ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਸਰਕਾਰ ਕਰ ਰਹੀ ਧੱਕਾ
ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਪੰਜਾਬ ਸਰਕਾਰ ਕਰ ਰਹੀ ਹੈ ਧੱਕਾ-ਡਾ. ਨਿਰੰਜਨ ਪਾਲ ਹੀਉਂ
Publish Date: Sun, 25 Jan 2026 04:24 PM (IST)
Updated Date: Mon, 26 Jan 2026 04:04 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਉਂਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅਕਤੂਬਰ 2024 ਤੋਂ ਕੋਈ ਵੀ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਨਹੀਂ ਕੀਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਿਵਿਲ ਮੈਡੀਕਲ ਸਰਵਿਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਆਗੂ ਡਾ. ਨਿਰੰਜਨ ਪਾਲ ਹੀਉਂ ਸੇਵਾ ਮੁਕਤ ਸੀਨੀਅਰ ਮੈਡੀਕਲ ਅਫਸਰ ਨੇ ਕੀਤਾ। ਡਾ. ਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਕਰਮਚਾਰੀਆਂ ਨੂੰ 61 ਫ਼ੀਸਦ ਪ੍ਰਤੀਸ਼ਤ ਮਹਿੰਗਾਈ ਭੱਤੇ ਦਾ ਭੁਗਤਾਨ ਕੀਤਾ ਜਾ ਰਿਹਾ ਹੈ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇਹ ਭੁਗਤਾਨ ਸਿਰਫ 42 ਫ਼ੀਸਦੀ ਹੀ ਕੀਤਾ ਜਾ ਰਿਹਾ ਹੈ। ਜੋ ਕਿ ਸਰਾਸਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਲਗਭਗ 17 ਹਜਾਰ ਕਰੋੜ ਰੁਪਏ ਦੇ ਏਰੀਏ ਦਾ ਭੁਗਤਾਨ ਕਰਨਾ ਅਜੇ ਬਾਕੀ ਪਿਆ ਹੋਇਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੇ ਰਾਜ ਵਿਚ ਮਹਿੰਗਾਈ ਭੱਤੇ ਦੀਆਂ ਸਿਰਫ ਚਾਰ ਕਿਸ਼ਤਾਂ ਦਾ ਹੀ ਭੁਗਤਾਨ ਕੀਤਾ ਹੈ। ਜਦਕਿ ਕੇਂਦਰ ਦੀ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਰੈਗੂਲਰ ਤੌਰ ਤੇ ਭੁਗਤਾਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2022 ਵਿਚ ਸੱਤਾ ਚ ਲਿਆਉਣ ਲਈ ਮੁਲਾਜ਼ਮਾ ਦਾ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਸੀ। ਪ੍ਰੰਤੂ ਹੁਣ ਖੁਦ ਸਰਕਾਰ ਦੇ ਵਿੱਤੀ ਧੱਕੇ ਦਾ ਸਾਹਮਣਾ ਕਰ ਰਹੇ ਹਨ ਅਤੇ ਸਰਕਾਰ ਦੇ ਰਵੱਈਏ ਤੋਂ ਅੱਕ ਚੁੱਕੇ ਹਨ। ਜਿਸ ਦਾ ਖਮਿਆਜਾ ਸਰਕਾਰ ਨੂੰ 2027 ਵਿਚ ਭੁਗਤਣਾ ਪੈ ਸਕਦਾ ਹੈ।