66 ਕੂਕਾ ਸਿੱਖ ਸ਼ਹੀਦਾਂ ਦੀ ਯਾਦ 'ਚ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਅੱਜ
66 ਕੂਕਾ ਸਿੱਖ ਸ਼ਹੀਦਾਂ ਦੀ ਯਾਦ 'ਚ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਅੱਜ-ਲੋਹਟੀਆ
Publish Date: Fri, 16 Jan 2026 04:21 PM (IST)
Updated Date: Sat, 17 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਆਮ ਆਦਮੀ ਪਾਰਟੀ ਦੀ ਦੋਆਬਾ ਜ਼ੋਨ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ 66 ਨਾਮਧਾਰੀ ਕੂਕਾ ਸਿੱਖ ਸ਼ਹੀਦਾਂ ਦੀ ਅਮਰ ਯਾਦ ਨੂੰ ਸਮਰਪਿਤ ਸਮਾਗਮ ਅੱਜ ਕਰਵਾਇਆ ਜਾ ਰਿਹਾ ਹੈ। ਸਥਾਨਕ ਨਾਮਧਾਰੀ ਸ਼ਹੀਦੀ ਸਮਾਰਕ ਮਾਲੇਰਕੋਟਲੇ ਵਿਖੇ ਅੰਗਰੇਜ਼ੀ ਹਕੂਮਤ ਵੱਲੋਂ 66 ਨਾਮਧਾਰੀ ਸਿੰਘਾਂ ਨੂੰ ਬੇਰਹਿਮੀ ਨਾਲ ਤੋਪਾਂ ਨਾਲ ਉਡਾ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੀ ਅਮਰ ਸ਼ਹਾਦਤ ਦੀ ਯਾਦ ’ਚ ਅੱਜ ਰਾਜ ਪੱਧਰੀ ਸਮਾਗਮ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ, ਜਿਸ ’ਚ ਵਿਸ਼ੇਸ਼ ਤੌਰ ’ਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਉਨ੍ਹਾਂ ਕਿਹਾ ਕਿ ਨਾਮਧਾਰੀ ਸ਼ਹੀਦਾਂ ਦੀ ਕੁਰਬਾਨੀ ਸਿੱਖ ਇਤਿਹਾਸ ਦਾ ਸੁਨਹਿਰੀ ਅਧਿਆਇ ਹੈ, ਜਿਸ ਨੇ ਅਜ਼ਾਦੀ, ਇਨਸਾਫ਼ ਤੇ ਮਨੁੱਖੀ ਅਧਿਕਾਰਾਂ ਲਈ ਲੜਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਸਰਕਾਰ ਵੱਲੋਂ ਕੀਤਾ ਇਹ ਜ਼ੁਲਮ ਕਦੇ ਭੁਲਾਇਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਪੱਧਰੀ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਤੇ ਧਾਰਮਿਕ, ਇਤਿਹਾਸਕ ਰਾਹੀਂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਵੱਡੀ ਗਿਣਤੀ ’ਚ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਉਣ ਦੀ ਅਪੀਲ ਕੀਤੀ। ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ ਨੇ ਦੱਸਿਆ ਕਿ ਸੱਭ ਤੋਂ ਛੋਟੀ ਉਮਰ ਦਾ ਸ਼ਹੀਦ ਬਿਸ਼ਨ ਸਿੰਘ 12 ਸਾਲ ਦਾ ਛੋਟਾ ਬੱਚਾ, ਜਿਸ ਨੇ ਦੇਸ਼ ਅਤੇ ਧਰਮ ਦੀ ਖਾਤਰ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਬਿਸ਼ਨ ਸਿੰਘ ਆਪਣੇ ਮਾਤਾ ਪਿਤਾ ਨਾਲ 17 ਜਨਵਰੀ 1872 ਨੂੰ ਮਾਲੇਰਕੋਟਲੇ ਗਿਆ। ਉਸ ਦੇ ਮਾਤਾ ਦਾ ਨਾਂ ਖੇਮ ਕੌਰ ਤੇ ਪਿਤਾ ਦਾ ਨਾਂ ਮਹਾਂ ਸਿੰਘ ਸੀ। ਮਾਲੇਰਕੋਟਲੇ ਦੇ ਡਿਪਟੀ ਕਮਿਸ਼ਨਰ ਨੇ ਬਿਨਾਂ ਮੁਕੱਦਮਾ ਚਲਾਏ ਨਾਮਧਾਰੀ ਸਿੱਖਾਂ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਦਿੱਤਾ। ਬਿਸ਼ਨ ਸਿੰਘ ਨੇ ਸਿੱਖਾਂ ਨੂੰ ਤੋਪਾਂ ਨਾਲ ਉਡਦੇ ਦੇਖਿਆ ਪਰ ਉਹ ਡਰਿਆ ਨਹੀਂ। ਡੀਸੀ ਦੀ ਮੇਮ ਨੂੰ ਬਿਸ਼ਨ ਸਿੰਘ ਦਾ ਭੋਲਾ ਤੇ ਮਾਸੂਮ ਚਿਹਰਾ ਦੇਖ ਕੇ ਤਰਸ ਆ ਗਿਆ। ਉਸ ਨੇ ਆਪਣੇ ਪਤੀ ਨੂੰ ਬੇਨਤੀ ਕੀਤੀ ਕੀ ਇਸ ਛੋਟੇ ਮਾਸੂਮ ਬੱਚੇ ਨੂੰ ਛੱਡ ਦਿੱਤਾ ਜਾਵੇ। ਡੀਸੀ ਨੇ ਹੁਕਮ ਕੀਤਾ ਕਿ ਜੇ ਬਿਸ਼ਨ ਸਿੰਘ ਆਖ ਦੇਵੇ ਕਿ ਉਹ ਸਤਿਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਤੇ ਉਸ ਨੂੰ ਛੱਡ ਦਿੱਤਾ ਜਾਵੇਗਾ। ਬਿਸ਼ਨ ਸਿੰਘ ਬਹੁਤ ਹੀ ਨਿਡਰ ਬਾਲ ਸੀ। ਉਨ੍ਹਾਂ ਕਿਹਾ ਕਿ ਉਹ ਡੀਸੀ ਦੇ ਕੰਨ ’ਚ ਆਖਣਗੇ ਤੇ ਡੀਸੀ ਜਿਵੇਂ ਹੀ ਬਿਸ਼ਨ ਸਿੰਘ ਦੀ ਗੱਲ ਸੁਨਣ ਲਈ ਝੁਕਿਆ, ਬਿਸ਼ਨ ਸਿੰਘ ਨੇ ਡੀਸੀ ਦੀ ਦਾੜੀ ਨੂੰ ਘੁੱਟ ਕੇ ਫੜ ਲਿਆ ਤੇ ਬੋਲਿਆ ‘ਉਏ ਬਿੱਲਿਆ, ਫੇਰ ਤੂੰ ਕਹੇਂਗਾ ਕਿ ਮੈਂ ਸਤਿਗੁਰੂ ਰਾਮ ਸਿੰਘ ਜੀ ਦਾ ਸਿੱਖ ਨਹੀਂ, ਮੈਂ ਹਮੇਸ਼ਾ ਸਤਿਗੁਰੂ ਰਾਮ ਸਿੰਘ ਜੀ ਦਾ ਸਿੱਖ ਸੀ ਤੇ ਰਹਾਂਗਾਂ।’’