ ਨਹੀਂ ਚੋਣਾਂ ਤੋਂ ਬਾਅਦ ਪਿੰਡਾਂ ’ਚ ਸਿਆਸੀ ਰੰਜਿਸ਼ ਕਾਰਨ ਆਪੋਜੀਸ਼ਨ ਲੀਡਰਾਂ ਜਾਂ ਸਰਪੰਚਾਂ ਵੱਲੋਂ ਵਿਰੋਧੀ ਧਿਰ ਦੇ ਲੋਕਾਂ ਨੂੰ ਸਿਹਤ ਕਾਰਡਾਂ ਤੇ ਹੋਰ ਸਰਕਾਰੀ ਸਕੀਮਾਂ ਤੋਂ ਵਾਂਝੇ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਸ ਦਾ ਸਿੱਧਾ ਨੁਕਸਾਨ ਆਮ ਜਨਤਾ ਨੂੰ ਹੀ ਭੁਗਤਣਾ ਪੈਂਦਾ ਹੈ। ਵਿਧਾਨ ਸਭਾ ਹਲਕਾ ਬਲਾਚੌਰ ਅੰਦਰ ਸਿਆਸਤ ਇੱਕ ਅਜਿਹੀ ਸ਼ਤਰੰਜ ਬਣ ਚੁੱਕੀ ਹੈ, ਜਿੱਥੇ ਆਮ ਲੋਕਾਂ ਨੂੰ ਸਿਰਫ਼ ਮੋਹਰੇ ਵਜੋਂ ਵਰਤਿਆ ਜਾਂਦਾ ਹੈ। ਇਹ ਵਾਇਰਲ ਹੋਈ ਵੀਡੀਓ, ਜਿਸ ਵਿਚ ਵੱਖ-ਵੱਖ ਪਾਰਟੀਆਂ ਦੇ ਨਾਮੀ ਲੀਡਰ ਇੱਕ-ਦੂਜੇ ਨੂੰ ਬੜੀ ਗੰਭੀਰਤਾ ਨਾਲ ਮਿਲਦੇ ਦਿਖਾਈ ਦਿੰਦੇ ਹਨ, ਜੋ ਨਾਲ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਵੀ ਦਿੰਦੀ ਹੈ ਤੇ ਉਨ੍ਹਾਂ ਵਰਕਰਾਂ ਦੀਆਂ ਅੱਖਾਂ ਵੀ ਖੋਲ੍ਹਦੀ ਹੈ, ਜੋ ਇਨ੍ਹਾਂ ਦੇ ਬਹਿਕਾਵਿਆਂ ’ਚ ਆ ਕੇ ਇੱਕ-ਦੂਜੇ ਖ਼ਿਲਾਫ਼ ਲੜ ਝਗੜ ਕੇ ਆਪਣੇ ਸਮਾਜਿਕ ਰਿਸ਼ਤਿਆਂ ਨੂੰ ਵੀ ਖਰਾਬ ਕਰ ਚੁੱਕੇ ਹਨ। ਕੁਝ ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਪਾਰਟੀਆਂ ਆਉਂਦੀਆਂ-ਜਾਂਦੀਆਂ ਰਹਿਣਗੀਆਂ ਪਰ ਪਿੰਡ ਦਾ ਸ਼ਰੀਕਾ-ਭਾਈਚਾਰਾ ਸਦਾ ਰਹਿਣਾ ਹੈ।