ਦਰਬਾਰ ਸ੍ਰੀ ਗੁਰੂ ਰਾਮਰਾਏ ਦਾ ਸਾਲਾਨਾ ਜੋੜ ਮੇਲਾ ਸੰਪੰਨ
ਦਰਬਾਰ ਸ੍ਰੀ ਗੁਰੂ ਰਾਮਰਾਏ ਦਾ ਸਲਾਨਾ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਸੰਪਨ
Publish Date: Thu, 12 Mar 2026 04:29 PM (IST)
Updated Date: Fri, 13 Mar 2026 04:01 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਦਰਬਾਰ ਸ੍ਰੀ ਗੁਰੂ ਰਾਮ ਰਾਏ ਦੇਹਰਾਦੂਨ ਦਾ ਸਲਾਨਾ ਪੰਜ ਦਿਨਾਂ ਜੋੜ ਮੇਲਾ ਦਰਬਾਰ ਦੇ ਦਸਵੇਂ ਮਹੰਤ ਦੇਵੇਂਦਰ ਦਾਸ ਦੀ ਸਰਪ੍ਰਸਤੀ ਹੇਠ ਬੜੀ ਹੀ ਸ਼ਾਨੋ ਸ਼ੌਕਤ ਅਤੇ ਧਾਰਮਿਕ ਰੀਤਾਂ ਪੂਰੀਆਂ ਕਰਦਾ ਹੋਇਆ ਸੰਪਨ ਹੋਇਆ। ਮੇਲੇ ਦੇ ਪਹਿਲੇ ਦਿਨ ਪੰਜਾਬ ਤੋਂ 350 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰ ਕੇ ਪਹੁੰਚੀਆਂ ਸੰਗਤ ਦਾ ਭਰਵਾਂ ਸਵਾਗਤ ਕੀਤਾ। ਸਮੂਹ ਸੰਗਤ ਵੱਲੋਂ ਗੁਰੂ ਜਸ ਗਾਇਨ ਕੀਤਾ। ਮੇਲੇ ਦੇ ਦੂਸਰੇ ਦਿਨ ਦਰਬਾਰ ਵਿਚ ਮੇਲੇ ਦੀਆਂ ਪ੍ਰਾਰੰਭਿਕ ਰਸਮਾਂ ਨਿਭਾਈਆਂ ਗਈਆਂ ਅਤੇ ਸੰਗਤਾਂ ਵੱਲੋਂ ਦਰਬਾਰ ਦੀ ਪਰਿਕਰਮਾ ਕੀਤੀ ਗਈ। ਦਰਬਾਰ ਦੇ ਇਤਿਹਾਸਕ ਸਥਾਨਾਂ ’ਤੇ ਸੰਗਤਾਂ ਵੱਲੋਂ ਬੜੀ ਸ਼ਰਧਾਪੂਰਵਕ ਮੱਥਾ ਟੇਕਿਆ ਗਿਆ। ਮੇਲੇ ਦੇ ਤੀਸਰੇ ਦਿਨ ਮੁਹੱਲਾ ਬੰਬੇ ਬਾਗ ਤੋਂ 94 ਫੁੱਟ ਲੰਬਾਈ ਵਾਲਾ ਨਿਸ਼ਾਨ ਸਾਹਿਬ ਸੰਗਤਾਂ ਦੇ ਵੱਡੇ ਕਾਫਲੇ ਵੱਲੋਂ ਮੋਢਿਆਂ ਤੇ ਚੁੱਕ ਕੇ ਸ਼ੋਭਾ ਯਾਤਰਾ ਦੇ ਰੂਪ ਵਿਚ 10 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਦਰਬਾਰ ਸ੍ਰੀ ਗੁਰੂ ਰਾਮਰਾਏ ਵਿਖੇ ਲਿਆਂਦਾ ਗਿਆ। ਇਸ ਅਲੌਕਿਕ ਯਾਤਰਾ ’ਚ ਪੰਜਾਬ ਤੋਂ ਵਿਸ਼ੇਸ਼ ਕਰਕੇ ਸੰਗਤਾਂ ਸ਼ਾਮਿਲ ਹੋਈਆਂ। ਮੇਲੇ ਦੇ ਚੌਥੇ ਦਿਨ ਦਰਬਾਰ ਦੇ ਵਿਹੜੇ ਵਿਚ ਦੀਵਾਨ ਸਜਾਏ ਗਏ ਅਤੇ ਮਹੰਤ ਦੇਵੇਂਦਰ ਦਾਸ ਵੱਲੋਂ ਸੰਗਤਾਂ ਨੂੰ ਪ੍ਰਵਚਨਾਂ ਨਾਲ ਨਿਹਾਲ ਕੀਤਾ ਅਤੇ ਨਾਮਦਾਨ ਦੀ ਦਾਤ ਬਖਸ਼ਿਸ਼ ਕੀਤੀ। ਮੇਲੇ ਦੇ ਪੰਜਵੇਂ ਦਿਨ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਮੁੱਖ ਰਸਮ ਮਹੰਤ ਦੇਵੇਂਦਰ ਦਾਸ ਦੀ ਅਗਵਾਈ ਵਿਚ ਸਮੂਹ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਪੂਰਵਕ ਨਿਭਾਈ। ਨਿਸ਼ਾਨ ਸਾਹਿਬ ਚੜ੍ਹਾਏ ਜਾਣ ਦਾ ਅਲੌਕਿਕ ਦ੍ਰਿਸ਼ ਜਿੱਥੇ ਸਥਾਨਕ ਸੰਗਤਾਂ ਨੇ ਦੇਖਿਆ, ਉੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੀ ਇਸ ਨਜ਼ਾਰੇ ਨੂੰ ਦੇਖ ਕੇ ਨਿਹਾਲ ਹੋਈਆਂ। ਮੇਲੇ ਦੇ ਪੰਜੇ ਦਿਨ ਦਰਬਾਰ ਮੰਜੀ ਸਾਹਿਬ ਵਿਖੇ ਕੀਰਤਨ ਦੀਵਾਨ ਸੱਜਦੇ ਰਹੇ, ਜਿਸ ’ਚ ਭਾਈ ਗੁਰਨਾਮ ਸਿੰਘ, ਭਾਈ ਮਲਕੀਤ ਸਿੰਘ ਭੰਗੂ, ਭਾਈ ਰਣਧੀਰ ਸਿੰਘ ਰਾਣਾ, ਚਰਨਜੀਤ ਚੰਨੀ ਮਾਣਕਰਾਈ, ਪ੍ਰੋ. ਰਾਮਪਾਲ ਬੰਗਾ, ਪ੍ਰੋ. ਅਸ਼ੋਕ ਬੰਗਾ, ਨੋਨੀ ਸੈਣੀ, ਭਿੰਦਾ ਬੈਂਸ, ਭਿੰਦਾ ਲਸਾੜੀ, ਸੰਜੇ ਸਾਨੀ, ਮੱਖਣ ਸਿੰਘ ਬੜੀਗੰਧੋ, ਸੋਹਣ ਸਿੰਘ ਸੁਰੀਲਾ, ਅਵਤਾਰ ਮਾਣਕਰਾਈ, ਬੀਬਾ ਸਰਬਜੀਤ ਕੌਰ ਖ਼ਾਲਸਾ, ਭਾਈ ਜਸਪਾਲ ਸਿੰਘ, ਕਰਨਪ੍ਰੀਤ ਸਿੰਘ, ਚੰਨਣ ਸਿੰਘ ਬੰਕਾ, ਸਨੀ ਰਾਏ ਤੋਂ ਇਲਾਵਾ ਅਨੇਕਾਂ ਹੋਰ ਕਲਾਕਾਰਾਂ ਨੇ ਭਰਵੀਂ ਹਾਜ਼ਰੀ ਲਗਵਾਈ।।ਕੀਰਤਨ ਦੀਵਾਨ ਦੇ ਪੰਜੇ ਦਿਨ ਦੇਸ ਰਾਜ ਖਾਨਪੁਰੀ ਵੱਲੋਂ ਮੰਚ ਸੰਚਾਲਨ ਬਾਖੂਬੀ ਕੀਤਾ।