ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਕਰ ਰਹੀ ਉਤਸ਼ਾਹਿਤ : ਚੇਅਰਮੈਨ ਗੜੀ
ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਹਨ ਵੱਡੇ ਉਪਰਾਲੇ-ਚੇਅਰਮੈਨ ਗੜੀ
Publish Date: Mon, 16 Feb 2026 04:11 PM (IST)
Updated Date: Tue, 17 Feb 2026 04:01 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਬ੍ਰਹਮਚਾਰੀ ਸਪੋਰਟਸ ਐਂਡ ਵੈਲਫੇਅਰ ਯੂਥ ਕਲੱਬ ਵੱਲੋਂ ਬੀਏਵੀ ਗਰਾਊਂਡ ਬਲਾਚੌਰ ਵਿਖੇ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੈਚ ਬਲਾਚੌਰ ਸ਼ਹਿਰ ਅਤੇ ਪਿੰਡ ਗੜੀ ਕਾਨੂੰਨਗੋ ਦੀਆਂ ਟੀਮਾਂ ਦੌਰਾਨ ਖੇਡਿਆ ਗਿਆ। ਜਿਸ ਦੀ ਸ਼ੁਰੂਆਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਅਤੇ ਵਿਧਾਇਕ ਹਲਕਾ ਬਲਾਚੌਰ ਸੰਤੋਸ਼ ਕਟਾਰੀਆ ਨੇ ਕਰਵਾਈ ਅਤੇ ਉਨ੍ਹਾਂ ਨਾਲ ਬਲਾਚੌਰ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਧਰਮਿੰਦਰ ਤ੍ਰਿਪਾਠੀ ਐੱਮਸੀ, ਧਰਮਿੰਦਰ ਮੇਨਕਾ ਐੱਮਸੀ, ਜਸਵਿੰਦਰ ਸਿਆਣਾ, ਐੱਸਸੀ ਵਿੰਗ ਦੇ ਤਹਿਸੀਲ ਪ੍ਰਧਾਨ ਕੁਲਦੀਪ ਸਿੰਘ, ਅਜੇ ਕੁਮਾਰ ਐੱਮਸੀ, ਰਾਧੇ ਸ਼ਾਮ ਐੱਮਸੀ, ਸੁਨੀਤਾ ਸ਼ਰਮਾ, ਡਾ. ਭੁਪਿੰਦਰ ਜੀਤ ਸਿੰਘ ਸੂਰੀ, ਸਤਨਾਮ ਸਿੰਘ ਐਨਆਰਆਈ, ਸੁਖਵੀਰ ਕੌਰ ਤਹਿਸੀਲਦਾਰ ਬਲਾਚੌਰ ਸਨ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖ ਕੇ ਖੇਡ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਬੱਚਿਆਂ ਦੇ ਭਵਿੱਖ ਅਤੇ ਉਨ੍ਹਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪਿੰਡ-ਪਿੰਡ ਸਟੇਡੀਅਮ ਬਣਾਉਣ ਦੀ ਯੋਜਨਾ ਉਲੀਕੀ ਹੈ। ਉਨ੍ਹਾਂ ਨੇ ਪਿੰਡ ਗੜ੍ਹੀ ਕਾਨੂੰਨਗੋ ਦੀ ਟੀਮ ਨੂੰ 5100 ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਿਹੜੀ ਜੇਤੂ ਟੀਮ ਗੋਲ ਕਰੇਗੀ। ਉਸ ਨੂੰ ਵੀ 5100 ਰੁਪਏ ਇਨਾਮ ਰਾਸ਼ੀ ਦਿੱਤੀ ਜਾਵੇਗੀ। ਵਿਧਾਇਕ ਹਲਕਾ ਬਲਾਚੌਰ ਸੰਤੋਸ਼ ਕਟਾਰੀਆ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੂਰੇ ਪੰਜਾਬ ਵਿਚ ਲਗਭਗ 3300 ਦੇ ਕਰੀਬ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਵੱਲੋਂ ਖੇਡ ਮੈਦਾਨ ਲਈ 10 ਲੱਖ ਰੁਪਏ ਦੇਣ ਦਾ ਜੋ ਐਲਾਨ ਕੀਤਾ ਗਿਆ ਸੀ, ਉਸ ਨੂੰ ਜਲਦ ਪੂਰਾ ਕਰਕੇ ਗ੍ਰਾਂਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੂਚੀ ਲੈਣ।