ਬੰਗਾ ਗੋਲੀਕਾਂਡ 'ਚ ਸਕਾਰਪੀਓ ਸਵਾਰ ਹਨੀ ਬੱਲ ਦੀ ਹੋਈ ਮੌਤ
ਬੰਗਾ ਗੋਲੀਕਾਂਡ 'ਚ ਸਕਾਰਪਿਓ ਸਵਾਰ ਹਨੀ ਬੱਲ ਦੀ ਹੋਈ ਮੌਤ
Publish Date: Tue, 06 Jan 2026 04:56 PM (IST)
Updated Date: Tue, 06 Jan 2026 04:59 PM (IST)

-ਪਹਿਲਾਂ ਹੋ ਚੁੱਕੀ ਹੈ ਨੌਜਵਾਨ ਰਿੰਪਲ ਜੀਤ ਸਿੰਘ ਪੂਨੀਆਂ ਦੀ ਮੌਤ -ਗੋਲੀਕਾਂਡ ’ਚ ਹਮਲਾਵਰਾਂ ਖ਼ਿਲਾਫ਼ ਦਰਜ ਕੀਤਾ ਜਾ ਚੁੱਕੇ ਕੇਸ ਦਰਜ ਪ੍ਰਦੀਪ ਭਨੋਟ, ਪੰਜਬੀ ਜਾਗਰਣ, ਨਵਾਂਸ਼ਹਿਰ ਬੰਗਾ ਵਿਖੇ 17 ਨਵੰਬਰ ਨੂੰ ਬਾਅਦ ਦੁਪਹਿਰ ਇਕ ਸਕਾਰਪੀਓ ਗੱਡੀ ’ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਮੌਕੇ ’ਤੇ ਰਿੰਪਲਜੀਤ ਸਿੰਘ ਪੂਨੀਆਂ ਦੀ ਮੌਤ ਹੋ ਗਈ ਸੀ। ਹੁਣ ਇਸ ਹਮਲੇ ਵਿਚ ਗੰਭੀਰ ਜ਼ਖ਼ਮੀ ਹਨੀ ਬੱਲ ਦੀ ਵੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੰਗਾ ਵਿਖੇ ਵਾਪਰੇ ਹਮਲੇ ਵਿਚ ਆਈ-20 ਕਾਰ ਵਿਚ ਸਵਾਰ ਨੌਜਵਾਨਾਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਹੁਣ ਪੁਲਿਸ ਵੱਲੋਂ ਇਨ੍ਹਾਂ ਮਾਮਲਿਆਂ ਵਿਚ ਵਾਧਾ ਕਰਕੇ ਕਥਿਤ ਮਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਸਿਟੀ ਬੰਗਾ ਵਿਖੇ ਦਰਜ ਮਾਮਲੇ ਅਨੁਸਾਰ ਪਵਨਦੀਪ ਸਿੰਘ ਉਰਫ ਬੱਬੂ ਮਾਨ ਪੁੱਤਰ ਮਲਕੀਤ ਸਿੰਘ ਵਾਸੀ ਖਾਨਖਾਨਾ ਨੇ ਦੱਸਿਆ ਕਿ ਬੱਬੂ ਮਾਨ ਆਰਟ ਸਟੂਡੀਓ ਨਾਂ ਦੀ ਦੁਕਾਨ ਮੁਕੰਦਪੁਰ ਰੋਡ ਬੰਗਾ ਵਿਖੇ ਕਰਦਾ ਹੈ। ਮਿਤੀ 17-11-2025 ਨੂੰ ਉਹ ਆਪਣੀ ਦੁਕਾਨ ’ਤੇ ਸੀ ਤਾਂ 3 ਵਜੇ ਉਸ ਦਾ ਭਰਾ ਹਰਪ੍ਰੀਤ ਸਿੰਘ ਉਰਫ ਹਨੀ ਬੱਲ, ਸਾਹਿਲ ਉਰਫ ਭੋਲੂ ਪੁੱਤਰ ਸਤਨਾਮ ਸਿੰਘ ਵਾਸੀ ਦੋਧੀਆਂ ਵਾਲੀ ਗਲੀ ਹਾਲ ਵਾਸੀ ਗੁਲਾਮੀ ਸ਼ਾਹ ਰੋਡ ਬੰਗਾ, ਸੂਜਲ ਪੁੱਤਰ ਸੁਖਵੀਰ ਸਿੰਘ ਵਾਸੀ ਭਰੋਮਜਾਰਾ, ਮਨਦੀਪ ਸਿੰਘ ਪੁੱਤਰ ਸੁਖਵੀਰ ਸਿੰਘ ਵਾਸੀ ਕਰਿਆਮ, ਰਿੰਪਲਜੀਤ ਸਿੰਘ ਪੁੱਤਰ ਕੁਲਵਿੰਦਰ ਰਾਮ ਵਾਸੀ ਪੂਨੀਆ ਉਸ ਦੀ ਸਕਾਰਪੀਓ ਗੱਡੀ, ਜਿਸ ਨੂੰ ਉਸਦਾ ਭਰਾ ਹਰਪ੍ਰੀਤ ਸਿੰਘ ਉਰਫ ਹਨੀ ਬੱਲ ਚਲਾ ਰਿਹਾ ਸੀ ਅਤੇ ਕਿਸੇ ਕੰਮ ਦੇ ਸਬੰਧ ਵਿਚ ਫਗਵਾੜਾ ਨੂੰ ਜਾ ਰਿਹਾ ਸੀ। ਜਦੋਂ ਉਸ ਦਾ ਭਰਾ ਹਰਪ੍ਰੀਤ ਸਿੰਘ ਉਰਫ ਹਨੀ ਬੱਲ ਰਿਠਾ ਰਾਮ ਸਕੂਲ ਕੋਲ ਪੁੱਜੇ ਤਾਂ ਇਕ ਆਈ-20 ਕਾਰ ’ਤੇ ਸਵਾਰ ਹੋਏ ਵਿਅਕਤੀਆਂ ਵਿਚੋਂ ਕਿਸੇ ਇੱਕ ਵਿਅਕਤੀ ਨੇ ਉਸ ਦੇ ਭਰਾ ਹਰਪ੍ਰੀਤ ਸਿੰਘ ਉਰਫ ਹਨੀ ਬੱਲ ਦੀ ਗੱਡੀ ਤੇ ਇੱਕ ਫਾਇਰ ਕੀਤਾ। ਜਿਸ ਤੇ ਉਸਦਾ ਭਰਾ ਹਰਪ੍ਰੀਤ ਉਰਫ ਹਨੀ ਬੱਲ ਗੱਡੀ ਨੂੰ ਤੇਜ਼ ਰਫਤਾਰ ਵਿਚ ਬੱਸ ਸਟੈਂਡ ਬੰਗਾ ਵੱਲ ਭਜਾ ਲੈ ਗਿਆ। ਬੱਸ ਅੱਡੇ ਅੰਦਰ ਜ਼ਿਆਦਾ ਭੀੜ ਹੋਣ ਕਾਰਨ ਹਰਪ੍ਰੀਤ ਸਿੰਘ ਉਰਫ ਹਨੀ ਬੱਲ ਦੀ ਗੱਡੀ ਜਾਮ ਵਿਚ ਫੱਸ ਗਈ। ਜਿਸ ਤੇ ਪਿੱਛਾ ਕਰ ਰਹੀ ਆਈ-20 ਕਾਰ ਵਿਚ ਸਵਾਰ ਵਿਆਕਤੀਆਂ ਨੇ ਉਸ ਦੇ ਭਰਾ ਦੀ ਗੱਡੀ ਨੂੰ ਟੱਕਰ ਮਾਰੀ। ਆਈ-20 ਕਾਰ ਵਿਚ ਸਵਾਰ ਵਿਅਕਤੀਆਂ ਨੇ ਕਾਰ ਵਿਚੋਂ ਬਾਹਰ ਨਿਕਲ ਕੇ ਹਨੀ ਬੱਲ ਦੀ ਗੱਡੀ ’ਤੇ ਫਾਇਰਿੰਗ ਕਰਨ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਹਨੀ ਬੱਲ ਅਤੇ ਉਸ ਦੇ ਨਾਲ ਗੱਡੀ ਵਿਚ ਸਵਾਰ 4 ਸਾਥੀਆਂ ਅਜੇ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਅੰਬੇਡਕਰ ਨਗਰ ਬੰਗਾ, ਸੌਰਵ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਭੰਡ ਮੁਹਲਾ ਬੰਗਾ, ਸੋਰਵ ਕੁਮਾਰ ਜੋ ਸਲੂਨ ਦਾ ਕੰਮ ਕਰਦਾ ਹੈ ਅਤੇ 3 ਅਣਪਛਾਤੇ ਵਿਅਕਤੀਆਂ ਨੇ ਆਪਣੇ-ਆਪਣੇ ਦਸਤੀ ਹਥਿਆਰਾਂ ਨਾਲ ਫਾਇਰਿੰਗ ਕਰ ਦਿੱਤੀ। ਜਿਸ ਨਾਲ ਗੱਡੀ ਵਿਚ ਸਵਾਰ ਹਨੀ ਬੱਲ ਸਾਹਿਲ ਉਰਫ ਭੋਲੂ, ਸੂਜਲ, ਮਨਦੀਪ ਸਿੰਘ ਅਤੇ ਰਿੰਪਲਜੀਤ ਸਿੰਘ ਦੇ ਗੋਲੀਆਂ ਲੱਗੀਆਂ। ਆਈ-20 ਸਵਾਰ ਫਾਈਰਿੰਗ ਕਰਨ ਤੋਂ ਬਾਅਦ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਗੋਲੀ ਕਾਂਡ ਵਿਚ ਰਿੰਪਲਜੀਤ ਸਿੰਘ ਪੁੱਤਰ ਕੁਲਵਿੰਦਰ ਰਾਮ ਵਾਸੀ ਪੂਨੀਆ ਦੀ ਮੌਤ ਹੋਈ, ਜਦਕਿ ਕੋਈ ਵੀ ਜ਼ਖ਼ਮੀ ਬਿਆਨ ਦੇਣ ਦੀ ਸੂਰਤ ਵਿਚ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੇ ਆਪਣਾ ਬਿਆਨ ਆਪਣੇ ਪਿਤਾ ਮਲਕੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਖਾਨਖਾਨਾ ਦੀ ਹਾਜ਼ਰੀ ਵਿਚ ਲਿਖਵਾਇਆ ਉਨ੍ਹਾਂ ਹਮਲਾਵਰਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਉਧਰ ਪੁਲਿਸ ਨੇ ਹਨੀ ਬੱਲ ਦੀ ਮੌਤ ਉਪਰੰਤ ਪਹਿਲਾ ਦਰਜ਼ ਮਾਮਲੇ ਵਿਚ ਵਾਧਾ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ------------------ ਤਿੰਨ ਹਮਲਾਵਰਾਂ ਸਣੇ ਇਕ ਅਣਪਛਾਤੇ ’ਤੇ ਕੇਸ ਦਰਜ ਪੁਲਿਸ ਥਾਣਾ ਸਿਟੀ ਬੰਗਾ ਦੇ ਜਾਂਚ ਅਫ਼ਸਰ ਸਤਨਾਮ ਸਿੰਘ ਵੱਲੋਂ ਇਸ ਮਾਮਲੇ ’ਚ ਤਿੰਨ ਮੁਲਜ਼ਮਾਂ ਅਜੇ ਕੁਮਾਰ ਪੁੱਤਰ ਰਾਮ ਲੁਭਾਇਆ, ਸੌਰਵ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਤੇ ਸੌਰਵ ਕੁਮਾਰ ਵਾਸੀ ਬੰਗਾ ਸਮੇਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਮਾਮਲੇ ਵਿਚ ਵਾਧਾ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਵਜਾ ਰੰਜਿਸ਼ ਇਹ ਸੀ ਕਿ ਮਿਤੀ 15 ਨਵੰਬਰ ਨੂੰ ਸਾਹਿਲ ਉਰਫ ਭੋਲੂ ਨਾਲ ਸੌਰਵ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਭੰਡ ਮੁਹਲਾ ਦੀ ਸਕੂਟਰੀ ਵੱਜਣ ਕਰਕੇ ਤੂੰ-ਤੂੰ ਮੈਂ-ਮੈਂ ਹੋਈ ਸੀ ਅਤੇ ਦੇਖ ਲੈਣ ਦੀ ਧਮਕੀ ਦਿੱਤੀ ਸੀ।