ਵਿਧਾਇਕਾ ਨੇ ਬਛੌੜੀ 'ਚ ਖੇਡ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ
ਪਿੰਡ ਬਛੌੜੀ 'ਚ 28.75 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਖੇਡ ਸਟੇਡੀਅਮ-ਵਿਧਾਇਕਾ
Publish Date: Wed, 11 Mar 2026 04:02 PM (IST)
Updated Date: Thu, 12 Mar 2026 04:00 AM (IST)

ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ : ਪਿੰਡ ਬਛੌੜੀ ਵਿਖੇ ਵਿਧਾਇਕਾ ਸੰਤੋਸ਼ ਕਟਾਰੀਆ ਨੇ 28.75 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਅਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਵਿਧਾਇਕਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮਨੋਰਥ ਪੰਜਾਬ ਨੂੰ ਮੁੜ ਰੰਗਲਾ ਪੰਜਾਬ‘ਬਣਾਉਣਾ ਹੈ। ਇਹ ਸਟੇਡੀਅਮ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਵੱਡਾ ਕਦਮ ਸਾਬਤ ਹੋਵੇਗਾ। ਬਲਾਚੌਰ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ 35 ਖੇਡ ਸਟੇਡੀਅਮ ਆਉਣ ਵਾਲੇ ਸਮੇਂ ਵਿਚ ਬਣ ਕੇ ਤਿਆਰ ਹੋ ਜਾਣਗੇ। ਹਲਕਾ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਕਿਹਾ ਕਿ ਸਾਡੀ ਸਰਕਾਰ ਜੋ ਕਹਿੰਦੀ ਹੈ ਕਿ ਉਹ ਕਰਕੇ ਦਿਖਾਉਂਦੀ ਹੈ। ਪਿੰਡਾਂ ਵਿਚ ਅਜਿਹੇ ਸਟੇਡੀਅਮ ਬਣਨ ਨਾਲ ਪੇਂਡੂ ਖੇਤਰ ਦੀ ਪ੍ਰਤਿਭਾ ਕੌਮਾਂਤਰੀ ਪੱਧਰ‘ਤੇ ਚਮਕੇਗੀ। ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਾਸਟਰ ਸੁਲੱਖਣ ਸਿੰਘ ਸਰਪੰਚ ਨੇ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਛੌੜੀ ਪਿੰਡ ਨੂੰ ਮਾਣ ਹੈ ਕਿ ਨਾਮਵਾਰ ਫੁੱਟਬਾਲਰ ਇਥੋਂ ਦੇ ਖੇਡ ਮੈਦਾਨਾਂ ਵਿਚ ਖੇਡ ਚੁੱਕੇ ਹਨ। ਜਿਨਾਂ ਵਿੱਚੋਂ ਜਰਨੈਲ ਸਿੰਘ ਪਨਾਮ ਭਾਰਤੀ ਟੀਮ ਦੇ ਸਾਬਕਾ ਕਪਤਾਨ ਉਨ੍ਹਾਂ ਵਿੱਚੋ ਇੱਕ ਸਨ। ਇਸ ਮੌਕੇ ਹਰਸ਼ਦੀਪ ਸਿੰਘ ਜੇਈ, ਗਗਨਦੀਪ ਸਿੰਘ ਬੱਲ, ਬਾਬਾ ਯੁਵਰਾਜ ਸ਼ਾਹ ਗੁੱਗਾ ਜ਼ਾਹਿਰ ਪੀਰ ਬਛੌੜੀ, ਅਰਵਿੰਦਰ ਸਿੰਘ ਬੈਂਸ, ਅਮਰਜੀਤ ਸਿੰਘ ਬੈਂਸ, ਕਮਲਜੀਤ ਸਿੰਘ, ਅਰਵੀਰ ਸਿੰਘ, ਕਸ਼ਮੀਰ ਸਿੰਘ ਪਟਵਾਰੀ, ਮਹਿੰਦਰ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ, ਕਰਨੈਲ ਸਿੰਘ ਆਸਟ੍ਰੇਲੀਆ, ਪ੍ਰਦੀਪ ਸਿੰਘ ਕਲੇਰ ਆਸਟ੍ਰੇਲੀਆ ਹਾਜ਼ਰ ਸਨ।