ਨਵੀਆਂ ਅਧਿਆਪਨ ਵਿਧੀਆਂ ਸਬੰਧੀ ਸੈਮੀਨਾਰ ਕਰਵਾਇਆ
ਨਵੀਆਂ ਅਧਿਆਪਨ ਵਿਧੀਆਂ ਸੰਬੰਧੀ ਸੈਮੀਨਾਰ ਕਰਵਾਇਆ
Publish Date: Tue, 10 Mar 2026 04:43 PM (IST)
Updated Date: Wed, 11 Mar 2026 04:01 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪੀਏਯੂ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਅਧਿਆਪਕਾਂ ਦੀ ਸਿਖਲਾਈ ਲਈ ਨਵੀਆਂ ਅਧਿਆਪਨ ਵਿਧੀਆਂ ਤੇ ਸੈਮੀਨਾਰ ਆਯੋਜਿਤ ਕੀਤਾ। ਜਿਸ ਦਾ ਮੁੱਖ ਉਦੇਸ਼ ਅਧਿਆਪਕਾਂ ਦੀ ਅਧਿਆਪਨ ਕੁਸ਼ਲਤਾ ਚ ਸੁਧਾਰ ਕਰਨਾ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਅੱਗੇ ਵਧਾਉਣਾ ਸੀ। ਸੈਮੀਨਾਰ ਦੌਰਾਨ ਮੁੱਖ ਬੁਲਾਰੇ ਡਾ. ਸੁਰਿੰਦਰ ਸਿੰਘ ਕੁਕਲ ਲੀਡ-ਵਾਤਾਵਰਨ ਅਤੇ ਮੌਸਮੀ ਬਦਲਾਅ ਕੇਂਦਰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਅਤੇ ਸਾਬਕਾ ਡੀਨ ਖੇਤੀਬਾੜੀ ਕਾਲਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸ਼ਿਰਕਤ ਕੀਤੀ। ਸੈਮੀਨਾਰ ਦੀ ਸ਼ੁਰੂਆਤ ਕਾਲਜ ਦੇ ਡੀਨ ਡਾ. ਮਨਮੋਹਨਜੀਤ ਸਿੰਘ ਵੱਲੋਂ ਸਵਾਗਤੀ ਸੰਬੋਧਨ ਨਾਲ ਹੋਈ। ਉਨ੍ਹਾਂ ਨੇ ਡਾ. ਕੁਕਲ ਦੀਆਂ ਵਿਸ਼ੇਸ਼ ਅਕਾਦਮਿਕ ਉਪਲਬਧੀਆਂ ਅਤੇ ਅਧਿਆਪਨ ਚ 35 ਸਾਲਾਂ ਦੀ ਸਮਰਪਿਤ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ। ਆਪਣੇ ਮੁੱਖ ਭਾਸ਼ਣ ਦੌਰਾਨ ਡਾ. ਕੁਕਲ ਨੇ ਪ੍ਰਭਾਵਸ਼ਾਲੀ ਅਧਿਆਪਨ ਦੇ ਮੂਲ ਤੱਤਾਂ, ਸਪੱਸ਼ਟਤਾ, ਢਾਂਚਾ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਉੱਤੇ ਜ਼ੋਰ ਦਿੱਤਾ। ਉਨ੍ਹਾਂ ਅਧਿਆਪਕਾਂ ਨੂੰ ਪ੍ਰਸ਼ਨ ਪੱਤਰ ਤਿਆਰ ਕਰਦੇ ਸਮੇਂ ਨਵੇਂ ਅਤੇ ਸੋਚਣ ਵਾਲੇ ਸਵਾਲ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਤਾਂ ਜੋ ਸਿਰਫ ਸਿੱਧੇ ਸਵਾਲਾਂ ਦੀ ਬਜਾਏ ਵਿਦਿਆਰਥੀਆਂ ਵਿਚ ਸੋਚਣ-ਸਮਝਣ ਅਤੇ ਤਰਕ ਕਰਨ ਦੀ ਯੋਗਤਾ ਨੂੰ ਵਧਾਇਆ ਜਾ ਸਕੇ। ਸੈਸ਼ਨ ਦੇ ਅੰਤ ਚਰਚਾ ਦੌਰਾਨ ਅਧਿਆਪਕਾਂ ਨੇ ਅਕਾਦਮਿਕ ਤੌਰ ’ਤੇ ਨਵੀਂ ਜਾਣਕਾਰੀ ਨਾਲ ਲਗਾਤਾਰ ਜਾਣੂ ਰਹਿਣਾ, ਕਲਾਸ ਚ ਵਿਦਿਆਰਥੀਆਂ ਦੀ ਭਾਗੀਦਾਰੀ ਵਧਾਉਣ ਤੇ ਔਖੇ ਵਿਸ਼ੇ ਨੂੰ ਆਸਾਨ ਢੰਗ ਨਾਲ ਸਮਝਾਉਣ ਸਬੰਧੀ ਸਵਾਲ ਪੁੱਛੇ।