ਸ਼ਹੀਦ-ਏ-ਆਜ਼ਮ ਵਿਰਾਸਤੀ ਕੰਪਲੈਕਸ ਦਾ ਕੰਮ 60 ਫ਼ੀਸਦੀ ਮੁਕੰਮਲ
ਸ਼ਹੀਦ-ਏ-ਆਜ਼ਮ ਵਿਰਾਸਤੀ ਕਾਂਪਲੈਕਸ ਦਾ ਕੰਮ 60 ਫ਼ੀਸਦੀ ਮੁਕੰਮਲ
Publish Date: Sun, 22 Mar 2026 07:10 PM (IST)
Updated Date: Mon, 23 Mar 2026 04:13 AM (IST)

ਸ਼ਹੀਦੀ ਸਮਾਗਮ ਦਾਣਾ ਮੰਡੀ ਬੰਗਾ ਵਿਖੇ ਹੋਵੇਗਾ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸ਼ਹੀਦੋਂ ਕੀ ਚਿਤਾਓ ਪਰ ਲਗੇਗੇਂ ਹਰ ਬਰਸ ਮੇਲੇ, ਵਤਨ ਪੇ ਮਰਨੇ ਵਾਲੋਂ ਕਾ ਬਾਕੀ ਯਹੀ ਨਿਸ਼ਾ ਹੋਗਾ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉੰਦੇ ਦੇਸ਼ ਭਗਤ ਸ਼ਹੀਦਾਂ ਦੇ ਸੁਪਨਿਆੰ ਨੂੰ ਪੂਰਾ ਕਰਨ ਦੀ ਸੋਚ ਨਾਲ 23 ਮਾਰਚ ਨੂੰ ‘ਆਪ’ ਸਰਕਾਰ ਵੱਲੋਂ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਦਾਣਾ ਮੰਡੀ ਬੰਗਾ ਵਿਖੇ ਸੂਬਾ ਪੱਧਰੀ ਸ਼ਹੀਦੀ ਸਮਾਗਮ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਵੱਲੋਂ ਨਵਾਂਸ਼ਹਿਰ-ਬੰਗਾ ਨੈਸ਼ਨਲ ਹਾਈਵੇ ’ਤੇ ਸਥਿਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 51.72 ਕਰੋੜ ਦੀ ਲਾਗਤ ਨਾਲ ਸ਼ੁਰੂ ਕਰਵਾਏ ਗਏ ਸ਼ਹੀਦ-ਏ-ਆਜਮ. ਭਗਤ ਸਿੰਘ ਵਿਰਾਸਤੀ ਕੰਪਲੈਕਸ ਦਾ ਕੰਮ ਨੂੰ 60 ਫ਼ੀਸਦੀ ਮੁਕੰਮਲ ਕਰ ਲਿਆ ਗਿਆ ਹੈ ਪਰ ਬੀਤੇ ਦਿਨੀ ਹੋਈ ਬਾਰਿਸ਼ ਤੋਂ ਬਾਅਦ ਨਿਰਮਾਣ ਕਾਰਜ ਵਾਲੀ ਕੱਚੀ ਥਾਂ ’ਤੇ ਖੜ੍ਹੇ ਪਾਣੀ ਕਾਰਨ ਲੋਕਾਂ ਨੂੰ ਇਨ੍ਹਾਂ ਕਾਰਜਾਂ ਬਾਰੇ ਸਮਝਣਾ ਮੁਸ਼ਕਿਲ ਜਾਪ ਰਿਹਾ ਹੈ। ਜ਼ਿਕਰਯੋਗ ਹੈ ਕਿ ਅਜਾਇਬ ਘਰ ’ਚ ਪੁੱਜਣ ਵਾਲੇ ਲੋਕਾਂ ਦਾ ਸਵਾਗਤ ਵੱਡੇ ਤੇ ਆਲੀਸ਼ਾਨ ਗੇਟਾਂ ਰਾਹੀਂ ਕੀਤਾ ਜਾਵੇਗਾ, ਜਿਸ ਦਾ ਉਸਾਰੀ ਦਾ ਕੰਮ ਜਾਰੀ ਹੈ, ਜਦਕਿ ਬਾਕੀ ਰਹਿੰਦੇ ਕਾਰਜ ਵੀ ਛੇਤੀ ਹੀ ਮੁਕੰਮਲ ਕੀਤੇ ਜਾਣੇ ਹਨ ਤਾਂ ਜੋ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨਾਲ ਜੁੜੀਆਂ ਯਾਦਾਂ ਨੂੰ ਲੋਕਾਂ ਅਜਾਇਬ ਘਰ ਵਿਖੇ ਦੇਖਿਆ ਜਾ ਸਕੇ। ਕੇਂਦਰ ਤੇ ਸੂਬਾ ਸਰਕਾਰ ਵੱਲੋਂ ਇਸੇ ਤਹਿਤ ਹੋਰਨਾਂ ਰਾਜਾਂ ਤੋਂ ਅਜਾਇਬ ਘਰ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਟੂਰਿਸਟ ਹੱਬ ਨੂੰ ਵਿਕਸਤ ਕਰਨ ਵੱਲ ਵੀ ਬਣਦਾ ਗੌਰ ਕਰ ਰਹੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਇਸ ਥਾਂ ਨੂੰ ਇਕ ਵੱਡੀ ਯਾਦਗਾਰ ਦੇ ਰੂਪ ’ਚ ਵੇਖ ਸਕੇ। ਬਾਕਸ-- ਪਹਿਲਾ ਦੀਆਂ ਸਰਕਾਰਾਂ ਨੇ ਕੀਤੀ ਸ਼ਹੀਦ ਦੇ ਨਾਂ ’ਤੇ ਰਾਜਨੀਤੀ ਉਧਰ ‘ਆਪ’ ਆਗੂਆਂ ਤੇ ਵਰਕਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾ ਦੀਆਂ ਸਰਕਾਰਾਂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਨਾਂ ’ਤੇ ਕੇਵਲ ਰਾਜਨੀਤੀ ਹੀ ਕੀਤੀ ਹੈ, ਜਦਕਿ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਵੱਲ ਕਿਸੇ ਦਾ ਕੋਈ ਗੌਰ ਨਹੀਂ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪਿੰਡ ਖਟਕੜ ਕਲਾਂ ਦਾ ਕਾਇਆ-ਕਲਪ ਕੀਤਾ ਜਾ ਰਿਹਾ ਹੈ। ਬਾਕਸ ਇਸ ਵਾਰ ਦਾਣਾ ਮੰਡੀ ਬੰਗਾ ਵਿਖੇ ਹੋਵੇਗਾ ਸੂਬਾ ਪੱਧਰੀ ਸ਼ਹੀਦੀ ਸਮਾਗਮ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਜਾਇਬ ਘਰ ਦੇ ਚੱਲ ਰਹੇ ਕੰਮ ਕਾਰਨ ਇਸ ਵਾਰ ਦਾ ਸੂਬਾ ਪੱਧਰੀ ਸ਼ਹੀਦੀ ਸਮਾਗਮ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਦਾਣਾ ਮੰਡੀ ਬੰਗਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਦੇ ਚੱਲਦੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਡਿਉਟੀਆਂ ਲਾ ਦਿੱਤੀਆਂ ਗਈਆਂ ਹਨ। ਬਾਕਸ-- ਹਾਦਸਿਆਂ ਨੂੰ ਰੋਕਣ ਲਈ ਖਟਕੜ ਕਲਾਂ ਵਿਖੇ ਪੁਲ ਬਣਾਉਣ ਦੀ ਮੰਗ ਬਰਕਰਾਰ ਭਾਵੇਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵੱਲੋਂ ਨਵਾਂਸ਼ਹਿਰ ਤੋਂ ਰੋਪੜ ਹਾਈਵੇ ’ਤੇ 6 ਮਾਰਗੀ ਸੜਕਾਂ ਦਾ ਨਿਰਮਾਣ ਕਰਵਾਇਆ ਹੈ। ਇਸ ਕਾਰਨ ਇਤਿਹਾਸਿਕ ਪਿੰਡਾਂ ’ਚ ਆਉਣ ਵਾਲੇ ਲੋਕਾਂ ਨੂੰ ਤੇਜ਼ ਰਫ਼ਤਾਰ ਗੱਡੀਆਂ ਤੋਂ ਬਚਦੇ ਬਚਾਉਂਦੇ ਪਿੰਡ ਖਟਕੜ ਕਲਾਂ ਚ ਲੰਘਣ ਸਮੇਂ ਹਾਦਸੇ ਦਾ ਸ਼ਿਕਾਰ ਹੋਣ ਦੇ ਹਾਲਾਤ ਬਣੇ ਰਹਿੰਦੇ ਹਨ। ਇਸੇ ਕਾਰਨ ਲੋਕਾਂ ਦੀ ਮੰਗ ਹੈ ਕਿ ਖਟਕੜ ਕਲਾਂ ਦੇ ਮੁੱਖ ਦਰਵਾਜ਼ੇ ਨੇੜੇ ਤੋਂ ਪੁਲ ਬਣਾਇਆ ਜਾਣ ਤਾਂ ਜੋ ਤੇਜ਼ ਰਫ਼ਤਾਰ ਗੱਡੀਆਂ ਪੁਲ ਤੋਂ ਲੰਘ ਜਾਣ ਤੇ ਹੋਰਨਾਂ ਦੋਪਹੀਆ ਤੇ ਛੋਟੇ ਵਾਹਨ ਚਾਲਕ ਆਸਾਨੀ ਨਾਲ ਪਿੰਡ ਖਟਕੜ ਕਲਾਂ ’ਚ ਪੁੱਜ ਸਕਣ। ਲੋਕਾਂ ਨੇ ਇਸ ਪੁਲ ਦੀ ਉਸਾਰੀ ਛੇਤੀ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਇਨ੍ਹਾਂ ਥਾਵਾਂ ਨੇੜੇ ਵਾਪਰ ਰਹੇ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਬਾਕਸ== ਸਰਕਾਰੀ ਤੇ ਗੈਰ-ਸਰਕਾਰੀ ਬੱਸਾਂ ਦਾ ਰੁਕਣਾ ਲਾਜ਼ਮੀ ਕੀਤਾ ਜਾਵੇ ਨਵਾਂਸ਼ਹਿਰ ਤੋਂ ਖਟਕੜ ਕਲਾਂ ਜਾਣ ਦੇ ਚਾਹਵਾਨਾਂ ਨੂੰ ਨਵਾਂਸ਼ਹਿਰ ਤੋਂ ਬੰਗਾ ਜਾਣ ਸਮੇਂ ਬੱਸ ਚਾਲਕਾਂ ਵੱਲੋਂ ਖਟਕੜ ਕਲਾਂ ਵਿਖੇ ਬੱਸ ਰੋਕਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਬੰਗਾ, ਫਗਵਾੜਾ, ਜਲੰਧਰ, ਅੰਮ੍ਰਿਤਸਰ ਤੋਂ ਆਉਣ ਵਾਲੀਆਂ ਸਰਕਾਰੀ, ਗੈਰ-ਸਰਕਾਰੀ ਬੱਸਾਂ ਵੱਲੋਂ ਵੀ ਸਵਾਰੀਆਂ ਨੂੰ ਖਟਕੜ ਕਲਾਂ ਬੱਸ ਰੋਕਣ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਸਵਾਰੀਆਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਲੋਕ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਟਕੜ ਕਲਾਂ ਜਾਣ ਵਾਲੇ ਲੋਕਾਂ ਨੂੰ ਬੱਸਾਂ ਰਾਹੀਂ ਲਿਜਾਣ ਤੇ ਬੱਸਾਂ ਨੂੰ ਖਟਕੜ ਕਲਾਂ ਰੋਕਣ ਦੀ ਹਦਾਇਤ ਕੀਤੀ ਜਾਵੇ। ਲੋਕਾਂ ਨੇ ਮੁੱਖ ਮੰਤਰੀ ਪੰਜਾਬ, ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਰੋਡਵੇਜ਼ ਦੇ ਅਫਸਰਾਂ ਤੋਂ ਮੰਗ ਕੀਤੀ ਕਿ ਇਸ ਹੁਕਮ ਨੂੰ ਸੰਜੀਦਗੀ ਨਾਲ ਲਾਗੂ ਨਾ ਕਰਨ ਵਾਲੇ ਬੱਸ ਚਾਲਕ ਤੇ ਸੰਚਾਲਕਾਂ ਖਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਖਟਕੜ ਕਲਾਂ ਵਿਖੇ ਬੱਸ ਸਟਾਪ ਬਣਾਉਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਇਥੇ ਪੁੱਜਣ ਵਾਲੀਆਂ ਤੇ ਸਵਾਰੀਆਂ ਨੂੰ ਮੀਂਹ ਹਨੇਰੀ ਤੇ ਧੁੱਪ ਤੋਂ ਰਾਹਤ ਮਿਲ ਸਕੇ। ਬਾਕਸ-- ਖਟਕੜ ਕਲਾਂ ’ਚ ਖੇਡ ਸਟੇਡੀਅਮ ਦੀ ਹਾਲਤ ਤਰਸਯੋਗ ਭਾਵੇਂ ਆਪ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਨਸ਼ੇ ਬੰਦ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਸਟੇਡੀਅਮ, ਖੇਡ ਕੋਚ ਤੇ ਓਪਨ ਜਿਮ ਖੋਲ੍ਹਣ ਦੀ ਸਖ਼ਤ ਲੋੜ ਹੈ। ਅਕਾਲੀ ਸਰਕਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਆਦਰਸ਼ ਸੀਨੀ. ਸੈਕੰਡਰੀ ਸਕੂਲ ਦੇ ਨੇੜੇ ਅੰਤਰਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ ਬਣਾਉਣ ਲਈ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਦੇਣ ਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ 1.35 ਕਰੋੜ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਇਆ ਗਿਆ। ਇੱਥੇ ਖਿਡਾਰੀਆਂ ਨੂੰ ਵਧੀਆ ਹਾਕੀ, ਫੁੱਟਬਾਲ, ਵਾਲੀਬਾਲ, ਬਾਸਕਟਬਾਲ ਤੇ ਐਥਲੈਟਿਕਸ ਟਰੈਕ ਬਣਾ ਕੇ ਦੇਣ ਲਈ ਕਿਹਾ ਸੀ ਪਰ ਫਰਵਰੀ 2022 ਤੱਕ ਸ਼ਹੀਦ-ਏ-ਆਜਮ ਸ. ਭਗਤ ਸਿੰਘ ਅੰਤਰਰਾਸ਼ਟਰੀ ਖੇਡ ਸਟੇਡੀਅਮ ਦੀ ਸਾਂਭ-ਸੰਭਾਲ ਲਈ ਸਬੰਧਤ ਵਿਭਾਗ ਸੰਜੀਦਾ ਨਜ਼ਰ ਨਹੀਂ ਲੱਗਿਆ। ਕਰੋੜਾਂ ਦੀ ਲਾਗਤ ਨਾਲ ਬਣੇ ਇਸ ਖੇਡ ਸਟੇਡੀਅਮ ਦੀਆਂ ਪੌੜੀਆਂ ’ਤੇ ਤਰੇੜਾਂ, ਗਰਾਊਂਡ ’ਚ ਘਾਹ ਬੂਟੀ ਉਗੀ ਹੋਈ ਹੈ, ਜਿਸ ਕਾਰਨ ਨਾ ਤਾਂ ਖਿਡਾਰੀ ਨਾ ਹੀ ਲੋਕ ਸਟੇਡੀਅਮ ’ਚ ਜਾਣ ਤੋਂ ਕਤਰਾਉਂਦੇ ਹਨ। ਜ਼ਿਕਰਯੋਗ ਹੈ ਕਿ ਜਨਵਰੀ 2016 ਨੂੰ ਇਸ ਸਟੇਡੀਅਮ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਸਟੇਡੀਅਮ ਦੇ ਆਲੇ-ਦੁਆਲੇ 3600 ਮੀਟਰ ਘੇਰੇ ਦੀ ਕੰਧ ਕੀਤੀ ਗਈ। 400 ਮੀਟਰ ਦਾ ਲੰਬਾ ਟਰੈਕ ਤੇ 100-100 ਫੁੱਟ ਦੀਆਂ ਦੋ ਬੈਠਣ ਵਾਲੀਆਂ ਗੈਲਰੀਆਂ ਵੀ ਬਣੀਆਂ। ਪਾਣੀ ਲਈ ਲਾਈਆਂ ਮੋਟਰਾਂ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲਈਆਂ ਸਨ, ਜਦਕਿ ਅਣਪਛਾਤਿਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਨਾਂ ਤਾਂ ਕੋਈ ਅਫ਼ਸਰ ਸੰਜੀਦਾ ਨਜ਼ਰ ਆਇਆ ਨਾ ਹੀ ਕੋਈ ਮੁਲਾਜ਼ਮ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਟੇਡੀਅਮ ਦੀ ਸਾਂਭ-ਸੰਭਾਲ ਤੇ ਸੁਰਖਿਆ ਦੇ ਪੁਖਤਾ ਪ੍ਰਬੰਧ ਵੀ ਕਰਨੇ ਚਾਹੀਦੇ ਹਨ। ਬਾਕਸ ਜਲ ਸਪਲਾਈ ਅਤੇ ਸੈਨੀਟੇਸ਼ਨ ਦਾ ਕੰਮ ਅਧੂਰਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਜਲ ਸਪਲਾਈ ਸਕੀਮ ਪਿੰਡ ਖਟਕੜ ਕਲਾਂ ਬਲਾਕ ਬੰਗਾ ਵਿਖੇ 24 ਘੰਟੇ ਜਲ ਸਪਲਾਈ ਸਕੀਮ ਅਧੀਨ ਅਨੁਮਾਨਤ ਲਾਗਤ 14.71 ਲੱਖ ਸੰਸਦ ਆਦਰਸ਼ ਗ੍ਰਾਮ ਯੋਜਨਾ ਦਾ ਨੀਂਹ ਪੱਥਰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਐੱਮਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਉੱਦਮਾਂ ਸਦਕਾ ਚੌਧਰੀ ਬਰਿੰਦਰ ਸਿੰਘ ਪੇਂਡੂ ਵਿਕਾਸ, ਪੰਚਾਇਤੀ ਰਾਜ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਭਾਰਤ ਸਰਕਾਰ ਵੱਲੋਂ 28-09-2015 ਨੂੰ ਆਪਣੇ ਕਰ ਕਮਲਾਂ ਨਾਲ ਰੱਖਿਆ ਪਰ ਹਾਲੇ ਵੀ ਇਹ ਕੰਮ ਅਧੂਰਾ ਪਿਆ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਮੌਕੇ ਸੁਰੇਸ਼ ਕੁਮਾਰ ਆਈਏਐੱਸ ਵਧੀਕ ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ, ਏਪੀਐੱਸ ਵਿਰਕ ਆਈਏਐੱਸ, ਡੀਸੀ, ਇੰਜੀ. ਡੀਐੱਸ ਚੀਮਾ ਮੁੱਖ ਇੰਜੀਨੀਅਰ ਉੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ, ਇੰਜੀ. ਐੱਸਸੀ ਗੁਪਤਾ ਨਿਗਰਾਨ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਹਲਕਾ ਹੁਸ਼ਿਆਰਪੁਰ ਆਦਿ ਵੀ ਹਾਜ਼ਰ ਸਨ। ਬਾਕਸ-- ਰੇਲਵੇ ਅੰਡਰਪਾਥਾਂ ਤੇ ਸੁੱਕ ਪਿੱਟ ਲਾਏ ਜਾਣ ਜ਼ਿਲ੍ਹੇ ’ਚ ਮਾਨਵ ਰਹਿਤ ਫਾਟਕਾਂ ਦੇ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਦੀ ਮੰਗ ਅਨੁਸਾਰ ਪਿੰਡ ਖਟਕੜ ਕਲਾਂ ’ਚ ਰੇਲਵੇ ਲਾਈਨਾਂ ਹੇਠਾਂ ਅੰਡਰਪਾਥ ਬਣਾਏ ਗਏ ਹਨ ਪਰ ਬਾਰਿਸ਼ ਦੇ ਦਿਨਾਂ ’ਚ ਇਨ੍ਹਾਂ ਅੰਡਰਪਾਥਾਂ ’ਚ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਦਾ ਇੱਥੋਂ ਲਾਂਘਾ ਰੁਕ ਜਾਂਦਾ ਹੈ। ਇਹੇ ਨਹੀਂ ਇਸ ਕਾਰਨ ਸਕੂਲੀ ਬੱਸਾਂ ਦੇ ਹਾਦਸੇ ਵੀ ਵਾਪਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅੰਤਰ ਪਾਲ ਲਿਮੀ. ਹਾਈਵੇ ਸਵੇ ਵੱਲੋਂ 5 ਬਾਈ 5 ਮੀਟਰ ਦੇ 6 ਬਲਾਕ ਬਣਾਏ ਗਏ ਹਨ। ਇਹ ਅੰਡਰਪਾਥ ਬਾਰਿਸ਼ ਦੇ ਦਿਨਾਂ ’ਚ ਪਾਣੀ ਨਾਲ ਭਰ ਜਾਣ ਕਾਰਨ ਇਲਾਕੇ ਦੇ ਤਕਰੀਬਨ 6 ਤੋਂ ਜ਼ਿਆਦਾ ਪਿੰਡਾਂ ਦਾ ਲਿੰਕ ਮੇਨ ਸੜਕਾਂ ਤੋਂ ਟੁੱਟ ਜਾਂਦਾ ਹੈ। ਅੰਡਰਪਾਥ ਦੀ ਉਸਾਰੀ ’ਤੇ 1 ਕਰੋੜ ਦੀ ਲਾਗਤ ਆਈ ਹੈ ਪਰ ਇਸ ਥਾਂ ’ਤੇ ਇਕੱਠੇ ਹੋਣ ਵਾਲੀ ਪਾਣੀ ਦੀ ਨਿਕਾਸੀ ਲਈ 4 ਸੁੱਕੇ ਪਿੱਟ ਨਹੀਂ ਬਣਾਏ ਗਏ ਹਨ। ਉਨ੍ਹਾਂ ਦੀ ਉਸਾਰੀ ਦਾ ਕੰਮ ਜਲਦ ਤੋਂ ਜਲਦ ਕਰਵਾਏ ਜਾਵੇ ਤਾਂ ਜੋਂ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੂਰ ਹੋ ਸਕੇ। ਬਾਕਸ-- ਕੀ ਹਨ ਹੋਰ ਮੁੱਖ ਮੰਗਾਂ? ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਨੂੰ ਅਜੇ ਤੱਕ ਸੀਵਰੇਜ ਸਿਸਟਮ ਨਾਲ ਨਹੀਂ ਜੋੜਿਆ ਗਿਆ ਹੈ। ਪਿੰਡ ਦੇ ਸੀਵਰੇਜ ਦੇ ਨਿਕਾਸ ਲਈ ਇੱਕ ਟ੍ਰੀਟਮੈਂਟ ਪਲਾਂਟ ਦੀ ਲੋੜ ਹੈ। ਤਾਂ ਜੋ ਇਸ ਨੂੰ ਸਾਫ਼ ਕੀਤਾ ਜਾ ਸਕੇ ਅਤੇ ਖੇਤੀਬਾੜੀ ਸਿੰਚਾਈ ਲਈ ਵਰਤਿਆ ਜਾ ਸਕੇ। ਪੰਜਾਬ ਸਰਕਾਰ ਨੇ ਅਜੇ ਤੱਕ ਪਿੰਡ ਦੇ ਸੀਵਰੇਜ ਦੇ ਨਿਕਾਸ ਲਈ ਕੋਈ ਪ੍ਰਬੰਧ ਨਹੀਂ ਕੀਤਾ ਹੈ। ਇਸ ਤੋਂ ਇਲਾਵਾ, ਪਿੰਡ ਦੀ ਸਫਾਈ ਸਮੱਸਿਆਵਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸਫਾਈ ਕਰਮਚਾਰੀ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ। ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਕਿਸੇ ਵੀ ਪਿੰਡ ’ਚ ਸਫਾਈ ਕਰਮਚਾਰੀਆਂ ਦਾ ਕੋਈ ਪ੍ਰਬੰਧ ਨਹੀਂ ਹੈ, ਸਫਾਈ ਕਰਮਚਾਰੀਆਂ ਨੂੰ ਸਿਰਫ ਮਨਰੇਗਾ ਰਾਹੀਂ ਨਿਯੁਕਤ ਕੀਤਾ ਗਿਆ ਹੈ ਅਤੇ ਸਫਾਈ ਲਈ ਪੰਚਾਇਤ ’ਚ ਮਹਿਲਾ ਕਮੇਟੀਆਂ ਬਣਾ ਕੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਰਕਾਰ ਨੇ ਪਿੰਡ ਦੀ ਜ਼ਮੀਨ ਤੇ ਵੇਰਕਾ ਮਿਲਕ ਪਲਾਂਟ, ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਟੈਸਟ ਬੁੱਕ ਡਿਪੂ, ਸੋਲਰ ਪਲਾਂਟ, ਡਿਸਪੈਂਸਰੀ, ਅਜਾਇਬ ਘਰ ਵਾਲੀ ਥਾਂ, ਪਾਣੀ ਦੀ ਟੈਂਕੀ ਬਣਾਈ ਹੈ। ਪਿੰਡ ਨੂੰ ਇੱਕ ਨੋਟੀਫਾਈਡ ਏਰੀਆ ਕਮੇਟੀ ਬਣਾ ਕੇ ਸਥਾਨਕ ਸਰਕਾਰਾਂ ਵਿਭਾਗ ਨਾਲ ਜੋੜਿਆ ਜਾਣਾ ਚਾਹੀਦਾ ਹੈ ਤਾਂ ਜੋ ਵਿਕਾਸ ਨੂੰ ਨਵੀਂ ਗਤੀ ਮਿਲ ਸਕੇ। ਸਥਾਨਕ ਸਰਕਾਰਾਂ ਵਿਭਾਗ ਨਾਲ ਜੋੜਨ ਤੋਂ ਬਾਅਦ, ਖਟਕੜ ਕਲਾਂ ਵਿਚ ਬੱਸ ਸਟੈਂਡ, ਅਰਬਨ ਰੈਜ਼ੀਡੈਂਟ ਅਸਟੇਟ ਬਣਾਉਣ ਦੀ ਮੰਗ ਵੀ ਕੀਤੀ ਹੈ। ਪਿੰਡ ਵਾਸੀਆਂ ਨੇ ਸਰਕਾਰੀ ਛੁੱਟੀਆਂ, ਐਤਵਾਰ ਸਮੇਤ ਹੋਰਨਾਂ ਦਿਨਾਂ ’ਚ ਅਜਾਇਬ ਘਰ, ਲਾਇਬ੍ਰੇਰੀ ਨੂੰ ਖੁੱਲ੍ਹਾ ਰੱਖਣ ਦੀ ਮੰਗ ਵੀ ਕੀਤੀ ਹੈ ਤਾਂ ਜੋ ਛੁੱਟੀ ਵਾਲੇ ਦਿਨ ਇਲਾਕੇ ਦੇ ਲੋਕ ਆਪਣੇ ਪਰਿਵਾਰ ਸਮੇਤ ਇਨ੍ਹਾਂ ਥਾਵਾਂ ਤੇ ਪੁੱਜ ਕੇ ਸ਼ਹੀਦਾਂ ਦੀਆਂ ਯਾਦਾਂ ਨਾਲ ਜੁੜ ਸਕਣ।