ਨਵਾਂਸ਼ਹਿਰ ’ਚ ਮੀਂਹ ਨੇ ਖੋਲ੍ਹੀ ਸੀਵਰੇਜ ਪ੍ਰਬੰਧਾਂ ਦੀ ਪੋਲ
ਨਵਾਂਸ਼ਹਿਰ 'ਚ ਮੀਂਹ ਨੇ ਖੋਲ੍ਹੀ ਸੀਵਰੇਜ ਪ੍ਰਬੰਧਾਂ ਦੀ ਪੋਲ
Publish Date: Fri, 23 Jan 2026 06:29 PM (IST)
Updated Date: Sat, 24 Jan 2026 04:10 AM (IST)

ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ’ਚ ਦਿਨ-ਬ-ਦਿਨ ਵੱਧ ਰਹੀ ਠੰਢ ਦੌਰਾਨ ਬੀਤੀ ਦੇਰ ਰਾਤ ਤੋਂ ਬਾਅਦ ਦੁਪਹਿਰ ਤੱਕ ਪਏ ਮੋਹਲੇਧਾਰ ਮੀਂਹ ਕਾਰਨ ਇਲਾਕੇ ਦੇ ਲੋਕਾਂ ਨੂੰ ਜਿਥੇ ਠੰਢ ਤੋਂ ਰਾਹਤ ਮਿਲੀ ਹੈ, ਉਥੇ ਬਾਰਿਸ਼ ਤੋਂ ਬਾਅਦ ਇਲਾਕੇ ’ਚ ਹੋਏ ਜਲ ਭਰਾਅ ਕਾਰਨ ਲੋਕਾਂ ਦੀ ਪਰੇਸ਼ਾਨੀ ਵੱਧੀ ਹੋਈ ਹੈ। ਉਧਰ ਕਿਸਾਨਾਂ ਵੱਲੋਂ ਵੀ ਅੱਜ ਦੇ ਮੀਂਹ ਨੂੰ ਫਸਲਾਂ ਲਈ ਵਰਦਾਨ ਦੱਸਿਆ ਹੈ। ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬੀਤੀ ਦੇਰ ਰਾਤ ਤੋਂ ਪਏ ਮੋਹਲੇਧਾਰ ਮੀਂਹ ਕਾਰਨ ਜਿਥੇ ਲੋਕਾਂ ਨੂੰ ਅੱਤ ਦੀ ਠੰਢ ਤੋਂ ਰਾਹਤ ਮਿਲੀ ਹੈ, ਉਥੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਚ ਖੜ੍ਹੇ ਪਾਣੀ ਦੇ ਦੁਕਾਨਾਂ ਤੇ ਘਰਾਂ ਵਿਚ ਆ ਵੜਣ ਕਾਰਨ ਲੋਕਾਂ ਦੀ ਪਰੇਸ਼ਾਨੀ ਵਧੀ ਰਹੀ। ਇਸੇ ਤਰ੍ਹਾਂ ਨੀਵੀਆਂ ਦੁਕਾਨਾਂ ’ਚ ਪਾਣੀ ਆ ਵੜਣ ਕਾਰਨ ਦੁਕਾਨਦਾਰਾਂ ਦੀ ਪਰੇਸ਼ਾਨੀ ਵੀ ਵੱਧੀ ਰਹੀ। ਅੱਜ ਤੇ ਮੀਂਹ ਨੇ ਤਹਿਸੀਲ ਕੰਪਲੈਕਸ, ਚੰਡੀਗੜ੍ਹ ਰੋਡ, ਕੁਲਾਮ ਰੋਡ, ਬੱਸ ਅੱਡਾ ਨਵਾਂਸ਼ਹਿਰ, ਗੜ੍ਹਸ਼ੰਕਰ ਰੋਡ, ਰੇਲਵੇ ਰੋਡ, ਬੰਗਾ ਰੋਡ, ਸਲੋਹ ਰੋਡ, ਗੀਤਾ ਭਵਨ ਰੋਡ, ਐੱਮਸੀ ਰੋਡ, ਕੋਠੀ ਰੋਡ ਸਮੇਤ ਸਾਰੇ ਇਲਾਕੇ ’ਚ ਪਾਣੀ ਹੀ ਪਾਣੀ ਕਰ ਦਿੱਤਾ। ਬਾਰਿਸ਼ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਨਗਰ ਕੌਂਸਲ ਤੇ ਸੀਵਰੇਜ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਪੋਲ ਵੀ ਖੁੱਲ੍ਹ ਗਈ। ਇਲਾਕਾ ਵਾਸੀਆਂ ਹਰਜੀਤ ਸਿੰਘ, ਅਜੈਬ ਸਿੰਘ, ਕੁਲਜੀਤ ਸਿੰਘ ਨੇ ਦੱਸਿਆ ਕਿ ਨਵਾਂਸ਼ਹਿਰ ’ਚ ਸ਼ੁਰੂ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਜਿਥੇ ਸੁੱਕੀ ਠੰਢ ਤੋਂ ਰਾਹਤ ਮਿਲੀ, ਉਥੇ ਇਸ ਕਾਰਨ ਬਿਮਾਰ ਬਜ਼ੁਰਗਾਂ, ਬੱਚਿਆਂ ਨੂੰ ਵੀ ਰਾਹਤ ਮਿਲਣ ਦੀ ਆਸਾਰ ਹਨ। ਬਾਰਿਸ਼ ਕਾਰਨ ਇਲਾਕੇ ਦੀ ਖਸਤਾਹਾਲ ਸੜਕ ਕੁਲਾਮ ਰੋਡ, ਸਲੋਹ ਰੋਡ, ਰੇਲਵੇ ਰੋਡ ’ਚ ਖੜ੍ਹੇ ਬਾਰਿਸ਼ ਦੇ ਪਾਣੀ ਕਾਰਨ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਨਗਰ ਕੌਸਲ ਤੇ ਸਬੰਧਤ ਵਿਭਾਗਾਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਬਾਰਿਸ਼ ਦੇ ਖੜ੍ਹੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਵਾਉਣ ਦੀ ਮੰਗ ਵੀ ਕੀਤੀ। ਲੋਕਾਂ ਨੇ ਸਿਹਤ ਵਿਭਾਗ ਨੂੰ ਇਲਾਕੇ ’ਚ ਖੜ੍ਹੇ ਪਾਣੀ ਕਾਰਨ ਹੋਣ ਵਾਲੀ ਪਰੇਸ਼ਾਨੀਆਂ ਬਾਰੇ ਸਰਕਾਰ ਤੱਕ ਮੁੱਦਾ ਪਹੁੰਚਾਉਣ ਦੀ ਮੰਗ ਵੀ ਕੀਤੀ। ਬਾਕਸ-- ਬੱਸ ਅੱਡੇ ਦੇ ਗੇਟ ਤੋਂ ਦਫਤਰ ਤੱਕ ਖੜ੍ਹੇ ਪਾਣੀ ਨੇ ਵਧਾਈ ਵਾਹਨ ਚਾਲਕਾਂ ਤੇ ਲੋਕਾਂ ਦੀ ਪਰੇਸ਼ਾਨੀ ਮੋਹਲੇਧਾਰ ਬਾਰਿਸ਼ ਕਾਰਨ ਬੱਸ ਅੱਡਾ ਨਵਾਂਸ਼ਹਿਰ ਦੇ ਨੇਵੇਂ ਇਲਾਕੇ ’ਚ ਅੱਜ ਸਾਰਾ ਦਿਨ ਪਾਣੀ ਖੜ੍ਹਾ ਰਿਹਾ। ਇਸ ਕਾਰਨ ਬੱਸ ਅੱਡੇ ’ਚ ਆਉਣ ਵਾਲੀਆਂ ਸਵਾਰੀਆਂ ਤੇ ਜੀਐੱਮ ਰੋਡਵੇਜ਼ ਦੇ ਦਫਤਰ ਤੇ ਵਰਕਸ਼ਾਪ ’ਚ ਜਾਣ ਵਾਲੇ ਮੁਲਾਜ਼ਮਾਂ ਤੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ। ਲੋਕਾਂ ਨੇ ਬੱਸ ਅੱਡੇ ਦੀ ਕੁਰਸੀ ਨੂੰ ਉੱਚਾ ਚੁੱਕਣ ਦੀ ਮੰਗ ਕਰਦਿਆਂ ਖਸਤਾਹਾਲ ਸੜਕ ਦੀ ਰਿਪੇਅ੍ਰ ਕਰਵਾਉਣ ਦੀ ਵੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਬੱਸ ਅੱਡਾ ਨਵਾਂਸ਼ਹਿਰ ਦੀ ਕੁਰਸੀ ਗੜ੍ਹਸ਼ੰਕਰ ਰੋਡ ਤੋਂ ਨੀਵੀਂ ਹੋਣ ਕਾਰਨ ਬਾਰਿਸ਼ ਦੌਰਾਨ ਸਾਰਾ ਪਾਣੀ ਬੱਸ ਅੱਡੇ ’ਚ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਦੀ ਪਰੇਸ਼ਾਨੀ ਵਧੀ ਰਹਿੰਦੀ ਹੈ। ਬਾਕਸ-- ਬਾਰਿਸ਼ ਕਾਰਨ ਇਲਾਕੇ ਦੇ ਕਿਸਾਨ ਖੁਸ਼ ਕਿਸਾਨ ਸੋਹਣ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਸ਼ਿੰਦਰਪਾਲ ਨੇ ਦੱਸਿਆ ਕਿ ਬਾਰਿਸ਼ ਕਾਰਨ ਕਣਕ, ਕਮਾਦ, ਹਰੇ ਚਾਰੇ, ਮਟਰ ਸਮੇਤ ਹੋਰਨਾਂ ਫਸਲਾਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਦੇ ਚਿਹਰੇ ਅੱਜ ਮੀਂਹ ਕਾਰਨ ਖਿੜ ਗਏ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਮੌਸਮ ਮਿਹਰਬਾਨ ਰਿਹਾ ਤਾਂ ਕਣਕ ਸਮੇਤ ਹੋਰਨਾਂ ਫਸਲਾਂ ਲਈ ਦੀ ਕਾਸ਼ਤ ਲਾਹੇਵੰਦ ਹੋਵੇਗੀ। ਫਸਲਾਂ ਦਾ ਉਤਪਾਦਨ ਵੱਧ ਹੋਣ ਨਾਲ ਕਿਸਾਨ ਹੋਰ ਖੁਸ਼ਹਾਲ ਹੋ ਸਕਣਗੇ। ਬਾਕਸ- ਬਾਰਿਸ਼ ਕਾਰਨ ਫੜੀਆਂ, ਰੇਹੜੀਆਂ ਵਾਲੇ ਹੋਏ ਪਰੇਸ਼ਾਨ ਬੀਤੀ ਦੇਰ ਰਾਤ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਪੈ ਰਹੇ ਮੀਂਹ ਕਾਰਨ ਇਲਾਕੇ ਦੇ ਰੇਹੜੀ, ਫੜੀ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਰਿਸ਼ ਕਾਰਨ ਉਨ੍ਹਾਂ ਦੇ ਖੜ੍ਹਣ ਦੀ ਥਾਂ ਗਿੱਲੀ ਹੋਣ ਕਾਰਨ ਉਹ ਅੱਜ ਆਪਣੀਆ ਰੇਹੜੀਆਂ, ਫੜੀਆਂ ਅਤੇ ਹੋਰ ਕੰਮਕਾਰ ਨਹੀਂ ਲਗਾ ਸਕੇ। ਜਿਸ ਕਾਰਨ ਉਨ੍ਹਾਂ ਦੀ ਪਰੇਸ਼ਾਨੀ ਵੱਧੀ ਰਹੀ। ਜਦਕਿ ਮੀਂਹ ਕਾਰਨ ਹਰੇਕ ਦੋ ਪਹਿਆ ਵਾਹਨ ਚਾਲਕ ਨੂੰ ਸਫਰ ਕਰਨ ਵਿਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਕਸ== ਬਾਰਿਸ਼ ਨੇ ਵਧਾਈ ਵਿਦਿਆਰਥੀਆਂ ਦੀ ਪਰੇਸ਼ਾਨੀ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਅੱਜ ਪੇਪਰ ਹੋਣ ਕਾਰਨ ਉਨ੍ਹਾਂ ਨੂੰ ਵੀ ਬਾਰਿਸ਼ ਵਿਚ ਭਿੱਜ ਕੇ ਸਕੂਲ ਪਹੁੰਚਣ ਲਈ ਮਜ਼ਬੂਰ ਹੋਣਾ ਪਿਆ, ਜਦਕਿ 12 ਵਜੇ ਪੇਪਰ ਮੁਕਣ ਤੋਂ ਬਾਅਦ ਵੀ ਬਾਰਿਸ਼ ਕਾਰਨ ਵਿਦਿਆਰਥੀਆਂ ਨੂੰ ਭਿੱਜ ਕੇ ਘਰ ਪੁੱਜਣ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮਾਪਿਆਂ ਨੇ ਕਿਹਾ ਕਿ ਮੌਸਮ ਦੀ ਖਰਾਬੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਅਤੇ ਸਕੂਲ ਪ੍ਰਬੰਧਕਾਂ ਨੂੰ ਪੇਪਰਾਂ ਨੂੰ ਕੈਂਸਲ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਤਾਂ ਜੋ ਵਿਦਿਆਰਥੀਆਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਨਿਜਾਦ ਮਿਲ ਸਕੇ।