ਆਧਿਆਤਮਕ ਪ੍ਰਵਚਨ ਤੇ ਭਜਨ ਸੰਕੀਰਤਨ ਸਮਾਗਮ ਆਯੋਜਿਤ
ਰੈਲਮਾਜਰਾ 'ਚ ਆਧਿਆਤਮਿਕ ਪ੍ਰਵਚਨ ਤੇ ਭਜਨ ਸੰਕੀਰਤਨ ਸਮਾਗਮ ਆਯੋਜਿਤ
Publish Date: Sat, 14 Feb 2026 06:15 PM (IST)
Updated Date: Sun, 15 Feb 2026 04:09 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਕਮਿਊਨਿਟੀ ਸੈਂਟਰ ਪਿੰਡ ਰੈਲਮਾਜਰਾ ਵਿਖੇ ਤਿੰਨ ਦਿਨਾਂ ਦਾ ਆਧਿਆਤਮਿਕ ਪ੍ਰਵਚਨ ਅਤੇ ਭਜਨ ਸੰਕੀਰਤਨ ਸਮਾਗਮ ਕਰਵਾਇਆ। ਜਿਸ ਦੌਰਾਨ ਦਿਵਯ ਗੁਰੂ ਆਸ਼ੁਤੋਸ਼ ਦੀ ਸ਼ਿਸ਼ਿਆ ਸਾਧਵੀ ਗਾਇਤ੍ਰੀ ਭਾਰਤੀ ਨੇ ਗੁਰੂ ਭਗਤੀ ਨਾਲ ਜੁੜੇ ਸੂਤਰਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇੱਕ ਸ਼ਿਸ਼ ਦੇ ਜੀਵਨ ਵਿਚ ਗੁਰੂ ਦੀ ਬਹੁਤ ਵੱਡੀ ਮਹੱਤਤਾ ਹੁੰਦੀ ਹੈ। ਉਨ੍ਹਾਂ ਕਿਹਾ ਜਦੋਂ ਇੱਕ ਆਮ ਦਿਖਣ ਵਾਲਾ ਵਿਅਕਤੀ ਆਪਣੇ ਪਹਿਲੇ ਜਨਮਾਂ ਦੇ ਕੁਝ ਪੂੰਨ ਕਰਮ ਸੰਸਕਾਰ ਅਤੇ ਪਰਮਾਤਮਾ ਦੀ ਕਿਰਪਾ ਕਾਰਨ ਪੂਰਨ ਗੁਰੂ ਦੀ ਸ਼ਰਨ ਵਿਚ ਜਾਂਦਾ ਹੈ ਅਤੇ ਬ੍ਰਹਮ ਗਿਆਨ ਦੀ ਦੀਕਸ਼ਾ ਲੈ ਕੇ ਭਗਤੀ ਮਾਰਗ ਵੱਲ ਅੱਗੇ ਵਧਦਾ ਹੈ। ਤਾਂ ਉਹ ਸ਼ਿਸ਼ ਹੀ ਸਾਧਕ ਕਹਿਲਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਧਨਾ ਦੇ ਕਠਿਨ ਮਾਰਗ ਤੇ ਚੱਲਦੇ ਹੋਏ ਭਗਤ ਬਣਨਾ ਸੌਖਾ ਨਹੀਂ ਹੁੰਦਾ, ਕਿਉਂਕਿ ਜੋ ਵਿਅਕਤੀ ਨਿਰੰਤਰ ਗੁਰੂ ਦੀ ਆਗਿਆ ਵਿਚ ਰਹਿੰਦਿਆਂ ਆਪਣੇ ਮਨ, ਵਚਨ ਅਤੇ ਕਰਮ ਨੂੰ ਗੁਰੂ ਦੇ ਆਦਰਸ਼ਾਂ ਅਨੁਸਾਰ ਢਾਲ ਕੇ ਆਪਣੇ ਅਸਤਿਤਵ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੰਦਾ ਹੈ, ਉਹੀ ਭਗਤ ਕਹਿਲਾਉਂਦਾ ਹੈ। ਉਨ੍ਹਾਂ ਕਿਹਾ ਜਦੋਂ ਕਿਸੇ ਦੇ ਹਿਰਦੇ ਵਿਚ ਸੱਚੀ ਗੁਰੂ ਭਗਤੀ ਪ੍ਰਗਟ ਹੁੰਦੀ ਹੈ ਤਾਂ ਆਮ ਦਿਖਣ ਵਾਲਾ ਵਿਅਕਤੀ ਵੀ ਇੱਕ ਦਿਨ ਸੰਸਾਰ ਵਿਚ ਪੂਜਣਯੋਗ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਭਗਤੀ ਵਿਚ ਸਿਰਫ਼ ਸ਼ਿਸ਼ ਦਾ ਹੀ ਗੁਰੂ ਪ੍ਰਤੀ ਤਿਆਗ ਅਤੇ ਪ੍ਰੇਮ ਨਹੀਂ ਹੁੰਦਾ, ਸਗੋਂ ਗੁਰੂ ਆਪਣੇ ਸ਼ਿਸ਼ ਦੇ ਕਲਿਆਣ ਲਈ ਲੋੜ ਪੈਣ ਤੇ ਪ੍ਰਕਿਰਤੀ ਦੇ ਨਿਯਮਾਂ ਤੱਕ ਨੂੰ ਬਦਲ ਦੇਣ ਦੀ ਸਮਰੱਥਾ ਰੱਖਦਾ ਹੈ। ਗੁਰੂ ਸਦਾ ਆਪਣੇ ਸ਼ਿਸ਼ ਦੇ ਉਜਵਲ ਭਵਿੱਖ ਦੀ ਚਿੰਤਾ ਕਰਦਾ ਹੈ ਅਤੇ ਉਸ ਦੇ ਭਗਤੀ ਮਾਰਗ ਵਿਚ ਆਉਣ ਵਾਲੀਆਂ ਰੁਕਾਵਟਾਂ ਦੇ ਕਾਂਟੇ ਆਪਣੇ ਆਪ ਚੁੱਕ ਲੈਂਦਾ ਹੈ। ਗੁਰੂ ਭਗਤੀ ਦੇ ਮਾਰਗ ਤੇ ਕੇਵਲ ਉਹੀ ਦ੍ਰਿੜ ਨਿਸ਼ਚੈ ਨਾਲ ਅੱਗੇ ਵਧ ਸਕਦਾ ਹੈ, ਜਿਸ ਤੇ ਆਪ ਗੁਰੂ ਦੀ ਕਿਰਪਾ ਹੋਵੇ ਨਹੀਂ ਤਾਂ ਗੁਰੂ ਭਗਤੀ ਦੇ ਅਤਿ ਪਾਵਨ ਅਤੇ ਦਿਵਯ ਮਾਰਗ ਦੀ ਚੋਣ ਕਰਨ ਦੇ ਬਾਵਜੂਦ ਭਰਮ ਅਤੇ ਸੰਦੇਹ ਦੇ ਬੱਦਲ ਸ਼ਿਸ਼ ਨੂੰ ਗੁਰੂ ਤੋਂ ਦੂਰ ਲੈ ਜਾ ਕੇ ਕਈ ਜਨਮਾਂ ਤੱਕ ਭਟਕਾਉਂਦੇ ਰਹਿੰਦੇ ਹਨ। ਸਮਾਗਮ ਦੌਰਾਨ ਸਾਧਵੀ ਮਨਜੀਤ ਭਾਰਤੀ ਅਤੇ ਸਾਧਵੀ ਮਨਪ੍ਰੀਤ ਭਾਰਤੀ ਨੇ ਭਜਨਾਂ ਦਾ ਗਾਇਨ ਕਰਕੇ ਹਾਜ਼ਰ ਭਗਤਾਂ ਨੂੰ ਨਿਹਾਲ ਕਰ ਦਿੱਤਾ। ਅੰਤ ਵਿਚ ਸਾਰੀ ਸੰਗਤ ਵਿਚ ਪ੍ਰਸ਼ਾਦ ਵੰਡਿਆ ਗਿਆ।