ਵਿਦਿਆਰਥੀਆਂ ਨੇ ਬੱਲੋਵਾਲ ਸੌਖੜੀ ਦਾ ਕੀਤਾ ਦੌਰਾ
ਵਿਦਿਆਰਥੀਆਂ ਨੇ ਬੱਲੋਵਾਲ ਸੌਖੜੀ ਦਾ ਕੀਤਾ ਦੌਰਾ
Publish Date: Sat, 14 Feb 2026 06:12 PM (IST)
Updated Date: Sun, 15 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੋਵਾਲ ਦੇ ਵਿਦਿਆਰਥੀਆਂ ਵੱਲੋਂ ਪੀਏਯੂ ਖੇਤੀਬਾੜੀ ਕਾਲਜ ਅਤੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦਾ ਵਿੱਦਿਅਕ ਦੌਰਾ ਕੀਤਾ। ਕਾਲਜ ਦੇ ਡੀਨ ਡਾ. ਮਨਮੋਹਨਜੀਤ ਸਿੰਘ ਨੇ ਕਾਲਜ ਵਿਚ ਚੱਲ ਰਹੇ ਬੀਐੱਸਸੀ ਐਗਰੀਕਲਚਰ ਕੋਰਸ ਅਤੇ ਖੋਜ, ਪਸਾਰ ਅਤੇ ਸਿੱਖਿਆ ਦੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇਸ਼ ਦੀ ਸਰਵਉੱਚ ਯੂਨੀਵਰਸਿਟੀ ਹੈ ਅਤੇ ਇਹ ਕਾਲਜ ਵਿਸ਼ੇਸ਼ ਰੂਪ ਵਿਚ ਕੰਢੀ ਇਲਾਕੇ ਦੇ ਵਿਦਿਆਰਥੀਆਂ ਨੂੰ ਮੁੱਖ ਰਖਦੇ ਹੋਏ ਸਥਾਪਿਤ ਕੀਤਾ ਹੈ ਤਾਂ ਜੋ ਇਹ ਕੋਰਸ ਕਰਕੇ ਕੰਢੀ ਇਲਾਕੇ ਦੇ ਕਿਸਾਨਾਂ ਦੀ ਸਹਾਇਤਾ ਲਈ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਕੰਢੀ ਇਲਾਕੇ ਵਿਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਫਸਲਾਂ, ਖੋਜ ਅਤੇ ਮੌਸਮ ਬਾਰੇ ਜਾਣਕਾਰੀ ਦਿੱਤੀ।।ਡਾ. ਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਕਾਲਜ ਵਿਚ ਸਥਾਪਿਤ ਪ੍ਰਯੋਗਸ਼ਾਲਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਾਲਜ ਦਾ ਦੌਰਾ ਕਰਵਾਇਆ। ਡਾ. ਪੂਜਾ ਗੋਇਲ ਨੇ ਉਨ੍ਹਾਂ ਨੂੰ ਪੋਲੀਹਾਊਸ ਅਤੇ ਮੀਂਹ ਦਾ ਪਾਣੀ ਇਕੱਠਾ ਕਰਨ ਦਾ ਮਾਡਲ ਦਿਖਾਇਆ ਅਤੇ ਇਸ ਨਾਲ ਹੋਣ ਵਾਲੀ ਤੁਪਕਾ ਸਿੰਚਾਈ ਵਿਧੀ ਬਾਰੇ ਦੱਸਿਆ। ਡਾ. ਵਰੁਣ ਅੱਤਰੀ ਨੇ ਵੱਖ-ਵੱਖ ਜੰਗਲੀ ਰੁੱਖਾਂ ਬਾਰੇ ਜਾਣਕਾਰੀ ਦਿੰਦਿਆਂ ਦਵਾਈਆ ਵਾਲੇ ਪੌਦਿਆਂ ਦੀ ਪ੍ਰਦਰਸ਼ਨੀ ਦਿਖਾਈ। ਡਾ. ਅਮੀਨ ਭੱਟ ਨੇ ਭੂਮੀ ਵਿਗਿਆਨ ਪ੍ਰਯੋਗਸ਼ਾਲਾ ਦਿਖਾਈ ਅਤੇ ਉੱਥੇ ਵਰਤੇ ਜਾਣ ਵਾਲੇ ਵੱਖ-ਵੱਖ ਯੰਤਰਾਂ ਬਾਰੇ ਜਾਣਕਾਰੀ ਦਿੱਤੀ। ਡਾ. ਨਵਨੀਤ ਕੌਰ ਨੇ ਖੇਤੀ ਮੌਸਮ ਸਲਾਹਕਾਰ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਮੌਸਮ ਦੀ ਤਬਦੀਲੀ ਕਾਰਣ ਫਸਲਾਂ ’ਤੇ ਪੈ ਰਹੇ ਪ੍ਰਭਾਵਾਂ ਬਾਰੇ ਦੱਸਿਆ। ਇਸ ਦੌਰੇ ਦਾ ਸੰਚਾਲਨ ਡਾ. ਸ਼ਮਿੰਦਰ ਕੁਮਾਰ ਅਤੇ ਆਂਚਲ ਕਟਾਰੀਆ ਨੇ ਕੀਤਾ।