ਸਟਾਪ ਐਪੀਲੈਪਸੀ ਪ੍ਰੋਜੈਕਟ ਮਿਰਗੀ ਦੇ ਮਰੀਜ਼ਾਂ ਲਈ ਆਸ ਦੀ ਨਵੀਂ ਕਿਰਨ ਸਾਬਤ
ਸਟਾਪ ਐਪੀਲੈਪਸੀ ਪ੍ਰੋਜੈਕਟ ਮਿਰਗੀ ਦੇ ਮਰੀਜ਼ਾਂ ਲਈ ਆਸ ਦੀ ਨਵੀਂ ਕਿਰਨ ਸਾਬਤ-ਸਿਵਲ ਸਰਜਨ
Publish Date: Sun, 18 Jan 2026 05:03 PM (IST)
Updated Date: Mon, 19 Jan 2026 04:06 AM (IST)

ਮਿਰਗੀ ਦੇ ਇਲਾਜ ਦੀ ਸਫਲਤਾ ਦਵਾਈ ਲਗਾਤਾਰ ਲੈਣ ’ਤੇ ਨਿਰਭਰ : ਡਾ. ਗਗਨਦੀਪ ਸਿੰਘ ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ : ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਵੱਲੋਂ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਟਾਪ ਐਪੀਲੈਪਸੀ ਪ੍ਰੋਜੈਕਟ ਤਹਿਤ ਮਿਰਗੀ ਦੀ ਬਿਮਾਰੀ ਦੇ ਇਲਾਜ ਨੂੰ ਹੋਰ ਪ੍ਰਭਾਵਸ਼ਾਲੀ, ਬਿਹਤਰ ਤੇ ਪਹੁੰਚਯੋਗ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹੇ ਦੇ 14 ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰਾਂ ਦੀ ਸਮਰੱਥਾ ਨਿਰਮਾਣ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਦੌਰਾਨ ਮੈਡੀਕਲ ਅਫਸਰਾਂ ਨੂੰ ਸੀਡੀਐੱਸ ਤੇ ਈਐੱਮਏ ਡੀਐੱਸ ਐਪਲੀਕੇਸ਼ਨਾਂ ਸਬੰਧੀ ਹੈਂਡਜ਼-ਆਨ ਟ੍ਰੇਨਿੰਗ ਦੇ ਨਾਲ-ਨਾਲ ਨਿਰਧਾਰਤ ਪਾਠਕ੍ਰਮ ਅਨੁਸਾਰ ਸਬੰਧਤ ਜਾਣਕਾਰੀ ਵੀ ਸਾਂਝੀ ਕੀਤੀ। ਇਸੇ ਦੌਰਾਨ ਮੈਡੀਕਲ ਅਫਸਰਾਂ ਨੂੰ ਮਿਰਗੀ ਦੇ ਮਰੀਜ਼ਾਂ ਨਾਲ ਰੂਬਰੂ ਕਰਵਾਇਆ ਗਿਆ ਤੇ ਮਿਰਗੀ ਦੇ ਲੱਛਣਾਂ, ਪਛਾਣ ਤੇ ਇਲਾਜ ਪ੍ਰਬੰਧਨ ਬਾਰੇ ਪ੍ਰੈਕਟੀਕਲ ਉਦਾਹਰਨਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਸਟਾਪ ਐਪੀਲੈਪਸੀ ਪ੍ਰੋਜੈਕਟ“ਮਿਰਗੀ ਦੇ ਮਰੀਜ਼ਾਂ ਲਈ ਆਸ ਦੀ ਨਵੀਂ ਕਿਰਨ ਸਾਬਤ ਹੋ ਰਿਹਾ ਹੈ, ਕਿਉਕਿ ਇਸ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਪਿੰਡਾਂ ਅਤੇ ਦੂਰ-ਦਰਾਜ਼ ਇਲਾਕਿਆਂ ’ਚ ਮਿਰਗੀ ਤੋਂ ਪੀੜਤ ਲੋਕਾਂ ਨੂੰ ਬਿਹਤਰ ਤੇ ਪਹੁੰਚਯੋਗ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਮੰਤਵ ਮਿਰਗੀ ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਉੱਚ ਗੁਣਵੱਤਾ ਵਾਲੀ ਦੇਖਭਾਲ ਪ੍ਰਦਾਨ ਕਰਨਾ ਹੈ। ਉਨ੍ਹਾਂ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਪ੍ਰੋਫੈਸਰ ਡਾ. ਗਗਨਦੀਪ ਸਿੰਘ ਦੇ ਯਤਨਾਂ ਦੀ ਸਰਹਾਨਾ ਕਰਦੇ ਹੋਏ ਕਿਹਾ ਕਿ ਸਾਂਝੇ ਯਤਨਾਂ ਨਾਲ ਮਿਰਗੀ ਵਰਗੀ ਬਿਮਾਰੀ ’ਤੇ ਕਾਬੂ ਪਾਉਣਾ ਸੰਭਵ ਹੈ। ਇਸ ਮੌਕੇ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਮਿਰਗੀ ਦਿਮਾਗ ਨਾਲ ਸਬੰਧਤ ਤੰਤੂ ਪ੍ਰਣਾਲੀ ਦਾ ਇੱਕ ਗੰਭੀਰ ਵਿਗਾੜ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮਿਰਗੀ ਤੋਂ ਪੀੜਤ ਲੋਕਾਂ ਨੂੰ ਬਿਹਤਰ ਤੇ ਪਹੁੰਚਯੋਗ ਸਕ੍ਰੀਨਿੰਗ ਤੇ ਡਾਇਗਨੋਸਟਿਕ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਰਗੀ ਦੇ ਮਰੀਜ਼ਾਂ ਨੂੰ ਆਪਣਾ ਇਲਾਜ ਅਧੂਰਾ ਨਹੀਂ ਛੱਡਣਾ ਚਾਹੀਦਾ, ਕਿਉਂਕਿ ਇਕ ਵੀ ਖੁਰਾਕ ਮਿਸ ਹੋਣ ਨਾਲ ਦੌਰਾ ਪੈਣ ਦਾ ਖ਼ਤਰਾ ਵੱਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਲਦੀ ਪਛਾਣ ਤੇ ਸਹੀ ਇਲਾਜ ਨਾਲ ਲੱਗਭਗ 70 ਫੀਸਦ ਮਿਰਗੀ ਦੇ ਮਰੀਜ਼ ਆਮ ਜੀਵਨ ਜੀ ਸਕਦੇ ਹਨ। ਉਨ੍ਹਾਂ ਕਿਹਾ ਕਿ ਮਿਰਗੀ ਦੇ ਇਲਾਜ ਦੀ ਸਫਲਤਾ ਦਵਾਈ ਲਗਾਤਾਰ ਲੈਣ ’ਤੇ ਨਿਰਭਰ ਹੁੰਦੀ ਹੈ। ਬਾਕਸ-- ਇਹ ਹਨ ਮਿਰਗੀ ਦੇ ਕਾਰਨ : ਡਾ. ਗਗਨਦੀਪ ਸਿੰਘ ਡਾ. ਗਗਨਦੀਪ ਸਿੰਘ ਨੇ ਮਿਰਗੀ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬਿਮਾਰੀ ਦਿਮਾਗੀ ਟਿਊਮਰ, ਸਿਰ ਦੀ ਸੱਟ, ਦਿਮਾਗੀ ਤਪਦਿਕ, ਦਿਮਾਗੀ ਸੋਜ, ਦਿਮਾਗੀ ਲਹੂ ਨਾੜੀਆਂ ਦੇ ਨੁਕਸ, ਮੰਦਬੁੱਧੀ, ਦਿਮਾਗੀ ਇੰਫੈਕਸ਼ਨ, ਸ਼ਰਾਬ ਜਾਂ ਤੇਜ਼ ਦਵਾਈਆਂ ਦੇ ਪ੍ਰਭਾਵ ਕਾਰਨ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮਿਰਗੀ ਦੇ ਲੱਛਣਾਂ ’ਚ ਇੱਕਦਮ ਬੇਹੋਸ਼ ਹੋਣਾ, ਸਰੀਰ ਆਕੜਣਾ, ਝਟਕੇਦਾਰ ਦੌਰੇ ਪੈਣਾ, ਮੂੰਹ ’ਚੋਂ ਝੱਗ ਆਉਣਾ, ਦੰਦਲ ਪੈਣਾ, ਪਿਸ਼ਾਬ ਕੱਪੜਿਆਂ ’ਚ ਨਿਕਲਣਾ ਤੇ ਜੀਭ ਟੁੱਕੀ ਜਾਣਾ ਸ਼ਾਮਲ ਹਨ। ਮਿਰਗੀ ਦਾ ਦੌਰਾ ਪੈਣ ਦੀ ਸਥਿਤੀ ’ਚ ਤੁਰੰਤ ਮੁੱਢਲੀ ਡਾਕਟਰੀ ਸਹਾਇਤਾ ਨਾਲ ਮਰੀਜ਼ ਦੀ ਹਾਲਤ ਨੂੰ ਕਾਬੂ ’ਚ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਿਰਗੀ ਬਾਰੇ ਸਮਾਜ ’ਚ ਫੈਲੀਆਂ ਗਲਤ ਧਾਰਨਾਵਾਂ ਤੇ ਭਰਮਾਂ ਕਾਰਨ ਕਈ ਵਾਰ ਮਰੀਜ਼ ਇਲਾਜ ਅੱਧ ਵਿਚਾਲੇ ਛੱਡ ਦਿੰਦੇ ਹਨ, ਜਿਸ ਨਾਲ ਬਿਮਾਰੀ ਹੋਰ ਗੰਭੀਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਢੁੱਕਵੇਂ ਇਲਾਜ ਤੇ ਨਿਗਰਾਨੀ ਨਾਲ ਮਿਰਗੀ ਤੋਂ ਪੀੜਤ ਵਿਅਕਤੀ ਵੀ ਆਮ ਲੋਕਾਂ ਵਾਂਗ ਸਾਧਾਰਨ ਜੀਵਨ ਜੀ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਲਜੀਤ ਸਿੰਘ, ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਤੋਂ ਸਟਾਪ ਐਪੀਲੈਪਸੀ ਪ੍ਰੋਜੈਕਟ ਦੇ ਰਿਸਰਚ ਐਸੋਸੀਏਟ ਡਾ. ਸਰਿਸ਼ਟੀ ਵਰਮਾ, ਕਲੀਨੀਕਲ ਰਿਸਰਚ ਟ੍ਰੇਨਿੰਗ ਫੈਲੋ ਉਤਪਲ ਗਗੋਈ ਅਤੇ ਬੱਬਲਜੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।