ਜ਼ਿਲ੍ਹੇ 'ਚ ਵਿਸ਼ੇਸ਼ ਟੀਕਾਕਰਨ ਸਪਤਾਹ ਦੀ ਸ਼ੁਰੂਆਤ
ਐੱਮਆਰ-1 ਐੱਮਆਰ-2 ਤੇ ਜ਼ੀਰੋ ਡੋਜ਼ ਸੰਬੰਧੀ ਬੱਚਿਆਂ 'ਤੇ ਰਹੇਗਾ ਖ਼ਾਸ ਧਿਆਨ-ਸਿਵਲ ਸਰਜਨ
Publish Date: Wed, 11 Feb 2026 03:47 PM (IST)
Updated Date: Thu, 12 Feb 2026 04:00 AM (IST)

ਐੱਮਆਰ-1 ਐੱਮਆਰ-2 ਤੇ ਜ਼ੀਰੋ ਡੋਜ਼ ਸੰਬੰਧੀ ਬੱਚਿਆਂ ਤੇ ਰਹੇਗਾ ਖ਼ਾਸ ਧਿਆਨ-ਸਿਵਲ ਸਰਜਨ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹੇ ਵਿਚ ਬੱਚਿਆਂ ਦੇ ਟੀਕਾਕਰਨ ਕਵਰੇਜ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 14 ਫਰਵਰੀ ਤੱਕ ਵਿਸ਼ੇਸ਼ ਟੀਕਾਕਰਨ ਸਪਤਾਹ ਸ਼ੁਰੂ ਚੱਲ ਰਿਹਾ ਹੈ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਐੱਮਆਰ-1, ਐੱਮਆਰ-2 ਟੀਕਾਕਰਨ ਤੋਂ ਵਾਂਝੇ ਬੱਚਿਆਂ ਨੂੰ ਕਵਰ ਕਰਨਾ ਅਤੇ ਜ਼ੀਰੋ ਡੋਜ਼ ਬੱਚਿਆਂ ਨੂੰ ਟੀਕਾਕਰਨ ਕਵਰੇਜ ਵਿਚ ਸੁਧਾਰ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਜ਼ਰੂਰੀ ਟੀਕਿਆਂ ਤੋਂ ਵਾਂਝੇ ਬੱਚਿਆਂ ਦੇ ਟੀਕਾਕਰਨ ਲਈ ਵਿਸ਼ੇਸ਼ ਟੀਕਾਕਰਨ ਸਪਤਾਹ ਆਯੋਜਿਤ ਕੀਤਾ ਗਿਆ ਹੈ, ਤਾਂ ਜੋ ਹਰ ਯੋਗ ਬੱਚੇ ਤੱਕ ਟੀਕਾਕਰਨ ਦੀ ਸਹੂਲਤ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪੰਜ ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਟੀਕੇ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਪ੍ਰਵਾਸੀ ਆਬਾਦੀ, ਝੁੱਗੀ-ਝੌਪੜੀ ਇਲਾਕਿਆਂ, ਇੱਟਾਂ ਦੇ ਭੱਠਿਆਂ ਅਤੇ ਗੁੱਜਰਾਂ ਦੇ ਡੇਰਿਆਂ ਵਿਚ ਵਿਸ਼ੇਸ਼ ਆਊਟਰੀਚ ਸੈਸ਼ਨ ਵੀ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਨ ਕਾਰਡ ਨਾਲ ਲੈ ਕੇ ਨਜ਼ਦੀਕੀ ਸਿਹਤ ਕੇਂਦਰ ਜਾਂ ਟੀਕਾਕਰਨ ਸੈਸ਼ਨ ਤੇ ਪਹੁੰਚਣ ਅਤੇ ਆਪਣੇ ਬੱਚਿਆਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਕਰਵਾਉਣ।