ਪੰਜਾਬ ਕਲਾ ਪ੍ਰੀਸ਼ਦ ਵੱਲੋਂ ਨਾਵਲਕਾਰ ਜਸਬੀਰ ਮੰਡ ਨਾਲ ਸੰਵਾਦ
ਪੰਜਾਬ ਕਲਾ ਪਰਿਸ਼ਦ ਵੱਲੋਂ ਨਾਵਲਕਾਰ ਜਸਬੀਰ ਮੰਡ ਨਾਲ ਸੰਵਾਦ ਕਰਵਾਇਆ
Publish Date: Sat, 07 Mar 2026 06:06 PM (IST)
Updated Date: Sun, 08 Mar 2026 04:12 AM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਦੀ ਨਵ ਸਿਰਜਣਾ ਤਹਿਤ ਆਰੰਭ ਕੀਤੀ ਪ੍ਰੋਗਰਾਮ ਲੜੀ ਸਿਰਜਣਾ ਅਤੇ ਸੰਵਾਦ ਅਧੀਨ ਖੇਤਰ ਦੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਸਬੀਰ ਮੰਡ ਨਾਲ ਸੰਵਾਦ ਸਮਾਰੋਹ ਕਰਵਾਇਆ। ਅਦਾਰਾ ਪਰਵਾਜ਼ ਇਕਾਈ ਨਵਾਂਸ਼ਹਿਰ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿਚ ਮਹਿਮਾਨ ਨਾਵਲਕਾਰ ਜਸਬੀਰ ਮੰਡ, ਪ੍ਰਿੰ. ਰਜਿੰਦਰ ਸਿੰਘ ਗਿੱਲ, ਜਸਬੀਰ ਦੀਪ, ਭੁਪਿੰਦਰ ਸਿੰਘ ਮੱਲ੍ਹੀ ਅਤੇ ਕਹਾਣੀਕਾਰ ਅਜਮੇਰ ਸਿੱਧੂ ਨੇ ਸ਼ਿਰਕਤ ਕੀਤੀ। ਸਮਾਰੋਹ ਦੇ ਆਰੰਭ ਵਿਚ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਜੇਬੀ ਸੇਖੋਂ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਲੇਖਕ ਅਤੇ ਪਾਠਕ ਵਿਚਕਾਰ ਸੰਵਾਦ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰਨਾ ਹੈ। ਪ੍ਰਿੰ. ਰਜਿੰਦਰ ਸਿੰਘ ਗਿੱਲ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਲਾ ਪਰਿਸ਼ਦ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮਹਿਮਾਨ ਨਾਵਲਕਾਰ ਜਸਬੀਰ ਮੰਡ ਨੇ ਆਪਣੇ ਨਾਵਲਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਵਿਚਾਰ ਰੱਖੇ। ਉਨ੍ਹਾਂ ਆਪਣੇ ਨਾਵਲ ਔੜ ਦੇ ਬੀਜ ਤੋਂ ਚੁਰਾਸੀ ਲੱਖ ਯਾਦਾਂ ਤੱਕ ਦੇ ਸਿਰਜਣਾਤਮਿਕ ਸਫ਼ਰ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਨਾਵਲਾਂ ਵਿਚ ਕੁਦਰਤ, ਕਿਰਤ, ਕਿਰਸਾਨੀ ਅਤੇ ਪਿੰਡ ਦੇ ਬਦਲ ਰਹੀ ਤਸਵੀਰ ਦਾ ਅਕਸਰ ਜ਼ਿਕਰ ਆਉਂਦਾ ਹੈ। ਉਨ੍ਹਾਂ ਸੰਤਾਲੀ ਅਤੇ ਪੰਜਾਬ ਸੰਕਟ ਨਾਲ ਜੁੜੇ ਨਾਵਲੀ ਬਿਰਤਾਂਤ ਦੀਆਂ ਘਟਨਾਵਾਂ, ਪਾਤਰਾਂ, ਭਾਸ਼ਾ ਸ਼ੈਲੀ ਆਦਿ ਬਾਰੇ ਮੁੱਲਵਾਨ ਵਿਚਾਰ ਰੱਖੇ। ਵਿਚਾਰ ਚਰਚਾ ਦਾ ਆਗ਼ਾਜ਼ ਕਹਾਣੀਕਾਰ ਅਜਮੇਰ ਸਿੱਧੂ ਅਤੇ ਆਲੋਚਕ ਡਾ ਕੇਵਲ ਰਾਮ ਨੇ ਕੀਤੀ ਤੇ ਪੰਜਾਬੀ ਨਾਵਲ ਦੀ ਵਰਤਮਾਨ ਸਥਿਤੀ ’ਚ ਜਸਬੀਰ ਮੰਡ ਦੀ ਨਾਵਲ ਕਲਾ ਬਾਰੇ ਵਿਚਾਰ ਰੱਖੇ। ਇਸ ਮੌਕੇ ਭੁਪਿੰਦਰ ਸਿੰਘ ਮੱਲੀ, ਜਸਬੀਰ ਦੀਪ, ਦੀਦਾਰ ਸਿੰਘ, ਬਲਵੀਰ ਸਿੰਘ, ਇਕਬਾਲ ਸਿੰਘ ਚੀਮਾ, ਦੀਪਕ ਗੁਣਾਚੌਰ, ਕਹਾਣੀਕਾਰ ਜੋਗੇ ਭੰਗਲ, ਸ਼ਾਇਰ ਕੁਲਵਿੰਦਰ ਕੁੱਲਾ, ਡਾ. ਗੁਰਮੀਤ ਸਿੰਘ ਸਰਾਂ ਨੇ ਜਸਬੀਰ ਮੰਡ ਦੇ ਨਾਵਲਾਂ ਅੰਦਰ ਦਾਰਸ਼ਨਿਕ ਸੁਰ, ਬਿਰਤਾਂਤ ਦੀ ਬੁਣਤੀ, ਭਾਸ਼ਾ ਸ਼ੈਲੀ ਅਤੇ ਲੇਖਕ ਦੇ ਅਧਿਐਨ ਖੇਤਰ ਬਾਰੇ ਗੰਭੀਰ ਸਵਾਲ ਪੁੱਛੇ, ਜਿਨ੍ਹਾਂ ਦੇ ਜਵਾਬ ’ਚ ਜਸਬੀਰ ਮੰਡ ਨੇ ਕਿਹਾ ਕਿ ਉਹ ਹਮੇਸ਼ਾਂ ਉਪਦੇਸ਼ਨੁਮਾ ਲੇਖਣੀ ਤੋਂ ਦੂਰ ਰਹੇ ਹਨ ਅਤੇ ਚੰਗਾ ਨਾਵਲ ਇਕਿਹਰੇ ਅਰਥਾਂ ਦੀ ਥਾਂ ਬਹੁ ਪਰਤੀ ਅਰਥਾਂ ਵਾਲਾ ਹੁੰਦਾ ਹੈ। ਉਨ੍ਹਾਂ ਬੋਲ ਮਰਦਾਨਿਆਂ, ਆਖਰੀ ਪਿੰਡ ਦੀ ਕਥਾ, ਆਖਰੀ ਬਾਬੇ ਆਦਿ ਨਾਵਲਾਂ ਦੀ ਰਚਨਾ ਪ੍ਰਕਿਰਿਆ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਤਿਹਾਸਕ ਨਾਵਲ ਲਿਖਣਾ ਇਤਿਹਾਸ ਲਿਖਣਾ ਨਹੀਂ ਸਗੋਂ ਇਤਿਹਾਸ ਦੀ ਮਾਨਸਿਕਤਾ ਤੱਕ ਪੁੱਜਣਾ ਹੁੰਦਾ ਹੈ। ਇਸ ਮੌਕੇ ਜਸਵੀਰ ਬੇਗਮਪੁਰੀ ਨੇ ਪੁਸਤਕਾਂ ਦੀ ਵਿਕਰੀ ਪ੍ਰਦਰਸ਼ਨੀ ਲਗਾਈ। ਸਮਾਰੋਹ ਮੌਕੇ ਸੁਰਮੁਖ ਸਿੰਘ, ਅਜੈ ਕੁਮਾਰ, ਕੁਲਦੀਪ ਸਿੰਘ, ਰੁਪਿੰਦਰ ਸਿੰਘ ਮਾਹਿਲ, ਐਡਵੋਕੇਟ ਪਰਮਜੀਤ ਸਿੰਘ ਖੱਟੜਾ, ਮੱਖਣ ਬਖਲੌਰ, ਅਮਰੀਕ ਸਿੰਘ, ਸੰਦੀਪ ਨਈਅਰ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਰੀਆ, ਦੀਪਕਾ ਆਦਿ ਸਮੇਤ ਸਾਹਿਤ ਪ੍ਰੇਮੀ ਹਾਜ਼ਰ ਸਨ।