ਮੁਲਾਜ਼ਮਾਂ ’ਚ ਵਧਿਆ ਤਣਾਅ, ਸ਼ੂਗਰ ਮਿੱਲ ਦੀ ਪਾਵਰ ਸਪਲਾਈ ਠੱਪ
ਮੁਲਾਜ਼ਮਾਂ 'ਚ ਵਧੀ ਤਨਾਤਨੀ ਸ਼ੂਗਰ ਮਿਲ ਦੀ ਪਾਵਰ ਸਪਲਾਈ ਠੱਪ
Publish Date: Sun, 11 Jan 2026 08:01 PM (IST)
Updated Date: Mon, 12 Jan 2026 04:16 AM (IST)

ਰੋਸ ਚ ਆਏ ਕਿਸਾਨ ਨੇ ਬੰਗਾ ਰੋਡ ’ਤੇ ਲਾਇਆ 4 ਤੋਂ 5 ਘੰਟੇ ਦਾ ਚੱਕਾ ਜਾਮ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਦਿ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਸ਼ੂਗਰ ਮਿੱਲ ’ਚ ਸਥਿਤ ਕੋ ਜਨਰੇਸ਼ਨ ਪਲਾਂਟ ਦੇ 2 ਮੁਲਾਜ਼ਮਾਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਇਕ ਮੁਲਾਜ਼ਮ ਵੱਲੋਂ ਰੋਸ ’ਚ ਬਿਜਲੀ ਦੀ ਸਪਲਾਈ ਬੰਦ ਕਰਨ ਕਾਰਨ ਠੱਪ ਹੋਈ ਗੰਨੇ ਦੀ ਪਿੜਾਈ ਕਾਰਨ ਮਿੱਲ ’ਚ ਗੰਨਾ ਲੈ ਕੇ ਪੁੱਜੇ ਕਿਸਾਨਾਂ ਦੀ ਪਰੇਸ਼ਾਨੀ ਵੱਧ ਗਈ। ਇਸ ਕਾਰਨ ਪਰੇਸ਼ਾਨ ਕਿਸਾਨਾਂ ਵੱਲੋਂ 12 ਵਜੇ ਤੋਂ 4 ਵਜੇ ਤੱਕ ਸਥਾਨਕ ਬੰਗਾ ਰੋਡ ’ਤੇ ਚੱਕਾ ਜਾਮ ਕਰ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤੱਕ ਮਿੱਲ ਪ੍ਰਸ਼ਾਸਨ ਵੱਲੋਂ ਸ਼ੂਗਰ ਮਿੱਲ ਦੀ ਬਿਜਲੀ ਸਪਲਾਈ ਨੂੰ ਮੁੜ ਚਾਲੂ ਕਰਵਾਉਣ ਲਈ ਉਪਰਾਲੇ ਕਰਦੇ ਰਹੇ ਪਰ ਨਾਕਾਮ ਰਹਿਣ ’ਤੇ ਮੌਕੇ ’ਤੇ ਪੁੱਜੇ ਡੀਐੱਸਪੀ ਨਿਰਮਲ ਸਿੰਘ ਵੱਲੋਂ ਮਿੱਲ ਦੀ ਸਪਲਾਈ ਬੰਦ ਕਰਨ ਵਾਲੇ ਮੁਲਾਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਕਿਸਾਨਾਂ ਦੇ ਰੋਸ ਨੂੰ ਸ਼ਾਂਤ ਕਰਦੇ ਦਿੱਸੇ। ਕਿਸਾਨਾਂ ਨੇ ਦੱਸਿਆ ਕਿ ਇਕ ਤਾਂ ਪਹਿਲਾ ਹੀ ਗੰਨਾ ਮਿੱਲ ਦੀ ਪਿੜਾਈ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ ਹੈ। ਪਹਿਲਾ ਵੀ ਗੰਨਾ ਮਿੱਲ ’ਚੋਂ ਗੰਨੇ ਦੇ ਰਸ ਦੀ ਸਾਂਭ ਸੰਭਾਲ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਸੀ, ਜਦਕਿ ਇਸ ਮਾਮਲੇ ’ਚ ਵੀ ਪ੍ਰਸ਼ਾਸਨ ਤੇ ਸਰਕਾਰ ਦੀ ਚੁੱਪੀ ਟੁੱਟ ਨਹੀਂ ਰਹੀ ਹੈ, ਜਦਕਿ ਇਸ ਵਾਰ ਤਾਂ ਮੁਲਾਜ਼ਮਾਂ ਦੀ ਆਪਸੀ ਲੜਾਈ ਕਾਰਨ ਜਨਰੇਸ਼ਨ ਪਲਾਂਟ ਦੀ ਬਿਜਲੀ ਸਪਲਾਈ ਬੰਦ ਕਰ ਦੇਣਾ ਕਿੰਨਾ ਕੁ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਲਾਜ਼ਮਾਂ ਖਿਲਾਫ਼ ਮਿੱਲ ਪ੍ਰਬੰਧਕਾਂ ਤੇ ਪੁਲਿਸ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਉਧਰ ਕਿਸਾਨਾਂ ਵੱਲੋਂ ਲਾਏ ਚੱਕਾ ਜਾਮ ਕਾਰਨ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਜਿੱਥੇ ਟ੍ਰੈਫਿਕ ਨੂੰ ਡਾਇਵਰਟ ਕਰਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ, ਉਥੇ ਡੀਐੱਸਪੀ ਨਿਰਮਲ ਸਿੰਘ ਤੇ ਥਾਣਾ ਮੁਖੀ ਨਵਾਂਸ਼ਹਿਰ ਅਵਤਾਰ ਸਿੰਘ ਨੇ ਭਾਰੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਮਾਮਲੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਧਰ ਕਿਸਾਨਾਂ ਦੇ ਦਬਾਅ ਨੂੰ ਦੇਖਦਿਆਂ ਪੁਲਿਸ ਅਫ਼ਸਰਾਂ ਨੇ ਮੌਕੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਮਿੱਲ ਪ੍ਰਸ਼ਾਸਨ ਤੇ ਧਰਨਾਕਾਰੀ ਕਿਸਾਨਾਂ ਵਿਚਕਾਰ ਗੱਲਬਾਤ ਦਾ ਦੌਰ ਸ਼ੁਰੂ ਕਰਵਾਇਆ। ਡੀਐੱਸਪੀ ਨਿਰਮਲ ਸਿੰਘ ਨੇ ਕਿਸਾਨਾਂ ਨੂੰ ਵਿਸ਼ਵਾਸ ਦੁਆਇਆ ਕਿ ਜਿਨ੍ਹਾਂ ਮੁਲਾਜ਼ਮਾਂ ਨੇ ਨਿੱਜੀ ਲੜਾਈ ਕਾਰਨ ਮਿੱਲ ਦੀ ਸਪਲਾਈ ਬੰਦ ਕਰ ਕੇ ਸਰਕਾਰੀ ਕੰਮ ’ਚ ਵਿਘਨ ਪਾਇਆ ਹੈ ਤੇ ਕਿਸਾਨਾਂ ਨੂੰ ਖੱਜਲ-ਖੁਆਰ ਕੀਤਾ ਹੈ, ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹਿਆ ਤੇ ਆਵਾਜਾਈ ਮੁੜ ਬਹਾਲ ਹੋਈ। ਉਧਰ ਖ਼ਬਰ ਲਿਖੇ ਜਾਣ ਤੱਕ ਮਿੱਲ ਪ੍ਰਬੰਧਕਾਂ, ਡਾਇਰੈਕਟਰਾਂ ਨਾਲ ਸੰਪਰਕ ਨਹੀਂ ਹੋ ਸਕਿਆ।