ਨਵਾਂਸ਼ਹਿਰ 'ਚ ਮੁੱਖ ਬਾਜ਼ਾਰਾਂ 'ਚ ਰੇਹੜੀ-ਫੜ੍ਹੀ ਵਾਲਿਆਂ ਨੇ ਕੀਤੇ ਨਾਜਾਇਜ਼ ਕਬਜ਼ੇ
ਨਵਾਂਸ਼ਹਿਰ 'ਚ ਮੁੱਖ ਬਾਜ਼ਾਰਾਂ 'ਚ ਰੇਹੜੀ ਫੜੀ ਵਾਲਿਆਂ ਨੇ ਕੀਤੇ ਨਜਾਇਜ ਕਬਜੇ
Publish Date: Thu, 01 Jan 2026 05:22 PM (IST)
Updated Date: Fri, 02 Jan 2026 04:06 AM (IST)

01ਐਨਐਸਆਰ01ਪੀ ਨਵਾਂਸ਼ਹਿਰ ਦੇ ਮੁੱਖ ਬਾਜ਼ਾਰ ਕੋਠੀ ਰੋਡ ਤੇ ਸੜਕ ਚ ਲੱਗੀਆਂ ਰੇਹੜੀਆਂ ਤੇ ਫੜੀਆਂ ਕਾਰਨ ਪਰੇਸ਼ਾਨ ਰਾਹਗੀਰ ਤੇ ਵਾਹਨ ਚਾਲਕ। ਪੰਜਾਬੀ ਜਾਗਰਣ * ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ ਰੇਹੜੀ-ਫੜ੍ਹੀ ਵਾਲੇ ਤੇ ਦੁਕਾਨਦਾਰ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਮੁੱਖ ਬਾਜ਼ਾਰਾਂ, ਸੜਕ ਕਿਨਾਰਿਆਂ ਤੇ ਫੁੱਟਪਾਥਾਂ ਤੇ ਲੱਗੀਆਂ ਰੇਹੜੀਆਂ-ਫੜ੍ਹੀਆਂ ਨੂੰ ਹਟਾਉਣ ਦੇ ਜਾਰੀ ਆਦੇਸ਼ਾਂ ਨੂੰ ਨਜ਼ਰ ਅੰਦਾਜ ਕਰਨ ਕਾਰਨ ਨਵਾਂਸ਼ਹਿਰ ਦੇ ਮੁੱਖ ਬਾਜ਼ਾਰਾਂ ਚ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਖਾਸਕਰ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਰੇਹੜੀ ਅਤੇ ਫੜੀ ਵਾਲਿਆਂ ਨੂੰ ਵਾਰਡਾਂ ਵਿਚ ਜਾ ਕੇ ਆਪਣੀਆਂ ਰੇਹੜੀਆਂ ਰਾਹੀਂ ਗਰਮ ਕੱਪੜੇ, ਫਲਾਂ, ਸਬਜੀਆਂ ਸਮੇਤ ਹੋਰ ਸਮਾਨ ਦੀ ਵਿਕਰੀ ਕਰਨੀ ਚਾਹੀਦੀ ਹੈ। ਜੇਕਰ ਰੇਹੜੀਆਂ ਵਾਲੇ ਵਾਰਡਾਂ ਵਿਚ ਜਾ ਕੇ ਸਮਾਨ ਵੇਚਣ ਨੂੰ ਤਰਜੀਹ ਦੇਣ ਤਾਂ ਕਾਫੀ ਹੱਦ ਤੱਕ ਮੁੱਖ ਬਾਜ਼ਾਰਾਂ, ਮੁੱਖ ਮਾਰਗਾਂ ਨੂੰ ਨਜਾਇਜ ਕਬਜ਼ਿਆਂ ਤੋਂ ਮੁਕਤ ਰੱਖਿਆ ਜਾ ਸਕੇਗਾ, ਜਿਸ ਕਾਰਨ ਇਨ੍ਹਾਂ ਥਾਵਾਂ ਤੋਂ ਟ੍ਰੈਫਿਕ ਸੁਚਾਰੂ ਹੋਵੇਗਾ। ਇਲਾਕਾ ਵਾਸੀ ਸੋਹਣ ਸਿੰਘ, ਮਨਜੋਤ ਸਿੰਘ, ਤਰਨਪ੍ਰੀਤ ਸਿੰਘ, ਅਮਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਤੋਂ ਹੀ ਰੇਹੜੀਆਂ ਤੇ ਫੜ੍ਹੀ ਵਾਲਿਆਂ ਵੱਲੋਂ ਮੁੱਖ ਮਾਰਗਾਂ ਤੇ ਬਾਜ਼ਾਰਾਂ ’ਚ ਆਪਣਾ ਸਾਮਾਨ ਸਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਸਾਰਾ ਦਿਨ ਤੇ ਦੇਰ ਰਾਤ ਤੱਕ ਸਮਾਨ ਦੀ ਵਿਕਰੀ ਦਾ ਕੰਮ ਚਲਦਾ ਰਹਿੰਦਾ ਹੈ। ਜਿਸ ਕਾਰਨ ਮੁੱਖ ਮਾਰਗਾਂ ਤੋਂ ਆਪਣੇ ਕੰਮ ਕਾਰ ਜਾਂ ਪੜ੍ਹਾਈ ਲਿਖਾਈ ਲਈ ਕਾਲਜਾਂ ਨੂੰ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਸੜਕਾਂ ਤੇ ਚੱਲਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮਾਰਗਾਂ ਦੇ ਨਾਲ ਨਾਲ ਸਰਕਰੀ ਥਾਵਾਂ ਤੇ ਵੀ ਰੇਹੜੀਆਂ ਅਤੇ ਫੜੀਆਂ ਵਾਲਿਆਂ ਵੱਲੋਂ ਨਜਾਇਜ ਕਬਜੇ ਕੀਤੇ ਗਏ ਹਨ। ਲੋਕਾਂ ਨੇ ਮੰਗ ਕੀਤੀ ਕਿ ਫੁੱਟਪਾਥ ਦੇ ਨਾਲ ਨਾਲ ਮੁੱਖ ਮਾਰਗਾਂ ਤੇ ਬਾਜ਼ਾਰਾਂ ਵਿਚ ਕੀਤੇ ਗਏ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਸਾਂਝੀ ਮੁਹਿੰਮ ਚਲਾਈ ਜਾਵੇ। ਜਿਸ ਵਿਚ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਵੀ ਲਿਆ ਜਾਵੇ। ਤਾਂ ਜੋਂ ਰਾਹਗੀਰਾਂ ਨੂੰ ਪੈਦਲ ਚੱਲਣ ਲਈ ਫੁੱਟਪਾਥ ਦੀ ਸਹੁਲਤ ਮਿਲ ਸਕੇ। --------------- ਇਨ੍ਹਾਂ ਥਾਵਾਂ ’ਤੇ ਪ੍ਰਸ਼ਾਸਨ ਤੇ ਨਗਰ ਕੌਂਸਲ ਦੀ ਕਾਰਵਾਈ ਦੀ ਲੋੜ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਸਖਤੀ ਨਾਲ ਲਾਗੂ ਕਰੇ ਤਾਂ ਨਵੇਂ ਸਾਲ 2026 ਚ ਇਸ ਸਮਸਿਆ ਦਾ ਹੱਲ ਹੋ ਸਕਦਾ ਹੈ। ਅੱਜ ਚੰਡੀਗੜ੍ਹ ਰੋਡ ਤੋਂ ਡੀਸੀ ਦਫ਼ਤਰ, ਬੀਡੀਪੀਓ ਦਫ਼ਤਰ, ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ, ਚੰਡੀਗੜ੍ਹ ਚੌਂਕ, ਸਬਜੀ ਮੰਡੀ ਸਾਹਮਣੇ, ਬੱਸ ਅੱਡਾ ਨਵਾਂਸ਼ਹਿਰ, ਅੰਬੇਡਕਰ ਚੌਂਕ, ਫੱਟੀ ਬਸਤਾ ਚੌਂਕ, ਰੇਲਵੇ ਰੋਡ, ਰਾਹੋਂ ਰੋਡ, ਨਹਿਰੂ ਚੌਂਕ, ਕੁਲਾਮ ਰੋਡ, ਕੋਠੀ ਰੋਡ, ਗੀਤਾ ਭਵਨ ਰੋਡ, ਤਾਰਾ ਆਈਸ ਫੈਕਟਰੀ ਰੋਡ, ਬੰਗਾ ਰੋਡ, ਗੜ੍ਹਸ਼ੰਕਰ ਰੋਡ ਸਮੇਤ ਮੁੱਖ ਬਾਜ਼ਾਰਾਂ ਵਿਚ ਵੀ ਰੇਹੜੀਆਂ ਤੇ ਫੜੀਆਂ ਵਾਲਿਆਂ ਦੇ ਨਾਲ ਨਾਲ ਆਟੋ, ਟੈਕਸੀ, ਰਿਕਸ਼ਾ ਵਾਲਿਆਂ ਵੱਲੋਂ ਵੀ ਮਨਮਰਜੀ ਦੇ ਅੱਡੇ ਬਣਾ ਕੇ ਲੋਕਾਂ ਦੀ ਪਰੇਸ਼ਾਨੀ ਨੂੰ ਵਧਾਇਆ ਜਾ ਰਿਹਾ ਹੈ। ਜਿਸ ਨੂੰ ਰੋਕਣ ਵਾਲਾ ਪ੍ਰਸ਼ਾਸਨ ਚੁੱਪੀ ਧਾਰੇ ਬੈਠਾ ਹੈ। ਟ੍ਰੈਫਿਕ ਪੁਲਿਸ ਰਾਂਗ ਪਾਰਕਿੰਗ ਖ਼ਿਲਾਫ਼ ਵਿੱਢੇ ਮੁਹਿੰਮ ਲੋਕਾਂ ਨੇ ਮੰਗ ਕੀਤੀ ਕਿ ਚੰਡੀਗੜ੍ਹ ਚੌਂਕ, ਅੰਬੇਡਕਰ ਚੌਂਕ, ਫੱਟੀ ਬਸਤਾ ਚੌਂਕ ਸਮੇਤ ਹੋਰਨਾਂ ਚੌਂਕਾਂ ਵਿਚ ਵੀ ਰੇਹੜੀ ਅਤੇ ਫੜੀ ਵਾਲਿਆਂ ਵੱਲੋਂ ਕੀਤੇ ਜਾ ਰਹੇ ਨਜਾਇਜ ਕਬਜਿਆਂ ਨੂੰ ਹਟਾਉਣ ਦੇ ਯੋਗ ਉਪਰਾਲੇ ਕੀਤੇ ਜਾਣ। ਬੀਡੀਪੀਓ ਦਫਤਰ ਲਾਗੇ ਲੱਗੀਆਂ ਰੇਹੜੀਆਂ ਤੇ ਫੜੀਆਂ ਅਤੇ ਗਲਤ ਪਾਰਕਿੰਗ ਕਾਰਨ ਚੌਂਕਾਂ ਵਿਚ ਵਾਹਨਾਂ ਨੂੰ ਮੋੜਣ ਜਾਂ ਯੂ ਟਰਨ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ। ਲੋਕਾਂ ਨੇ ਇੰਨ੍ਹਾਂ ਥਾਵਾਂ ਤੇ ਨਜਾਇਜ ਤੌਰ ਤੇ ਖੜ ਰਹੇ ਈ ਰਿਕਸ਼ਾ ਅਤੇ ਆਟੋ ਰਿਕਸ਼ਾ ਸਮੇਤ ਹੋਰਨਾਂ ਵਾਹਨਾਂ ਦਾ ਪਾਰਕਿੰਗ ਹਟਾਉਣ ਦੀ ਮੰਗ ਵੀ ਕੀਤੀ। ਗ਼ਲਤ ਪਾਰਕਿੰਗ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਕਰਾਂਗੇ ਕਾਰਵਾਈ : ਟ੍ਰੈਫਿਕ ਇੰਚਾਰਜ ਟ੍ਰੈਫਿਕ ਪੁਲਿਸ ਇੰਚਾਰਜ ਸੁਭਾਸ਼ ਚੰਦਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਨਗਰ ਕੌਂਸਲ ਦੀ ਅਗਵਾਈ ਚ ਗਲਤ ਪਾਰਕਿੰਗ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾਂਦੇ ਹਨ। ਰੇਹੜੀਆਂ ਅਤੇ ਫੜੀਆਂ ਵਾਲਿਆਂ ਨੂੰ ਵਾਰਡਾਂ ਵਿਚ ਜਾ ਕੇ ਸਮਾਨ ਵੇਚਣ ਦੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚੌਂਕਾਂ ਵਿਚ ਗਲਤ ਪਾਰਕਿੰਗ ਕਰ ਕੇ ਪਰੇਸ਼ਾਨੀ ਪੈਦਾ ਕਰ ਰਹੇ ਵਾਹਨ ਚਾਲਕਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਰੇਹੜੀ, ਫੜੀ ਵਾਲਿਆਂ ਸਮੇਤ ਈ ਰਿਕਸ਼ਾ ਅਤੇ ਆਟੋ ਰਿਕਸ਼ਾ ਵਾਲਿਆਂ ਨੂੰ ਵੀ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਬਣਦਾ ਸਹਿਯੋਗ ਕਰਨ ਦੀ ਮੰਗ ਕੀਤੀ। -------------------- ਨਗਰ ਕੌਂਸਲ ਵੱਲੋਂ ਸਮੇਂ-ਸਮੇਂ ਸਿਰ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ : ਕੌਂਸਲ ਪ੍ਰਧਾਨ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸਮੇਤ ਸਮੂਹ ਮੁਲਾਜ਼ਮਾਂ ਵੱਲੋਂ ਸਮੇਂ-ਸਮੇਂ ਸਿਰ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਲੋਕਾਂ ਨੂੰ ਇਸ ’ਚ ਪ੍ਰਸ਼ਾਸਨ ਤੇ ਨਗਰ ਕੌਂਸਲ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਨਵਾਂਸ਼ਹਿਰ ਨੂੰ ਸਾਫ ਸੁਥਰਾ ਅਤੇ ਖੁਸ਼ਹਾਲ ਬਣਾਇਆ ਜਾ ਸਕੇ।