ਨਗਰ ਕੌਂਸਲ ਦੀ ਅਣਦੇਖੀ ਕਾਰਨ ਪਰੇਸ਼ਾਨ ਦੁਕਾਨਦਾਰ ਅਤੇ ਲੋਕ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ
ਸਮਾਜ ਸੇਵਕ ਸ਼ਿੰਗਾਰਾ ਰਾਮ ਨੇ ਕਿਹਾ ਕਿ ਦਿੱਲੀ ਗੇਟ ਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧ ਨਾ ਕਰਨ ਕਾਰਨ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਕੂੜੇ ਦੀ ਲਿਫਟਿੰਗ ਅਤੇ ਸਾਫ ਸਫਾਈ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਵੀ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਢੀਆਂ ਪ੍ਰਭਾਤ ਫੇਰੀਆਂ ਅਤੇ ਸ਼ੋਭਾ ਯਾਤਰਾ 'ਚ ਸ਼ਾਮਲ ਸੰਗਤਾਂ ਵੀ ਭਾਰੀ ਪਰੇਸ਼ਾਨੀ ਝੱਲਣੀ ਪਈ ਸੀ। ਇਸੇ ਤਰ੍ਹਾਂ ਹੁਣ ਮਹਾਸ਼ਿਵਰਾਤਰੀ ਮੌਕੇ ਕੱਢੀ ਜਾ ਰਹੀ ਪ੍ਰਭਾਤ ਫੇਰੀਆਂ ਅਤੇ ਸ਼ੋਭਾ ਯਾਤਰਾ ਨੂੰ ਦੇਖਦਿਆਂ ਮੰਦਰ ਪ੍ਰਬੰਧਕਾਂ ਵੱਲੋਂ ਵੀ ਇਲਾਕੇ ਵਿਚ ਸਫਾਈ ਦੇ ਪੁਖਤਾ ਪ੍ਰਬੰਧ ਕਰਨ ਦੀ ਪੁਰਜੋਰ ਮੰਗ ਕੀਤੀ ਜਾ ਰਹੀ ਹੈ। ਲੋਕਾਂ ਨੇ ਇਲਾਕੇ ਦੀਆਂ ਖਸਤਾਹਾਲ ਸੜਕਾਂ ਦੀ ਮੁਰੰਮਤ ਦੇ ਨਾਲ ਨਾਲ ਨਾਲੀਆਂ ਦੀ ਸਫਾਈ, ਕੂੜੇ ਦੀ ਲਿਫਟਿੰਗ ਸਮੇਤ ਹੋਰਨਾਂ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਪੁਰਜੋਰ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਕੀਤਾ ਤਾਂ ਨਗਰ ਕੌਂਸਲ ਅੱਗੇ ਧਰਨਾ ਲਾਉਣ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ। ਉਧਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।
ਸਰਕਾਰ ਜੀ! ਰਾਹੋਂ ਦੇ ਦਿੱਲੀ ਗੇਟ ਦੀ ਹਾਲਤ 'ਚ ਕੀਤਾ ਜਾਵੇ ਸੁਧਾਰ
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਸਤਲੁਜ ਦਰਿਆ ਦੇ ਕੰਢੇ ਵਸਿਆ ਕਸਬਾ ਰਾਹੋਂ ਜਿਸ ਦੀ ਆਬਾਦੀ ਕਰੀਬ 12 ਹਜ਼ਾਰ ਹੈ। ਜੋ ਸਦੀਆਂ ਪਹਿਲਾਂ ਇੱਕ ਘੁੱਗ ਵਸਦਾ ਸ਼ਹਿਰ ਹੁੰਦਾ ਸੀ। ਇਬਰਾਹਿਮ ਲੋਧੀ ਦੇ ਕਾਲ ਵਿਚ 16ਵੀਂ ਸਦੀ ਇਸ ਦੀ ਆਬਾਦੀ ਡੇਢ ਲੱਖ ਦੇ ਆਸਪਾਸ ਸੀ। ਜਿਨ੍ਹਾਂ ਚੋਂ ਬਹੁਗਿਣਤੀ ਮੁਸਲਮਾਨਾ ਦੀ ਸੀ ਅਤੇ ਬਹੁਤੇ ਲੋਕ ਰੇਸ਼ਮ ਦੇ ਗੋਟੇ ਕਿਨਾਰੀਆਂ ਬਣਾਉਂਦੇ ਸਨ ਅਤੇ ਇਥੋਂ ਦੀਆਂ ਕਢਾਈ ਵਾਲੀਆਂ ਜੁੱਤੀਆਂ ਵੀ ਮਸ਼ਹੂਰ ਸਨ। ਕਿਸੇ ਸਮੇਂ ਰਾਹੋਂ ਦੀ ਗਿਣਤੀ ਦੁਨੀਆਂ ਦੇ 50 ਵੱਡੇ ਸ਼ਹਿਰਾਂ ਵਿਚ ਹੁੰਦੀ ਸੀ। ਇਹ ਭਾਰਤ, ਮੱਧ ਏਸ਼ੀਆ ਤੇ ਯੂਰਪ ਵਿਚਲੇ ਪੁਰਾਤਨ ਵਪਾਰ ਮਾਰਗ ਤੇ ਸਥਿਤ ਸੀ ਅਤੇ ਦਿੱਲੀ ਨੂੰ ਇੱਥੋਂ ਹੋ ਕੇ ਹੀ ਜਾਇਆ ਜਾਂਦਾ ਸੀ। ਇਥੇ ਅੰਤਰ ਰਾਸ਼ਟਰੀ ਪੱਧਰ ਦੀ ਵੱਡੀ ਮੰਡੀ ਲੱਗਦੀ ਸੀ। 1947 ਦੀ ਵੰਡ ਤੋਂ ਪਹਿਲਾਂ ਤੱਕ ਵੀ ਇਥੇ ਵਪਾਰ ਹੁੰਦਾ ਰਿਹਾ ਹੈ। ਪਰ ਸਮੇਂ ਦੇ ਨਾਲ ਦਿੱਲੀ ਗੇਟ ਨਾਲ ਮਸ਼ਹੂਰ ਇਹ ਗੇਟ ਮਿੱਟੀ ਵਿਚ ਮਿਲਦਾ ਜਾਪ ਰਿਹਾ ਹੈ। ਭਾਰਤ-ਪਾਕ ਵੰਡ ਸਮੇਂ ਮੁਸਲਮਾਨਾਂ ਦੇ ਪਾਕਿਸਤਾਨ ਚਲੇ ਜਾਣ ਤੋਂ ਬਾਅਦ ਰਾਹੋਂ ਸ਼ਹਿਰ ਉੱਜੜ ਗਿਆ। ਹੁਣ ਸਤਲੁਜ ਤੇ ਇਸ ਨੂੰ ਮਾਛੀਵਾੜੇ ਨਾਲ ਜੋੜਨ ਵਾਲਾ ਪੁਲ ਬਣ ਜਾਣ ਨਾਲ ਕਸਬੇ ਵਿਚ ਕੁਝ ਰੌਣਕ ਪਰ ਰਹੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਸ਼ਿੰਗਾਰਾ ਰਾਮ ਨੇ ਕਿਹਾ ਕਿ ਹੁਣ ਇਹ ਗੇਟ ਇਸ਼ਤਿਹਾਰ ਬਾਜੀ ਲਈ ਬਣ ਕੇ ਰਹਿ ਗਿਆ ਹੈ। ਲੋਕ ਆਪਣੇ ਕੰਮ ਦੀਆਂ ਫਲੈਕਸਾਂ ਅਤੇ ਪੇਪਰ ਲਗਾ ਜਾਂਦੇ ਹਨ। ਪਰ ਰਾਹੋਂ ਦੀ ਨਗਰ ਕੌਂਸਲ ਵੱਲੋਂ ਇਸ ਗੇਟ ਦੀ ਬਹੁਤੀ ਦੇਖ ਭਾਲ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਇਸ ਇਤਿਹਾਸਿਕ ਗੇਟ ਜੋ ਦਿੱਲੀ ਦਰਵਾਜੇ ਦੇ ਨਾਮ ਤੇ ਜਾਣਿਆ ਜਾਂਦਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਦਿੱਲੀ ਗੇਟ ਦੀ ਮੁਰੰਮਤ ਕਰਕੇ ਇਸ ਦੀ ਕਿਸਮਤ ਬਦਲਣ ਦੇ ਉਪਰਾਲੇ ਕਰਨੇ ਚਾਹੀਦੇ ਹਨ।