ਸਰਕਾਰ ਜੀ! ਰਾਹੋਂ ਦੇ ਦਿੱਲੀ ਗੇਟ ਦੀ ਕਦੋਂ ਬਦਲੇਗੀ ਕਿਸਮਤ
ਸਰਕਾਰ ਜੀ! ਰਾਹੋੰ ਦੇ ਦਿੱਲੀ ਗੇਟ ਦੀ ਕਦੋੰ ਬਦਲੇਗੀ ਕਿਸਮਤ
Publish Date: Fri, 06 Feb 2026 03:59 PM (IST)
Updated Date: Fri, 06 Feb 2026 04:02 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਸਤਲੁਜ ਦਰਿਆ ਦੇ ਕੰਢੇ ਵਸਿਆ ਕਸਬਾ ਰਾਹੋਂ ਜਿਸ ਦੀ ਆਬਾਦੀ ਕਰੀਬ 12 ਹਜ਼ਾਰ ਹੈ। ਜੋ ਸਦੀਆਂ ਪਹਿਲਾਂ ਇਕ ਘੁੱਗ ਵਸਦਾ ਸ਼ਹਿਰ ਹੁੰਦਾ ਸੀ। ਇਬਰਾਹਿਮ ਲੋਧੀ ਦੇ ਕਾਲ ਵਿਚ 16ਵੀਂ ਸਦੀ ਇਸ ਦੀ ਆਬਾਦੀ ਡੇਢ ਲੱਖ ਦੇ ਆਸਪਾਸ ਸੀ। ਜਿਨ੍ਹਾਂ ਵਿਚੋਂ ਬਹੁਗਿਣਤੀ ਮੁਸਲਮਾਨਾ ਦੀ ਸੀ ਅਤੇ ਬਹੁਤੇ ਲੋਕ ਰੇਸ਼ਮ ਦੇ ਗੋਟੇ ਕਿਨਾਰੀਆਂ ਬਣਾਉਂਦੇ ਸਨ ਅਤੇ ਇਥੋਂ ਦੀਆਂ ਕਢਾਈ ਵਾਲੀਆਂ ਜੁੱਤੀਆਂ ਵੀ ਮਸ਼ਹੂਰ ਸਨ। ਕਿਸੇ ਸਮੇਂ ਰਾਹੋਂ ਦੀ ਗਿਣਤੀ ਦੁਨੀਆਂ ਦੇ 50 ਵੱਡੇ ਸ਼ਹਿਰਾਂ ਵਿਚ ਹੁੰਦੀ ਸੀ। ਇਹ ਭਾਰਤ, ਮੱਧ ਏਸ਼ੀਆ ਤੇ ਯੂਰਪ ਵਿਚਲੇ ਪੁਰਾਤਨ ਵਪਾਰ ਮਾਰਗ ’ਤੇ ਸਥਿਤ ਸੀ ਅਤੇ ਦਿੱਲੀ ਨੂੰ ਇੱਥੋਂ ਹੋ ਕੇ ਹੀ ਜਾਇਆ ਜਾਂਦਾ ਸੀ। ਇਥੇ ਅੰਤਰ ਰਾਸ਼ਟਰੀ ਪੱਧਰ ਦੀ ਵੱਡੀ ਮੰਡੀ ਲੱਗਦੀ ਸੀ। 1947 ਦੀ ਵੰਡ ਤੋਂ ਪਹਿਲਾਂ ਤੱਕ ਵੀ ਇਥੇ ਵਪਾਰ ਹੁੰਦਾ ਰਿਹਾ ਹੈ। ਪਰ ਸਮੇਂ ਦੇ ਨਾਲ ਦਿੱਲੀ ਗੇਟ ਨਾਲ ਮਸ਼ਹੂਰ ਇਹ ਗੇਟ ਮਿੱਟੀ ਵਿਚ ਮਿਲਦਾ ਜਾਪ ਰਿਹਾ ਹੈ। ਭਾਰਤ-ਪਾਕ ਵੰਡ ਸਮੇਂ ਮੁਸਲਮਾਨਾਂ ਦੇ ਪਾਕਿਸਤਾਨ ਚਲੇ ਜਾਣ ਤੋਂ ਬਾਅਦ ਰਾਹੋਂ ਸ਼ਹਿਰ ਉੱਜੜ ਗਿਆ। ਹੁਣ ਸਤਲੁਜ ਤੇ ਇਸ ਨੂੰ ਮਾਛੀਵਾੜੇ ਨਾਲ ਜੋੜਨ ਵਾਲਾ ਪੁਲ ਬਣ ਜਾਣ ਨਾਲ ਕਸਬੇ ਵਿਚ ਕੁਝ ਰੌਣਕ ਪਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਸ਼ਿੰਗਾਰਾ ਰਾਮ ਨੇ ਕਿਹਾ ਕਿ ਹੁਣ ਇਹ ਗੇਟ ਇਸ਼ਤਿਹਾਰ ਬਾਜੀ ਲਈ ਬਣ ਕੇ ਰਹਿ ਗਿਆ ਹੈ। ਲੋਕ ਆਪਣੇ ਕੰਮ ਦੀਆਂ ਫਲੈਕਸਾਂ ਅਤੇ ਪੇਪਰ ਲਗਾ ਜਾਂਦੇ ਹਨ। ਪਰ ਰਾਹੋਂ ਦੀ ਨਗਰ ਕੌਂਸਲ ਵੱਲੋਂ ਇਸ ਗੇਟ ਦੀ ਬਹੁਤੀ ਦੇਖ ਭਾਲ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਇਸ ਇਤਿਹਾਸਿਕ ਗੇਟ ਜੋ ਦਿੱਲੀ ਦਰਵਾਜੇ ਦੇ ਨਾਮ ’ਤੇ ਜਾਣਿਆ ਜਾਂਦਾ ਹੈ। ਇਸ ਦੀ ਸਾਰ ਲਈ ਜਾਂਦੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਦਿੱਲੀ ਦਰਵਾਜੇ ਦੀ ਮੁਰੰਮਤ ਕਰਕੇ ਇਸ ਦੀ ਕਿਸਮਤ ਬਦਲਣ ਦੇ ਉਪਰਾਲੇ ਕਰਨੇ ਚਾਹੀਦੇ ਹਨ।