ਬਜ਼ੁਰਗਾਂ ਤੇ ਬੱਚਿਆਂ ਦਾ ਰੱਖਿਆ ਜਾਵੇ ਖਾਸ ਧਿਆਨ : ਡਾ. ਨੀਨਾ ਸ਼ਾਂਤ
ਕੜਾਕੇ ਦੀ ਪੈ ਰਹੀ ਠੰਢ 'ਚ ਬਜ਼ੁਰਗਾਂ ਅਤੇ ਬੱਚਿਆਂ ਦਾ ਰੱਖਿਆ ਜਾਵੇ ਖਾਸ ਧਿਆਨ-ਡਾ. ਨੀਨਾ ਸ਼ਾਂਤ
Publish Date: Sun, 11 Jan 2026 04:11 PM (IST)
Updated Date: Mon, 12 Jan 2026 04:03 AM (IST)

ਸਰਦੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀਐੱਚਸੀ ਮੁਕੰਦਪੁਰ ਦੀ ਐੱਸਐੱਮਓ ਡਾ. ਨੀਨਾ ਸ਼ਾਂਤ ਨੇ ਕੜਾਕੇ ਦੀ ਪੈ ਰਹੀ ਸਰਦੀ ਨੂੰ ਮੁੱਖ ਰੱਖਦੇ ਹੋਏ ਇਸ ਮੌਸਮ ’ਚ ਬਿਮਾਰੀਆਂ ਤੋਂ ਬਚਾਅ ਲਈ ਖਾਸ ਸਾਵਧਾਨੀਆਂ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਰਦੀ ’ਚ ਜ਼ਿਆਦਾਤਰ ਸਾਡੇ ਬਜ਼ੁਰਗ ਤੇ ਛੋਟੇ ਬੱਚੇ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ, ਜਿਸ ਕਰ ਕੇ ਉਨ੍ਹਾਂ ਨੂੰ ਸਰਦੀ ਲੱਗਣ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਬਜ਼ੁਰਗ ਤੇ ਦਿਲ ਦੇ ਰੋਗਾਂ ਦੇ ਮਰੀਜ਼ ਸਵੇਰ ਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਢ ਤੇ ਧੁੰਦ ਹੋਣ ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ ਕਰਨ। ਛੋਟੇ ਬੱਚਿਆਂ ਨੂੰ ਇਸ ਮੌਸਮ ’ਚ ਨਿਮੋਨੀਆ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ਤੇ ਠੰਢ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀਆਂ ਵੀ ਲੱਗ ਸਕਦੀਆਂ ਹਨ। ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖਾਸ ਧਿਆਨ ਦਿੰਦੇ ਹੋਏੇ ਸਰਦੀ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ’ਤੇ ਟੋਪੀ ਤੇ ਪੈਰਾਂ ’ਚ ਜ਼ੁਰਾਬਾਂ ਜ਼ਰੂਰ ਪਾਈਆਂ ਜਾਣ। ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ’ਚ ਘਰਾਂ ਵਿਚ ਬੰਦ ਕਮਰੇ ਵਿਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ, ਕਿਉਂਕਿ ਇਸ ਤਰ੍ਹਾਂ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜੋ ਕਿ ਸਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਸਥਮਾ ਤੇ ਸਾਹ ਦੀ ਬਿਮਾਰੀ ਦੇ ਮਰੀਜ਼ ਬਹੁਤੀ ਠੰਢ ਹੋਣ ਤੇ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ ਤੇ ਖੁਰਾਕ ’ਚ ਵੀ ਗਰਮ ਚੀਜ਼ਾਂ ਜਿਵੇਂ ਸੂਪ, ਚਾਹ, ਕਾਫੀ, ਸੰਤੁਲਿਤ ਖੁਰਾਕ ਦਾ ਸੇਵਨ ਕਰਨ। ਇਸ ਮੌਸਮ ’ਚ ਗਰਮ ਕੱਪੜੇ ਦੋ ਜਾ ਤਿੰਨ ਪਰਤਾਂ ’ਚ ਪਾਏ ਜਾਣ ਤਾਂ ਜੋ ਸਰੀਰ ਦਾ ਤਾਪਮਾਨ ਨਾਰਮਲ ਬਣਿਆ ਰਹੇ। ਸਰੀਰ ’ਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜ੍ਹੇ-ਥੋੜ੍ਹੇ ਸਮੇਂ ਜਾ ਲੋੜ ਅਨੁਸਾਰ ਕੋਸਾ ਜਾਂ ਗਰਮ ਗੁਣਗੁਣਾ ਪਾਣੀ ਪੀਤਾ ਜਾਵੇ ਤੇ ਸੰਤੁਲਿਤ ਖੁਰਾਕ ਦਾ ਸੇਵਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਦੀ ਲੱਗਣ ਨਾਲ ਆਮ ਤੌਰ ’ਤੇ ਫਲੂ ਹੋ ਜਾਂਦਾ ਹੈ ਤੇ ਠੰਢ ’ਚ ਕੰਬਣੀ ਆਉਣ ਨੂੰ ਨਜ਼ਰਅੰਦਾਜ਼ ਨਹੀ ਕਰਨਾ ਚਾਹੀਦਾ, ਕਿਉਂਕਿ ਇਹ ਪਹਿਲਾ ਸੰਕੇਤ ਹੈ ਕਿ ਤੁਹਾਡਾ ਸਰੀਰ ਗਰਮੀ ਗੁਆ ਰਿਹਾ ਹੈ।