ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਕੀਤੀ ਗੇਟ ਰੈਲੀ
ਨਵਾਂਸ਼ਹਿਰ 'ਚ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਕੀਤੀ ਗੇਟ ਰੈਲੀ
Publish Date: Wed, 11 Feb 2026 07:05 PM (IST)
Updated Date: Thu, 12 Feb 2026 04:05 AM (IST)

ਧਰਨੇ ਕਾਰਨ ਪਰੇਸ਼ਾਨ ਹੋਈਆਂ ਸਵਾਰੀਆਂ ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਰਿੰਦਰ ਪੰਡੌਰੀ ਪ੍ਰਧਾਨ ਅਤੇ ਸੁਲੱਖਣ ਸਿੰਘ ਸੂਬਾ ਆਗੂ ਦੀ ਅਗਵਾਈ ਹੇਠ ਨਵਾਂਸ਼ਹਿਰ ਚ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਤਾਂ ਕੀ ਦੇਣਾ ਸੀ, ਉਲਟਾ ਪਿਛਲੇ 20 ਸਾਲਾਂ ਤੋਂ ਕੰਟਰੈਕਟ ਆਊਟ ਸੋਰਸ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਵੀਂ ਦਲਦਲ ਜਿਸ ਨੂੰ ਸਪੈਸ਼ਲ ਕਾਡਰ ਨੀਤੀ 2023 ਕਹਿ ਕੇ ਫਸਾਉਣ ਵਿਚ ਲੱਗੀ ਹੈ। ਜਿਸ ਵਿਚ ਫਸੇ ਟੀਚਰਾਂ ਵਲੋਂ ਪਿਛਲੇ ਦਿਨ੍ਹੀਂ ਮੋਹਾਲੀ ਧਰਨਾ ਵੀ ਲਗਾਇਆ। ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਟਰਾਂਸਪੋਰਟ ਵਿਭਾਗ ਨੂੰ ਚਲਾਉਣ ਸਮੇਤ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਵਿਚ ਫੇਲ ਸਾਬਿਤ ਹੋ ਚੁੱਕੀ ਹੈ ਅਤੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਪੁਲੀਸ ਪ੍ਰਸ਼ਾਸਨ ਦੀ ਵਰਤੋਂ ਕਰਕੇ ਲੋਕਾਂ ਦੀ ਅਵਾਜ਼ ਦਬਾਉਣ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆ ਦੀ ਸਰਕਾਰ ਬਣ ਚੁੱਕੀ ਹੈ, ਜੋ ਕਿ ਆਮ ਆਦਮੀ ਦਾ ਚਿਹਰਾ ਦਿਖਾ ਕਿ ਪੰਜਾਬ ਦੇ ਵਿਚ ਆਪਣੀ ਸੱਤਾ ਕਾਇਮ ਕਰਕੇ ਹੁਣ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣ ਚੁੱਕੀ ਹੈ। ਵੋਟਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਹ ਕਾਰਪੋਰੇਟ ਘਰਾਣਿਆਂ ਨੂੰ ਖਤਮ ਕਰ ਦੇਵਾਂਗੇ। ਸਾਰੇ ਰੂਟਾਂ ਤੇ ਸਰਕਾਰੀ ਬੱਸਾਂ ਚੱਲਣਗੀਆਂ, ਲੋਕ ਸਰਕਾਰੀ ਬੱਸਾਂ ਦੇ ਹਾਰਨ ਨੂੰ ਸੁਣ ਕੇ ਚਾਹ ਧਰਿਆ ਕਰਨਗੇ।। ਉਹ ਗੱਲਾਂ ਬਿਲਕੁਲ ਝੂਠੀਆਂ ਸਾਬਿਤ ਹੋਈਆਂ ਹਨ। ਕਿਉਂਕਿ ਪਿਛਲੇ ਦਿਨ੍ਹੀਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕਰਨ ਦੀ ਨੀਤੀ ਦੇ ਨਾਲ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਲੈ ਕੇ ਆਈ ਸੀ। ਜਿਸ ਉਪਰੰਤ ਜਥੇਬੰਦੀ ਵੱਲੋਂ ਸੰਘਰਸ਼ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਗੂ ਨੂੰ ਘਰਾਂ ਅਤੇ ਧਰਨਿਆਂ ਤੋ ਜ਼ਬਰੀ ਚੁੱਕ ਕੇ ਸੰਘਰਸ਼ ਕਰਦੇ ਮੁਲਾਜ਼ਮਾਂ ਤੇ 307 ਵਰਗੀਆਂ ਧਾਰਾਵਾਂ ਲਗਾ ਕੇ ਜੇਲ੍ਹਾਂ ਵਿਚ ਬੰਦ ਕੀਤਾ ਗਿਆ ਹੈ। ਅੱਜ ਲਗਭਗ 2 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਤੇ ਸਰਕਾਰ ਵਾਰ-ਵਾਰ ਮੀਟਿੰਗ ਦੇ ਵਿਚ ਭਰੋਸਾ ਦੇ ਰਹੀ ਹੈ ਕਿ 2 ਜਾਂ 4 ਦਿਨ੍ਹਾਂ ਵਿਚ ਤੁਹਾਡੇ ਸਾਥੀਆਂ ਨੂੰ ਰਿਹਾਈ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਪੰਜਾਬ ਯੂਨੀਅਨ ਅੱਗੇ ਸ਼ਰਤਾਂ ਰੱਖ ਰਹੇ ਹਨ ਅਤੇ ਮੁਲਾਜ਼ਮਾਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਮੁਲਾਜ਼ਮਾਂ ਦੀ ਅਵਾਜ਼ ਦਬਾਉਣ ਅਤੇ ਧੱਕੇਸ਼ਾਹੀ ਨਾਲ ਨਿੱਜੀਕਰਨ ਕਰਨਾ ਚਾਹੁੰਦੇ ਹਨ। ਟਰਾਂਸਪੋਰਟ ਮੰਤਰੀ ਪੰਜਾਬ ਮੁਲਾਜ਼ਮਾਂ ਅਤੇ ਆਮ ਲੋਕਾਂ ਦੀ ਅਵਾਜ਼ ਦਬਾਉਣ ਲਈ ਕਹਿੰਦੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਲੰਮੇ ਸਮੇਂ ਤੋਂ ਮੰਗਾਂ ਦਾ ਹੱਲ ਕਰਨ ਦੇ ਲਈ ਕਮੇਟੀਆਂ ਦਾ ਗਠਿਤ ਕਰਕੇ ਇਕ ਸਮਾਂ ਟਪਾਉਣ ਦੀ ਨੀਤੀ ਅਪਣਾ ਰਹੀ ਸੀ। ਚਾਰ ਸਾਲ ਬੀਤ ਚੁੱਕੇ ਹਨ, ਇਕ ਵੀ ਨਵੀਂ ਸਰਕਾਰੀ ਬੱਸ ਨਹੀਂ ਪਾਈ। ਉਲਟਾ ਜਿਹੜੀਆਂ ਬੱਸਾਂ ਮੌਜੂਦ ਹਨ, ਉਨ੍ਹਾਂ ਨੂੰ ਟਾਇਰਾਂ, ਪੁਰਜ਼ਿਆ ਤੋਂ ਡਿਪੂਆਂ ਵਿਚ ਸ਼ਿੰਗਾਰ ਬਣਾਇਆ ਤੇ ਕਾਰਪੋਰੇਟ ਘਾਰਣਿਆ ਨੂੰ ਤਵੱਜੋ ਦਿੱਤੀ ਜਾ ਰਹੀ ਹੈ। ਹੁਣ ਪ੍ਰਾਈਵੇਟ ਮਾਲਕਾਂ ਨੂੰ ਫਾਇਦਾ ਦੇਣ ਦੇ ਲਈ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਸਰਕਾਰੀ ਟਰਾਂਸਪੋਰਟ ਨੂੰ ਬੰਦ ਕਰਨ ਜਾ ਰਹੀ ਹੈ। ਜਿਸ ਦਾ ਜਥੇਬੰਦੀ ਪੂਰਨ ਜ਼ੋਰ ਵਿਰੋਧ ਕਰਦੀ ਆਈ ਹੈ। ਪਿਛਲੇ ਦਿਨ੍ਹੀਂ ਵਿਰੋਧ ਕਰਦੇ ਮੁਲਾਜ਼ਮਾ ਨੂੰ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਸੰਗਰੂਰ ਅਤੇ ਪਟਿਆਲੇ 307 ਦੇ ਪਰਚੇ ਦਰਜ ਕੀਤੇ ਗਏ ਹਨ ਅਤੇ ਰਿਹਾਅ ਤੱਕ ਨਹੀ ਕੀਤਾ ਗਿਆ। ਜਿਸ ਦੇ ਰੋਸ ਵਜੋਂ ਅੱਜ ਬਾਅਦ ਦੁਪਹਿਰ ਤੋਂ ਸ਼ਾਮ ਤੱਕ ਬੱਸਾਂ ਬੰਦ ਕਰਕੇ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ 12 ਫਰਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਧਰਨਾ ਦਿੱਤਾ ਜਾਵੇਗਾ। ਜੇਕਰ ਫਿਰ ਵੀ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਈ ਤਾਂ ਤਿੱਖੇ ਰਿਹਾਈ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਜੋ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਜੇਲ੍ਹਾਂ ਵਿਚ ਬੰਦ ਸਾਥੀਆਂ ਦੀ ਰਿਹਾਈ ਅਤੇ ਮੰਨ੍ਹੀਆਂ ਹੋਈਆ ਮੰਗਾਂ ਲਾਗੂ ਨਹੀ ਕੀਤੀਆਂ ਜਾਂਦੀਆਂ। ਇਸ ਮੌਕੇ ਮਹੇਸ਼ ਕੁਮਾਰ ਸੈਕਟਰੀ, ਕੁਲਵਿੰਦਰ ਸਿੰਘ ਕੈਸ਼ੀਅਰ, ਗੋਲਡੀ ਸਹਾਇਕ ਸੂਬਾ ਆਗੂ, ਬਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ, ਗੁਰਨੇਕ ਸਿੰਘ, ਮਨਪ੍ਰੀਤ ਸਿੰਘ, ਗੋਨੀ ਆਦਿ ਹਾਜ਼ਰ ਸਨ। ਉਧਰ ਇਸ ਧਰਨੇ ਦੌਰਾਨ ਇਲਾਕੇ ਦੇ ਲੋਕਾਂ ਦੇ ਨਾਲ ਨਾਲ ਮਹਿਲਾ ਸਵਾਰੀਆਂ ਭਾਰੀ ਪਰੇਸ਼ਾਨ ਦਿੱਸੀਆਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਕੇ ਰੋਸ ਧਰਨੇ ਨੂੰ ਬੰਦ ਕਰਵਾਇਆ ਜਾਵੇ।