ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਵਧਾਇਆ ਜ਼ਿਲ੍ਹੇ ਦੇ ਮਾਣ
ਜ਼ਿਲ੍ਹੇ ਦੇ ਵਿਦਿਆਰਥੀ ਨੇ 8ਵੇਂ, 10ਵੇਂ, 11ਵੇਂ, 13ਵੇਂ ਅਤੇ 16ਵੇਂ ਸਥਾਨ 'ਤੇ
Publish Date: Sat, 11 Apr 2026 04:04 PM (IST)
Updated Date: Sun, 12 Apr 2026 04:00 AM (IST)
- ਅੱਠਵੀਂ ਦਾ ਵਿਦਿਆਰਥੀ ਦਲਵੀਰ ਕੁਮਾਰ ਪੂਰੇ ਪੰਜਾਬ ’ਚੋਂ 8ਵੇਂ ਰੈਂਕ ’ਤੇ : ਡੀਈਓ ਅਨੀਤਾ ਸ਼ਰਮਾ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਦਿਆਰਥੀਆਂ ਨੇ ਅਠਵੀਂ ਕਲਾਸ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਜ਼ਿਲ੍ਹੇ ਦੇ ਨਾਂਅ ਰੌਸ਼ਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਵਾਮੀ ਰੂਪ ਚੰਦ ਜੈਨ ਮਾਡਲ ਸਕੂਲ ਬੰਗਾ ਦੇ ਦਲਵੀਰ ਕੁਮਾਰ ਪੁੱਤਰ ਅਰਵਿੰਦਰ ਪ੍ਰਸ਼ਾਦ ਨੇ 8ਵਾਂ ਰੈਂਕ ਪ੍ਰਾਪਤ ਕਰਦਿਆਂ 595/600 (98.67) ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਚਾਦਿਕਾ ਪੁੱਤਰੀ ਅਵਤਾਰ ਰਾਮ ਨੇ 10ਵਾਂ ਰੈਂਕ ਪ੍ਰਾਪਤ ਕਰਦਿਆਂ ਕੁੱਲ 590/600 (98.33) ਫ਼ੀਸਦੀ ਅੰਕ ਪ੍ਰਾਪਤ ਕੀਤੇ। ਸਰਕਾਰੀ ਸਕੂਲ ਪਠਲਾਵਾ ਦੇ ਅਲੀਸ਼ਬਾ ਮਾਹੀਨ ਅਤੇ ਸਿਮਰਪ੍ਰੀਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਨੇ 11ਵਾਂ ਰੈਂਕ ਪ੍ਰਾਪਤ ਕਰਦਿਆਂ ਕੁੱਲ 589/600 (98.17) ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਸਰਕਾਰੀ ਸਕੂਲ ਰਟੈਂਡਾ ਦੀ ਵਿਦਿਆਰਥਣ ਗੁਰਕੀਤ ਕੌਰ ਪੁੱਤਰੀ ਗੁਰਦੀਪ ਸਿੰਘ ਨੇ 13ਵਾਂ ਰੈਂਕ ਪ੍ਰਾਪਤ ਕਰਕੇ ਕੁੱਲ 587/600 (97.33) ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਜਦਕਿ ਅਵਨੀਤ ਕੌਰ ਪੁੱਤਰੀ ਗੁਰਨਾਮ ਸਿੰਘ ਨੇ 16 ਵਾਂ ਰੈਂਕ ਪ੍ਰਾਪਤ ਕਰਕੇ ਕੁੱਲ 584/600 (97.33) ਫ਼ੀਸਦੀ ਅੰਕ ਹਾਂਸਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਅੱਠਵੀਂ ਦੀ ਪ੍ਰੀਖਿਆ ਵਿਚ ਜ਼ਿਲ੍ਹੇ ਵਿਚ ਕੁੱਲ 5094 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 4957 ਵਿਦਿਆਰਥੀ ਸਫ਼ਲ ਰਹੇ। ਇਸ ਤਰ੍ਹਾਂ ਜ਼ਿਲ੍ਹੇ ਦਾ ਕੁੱਲ ਪਾਸ ਪ੍ਰਤੀਸ਼ਤ 97.31 ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਨੇ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਗਏ ਵਿਦਿਅਕ ਸੁਧਾਰਾਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਪ੍ਰਮਾਣ ਹਨ। ਉਨ੍ਹਾਂ ਨੇ ਜ਼ਿਲ੍ਹੇ ਦੇ ਸਫ਼ਲ ਵਿਦਿਆਰਥੀਆਂ, ਮਾਪਿਆ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ, ਉੱਥੇ ਹੀ ਪ੍ਰੀਖਿਆ ਪਾਸ ਨਾ ਕਰ ਸਕਣ ਵਾਲੇ ਬੱਚਿਆਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਨਿਰਾਸ਼ ਨਾ ਹੋਣ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਅਕਾਦਮਿਕ ਮਦਦ ਕੀਤੀ ਜਾਵੇਗੀ ਤਾਂ ਜੋ ਉਹ ਅਗਲੀਆਂ ਕੋਸ਼ਿਸ਼ਾਂ ਵਿੱਚ ਬਿਹਤਰ ਪ੍ਰਦਰਸ਼ਨ ਕਰ ਸਕਣ।