ਇੰਟਰਨੈੱਟ ਦੀ ਸੁਰੱਖਿਅਤ ਤੇ ਜ਼ਿੰਮੇਵਾਰੀ ਨਾਲ ਵਰਤੋਂ ਬਾਰੇ ਕੀਤਾ ਜਾਗਰੂਕ
ਇੰਟਰਨੈੱਟ ਦੀ ਸੁਰੱਖਿਅਤ ਤੇ ਜ਼ਿੰਮੇਵਾਰੀ ਨਾਲ ਵਰਤੋਂ ਬਾਰੇ ਕੀਤਾ ਜਾਗਰੂਕ
Publish Date: Wed, 11 Feb 2026 03:40 PM (IST)
Updated Date: Thu, 12 Feb 2026 04:00 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸੁਰੱਖਿਅਤ ਇੰਟਰਨੈੱਟ ਦਿਵਸ ਮੌਕੇ ਐੱਨਆਈਸੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਖੇ ਇਕ ਵਰਕਸ਼ਾਪ ਕਰਵਾਈ। ਜਿਸ ਚ ਜ਼ਿਲ੍ਹਾ ਸੂਚਨਾ ਵਿਗਿਆਨ ਅਧਿਕਾਰੀ ਵਿਸ਼ਾਲ ਸ਼ਰਮਾ ਵੱਲੋਂ ਆਪਣੀ ਟੀਮ ਸਮੇਤ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੀ ਟੀਮ ਵਿਚ ਜ਼ਿਲ੍ਹਾ ਰੋਲਆਉਟ ਮੈਨੇਜਰ ਅਭਿਸ਼ੇਕ ਥਾਪਾ, ਨੈੱਟਵਰਕ ਇੰਜੀਨੀਅਰ ਸਿਮਰਤਜੀਤ ਸਿੰਘ ਅਤੇ ਕੁਲਵੀਰ ਸਿੰਘ ਸ਼ਾਮਲ ਸਨ। ਇਸ ਵਰਕਸ਼ਾਪ ਚ ਵੱਖ-ਵੱਖ ਵਿਭਾਗਾਂ ਦੇ ਕਈ ਸਰਕਾਰੀ ਕਰਮਚਾਰੀਆਂ ਨੇ ਭਾਗ ਲਿਆ। ਜ਼ਿਲ੍ਹਾ ਸੂਚਨਾ ਵਿਗਿਆਨ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਅਧਿਕਾਰੀਆਂ ਵਿਚ ਡਿਜੀਟਲ ਤਕਨਾਲੋਜੀਆਂ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਿਖਲਾਈ-ਕਮ-ਵਰਕਸ਼ਾਪ ਲਗਾਈ ਗਈ ਹੈ। ਜਿਸ ਵਿਚ ਸਾਈਬਰ ਸਫਾਈ, ਡੇਟਾ ਸੁਰੱਖਿਆ, ਮਜ਼ਬੂਤ ਪਾਸਵਰਡ ਅਭਿਆਸਾਂ ਅਤੇ ਫਿਸ਼ਿੰਗ ਹਮਲਿਆਂ ਦੀ ਰੋਕਥਾਮ ਤੇ ਕੇਂਦ੍ਰਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਸਾਈਬਰ ਸੁਰੱਖਿਆ ਜਾਗਰੂਕਤਾ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਭਾਗੀਦਾਰਾਂ ਨੂੰ ਸੰਵੇਦਨਸ਼ੀਲ ਸਰਕਾਰੀ ਡੇਟਾ ਦੀ ਰੱਖਿਆ ਕਰਨ ਅਤੇ ਇੱਕ ਸੁਰੱਖਿਅਤ ਡਿਜੀਟਲ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਸਭ ਤੋਂ ਵਧੀਆ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਰਕਾਰੀ ਦਫ਼ਤਰਾਂ ਚ ਸੁਰੱਖਿਅਤ ਕੰਮਕਾਜੀ ਵਾਤਾਵਰਣ ਬਣਾਉਣ ਲਈ ਸਾਈਬਰ ਹਾਈਜੀਨ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਅਤੇ ਸਾਈਬਰ ਧੋਖਾਧੜੀ ਸਬੰਧੀ ਵੀਡੀਓ ਕਲਿੱਪ ਦਿਖਾਏ ਗਏ। ਡੀਆਈਓ ਨੇ ਦੱਸਿਆ ਕਿ ਇਹ ਦਿਨ ਇੰਟਰਨੈੱਟ ਦੀ ਸੁਰੱਖਿਅਤ ਤੇ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਤ ਕਰਨ ਤੇ ਜਾਗਰੂਕਤਾ ਵਧਾਉਣ ਲਈ ਫਰਵਰੀ ਦੇ ਦੂਜੇ ਮੰਗਲਵਾਰ ਨੂੰ ਦੁਨੀਆ ਭਰ ਚ ਸੁਰੱਖਿਅਤ ਇੰਟਰਨੈੱਟ ਦਿਵਸ ਵਜੋਂ ਮਨਾਇਆ ਜਾਂਦਾ ਹੈ।