ਸਰਕਾਰ ਨੇ ਰਿਹਾਨ ਕੰਪਨੀ ਨੂੰ ਸੌਂਪੀ ਬਲਾਚੌਰ-ਗੜ੍ਹਸ਼ੰਕਰ ਰੋਡ ਦੀ ਕਮਾਨ
ਪੰਜਾਬ ਸਰਕਾਰ ਨੇ ਰਿਹਾਨ ਕੰਪਨੀ ਨੂੰ ਸੌਂਪੀ ਬਲਾਚੌਰ-ਗੜ੍ਹਸ਼ੰਕਰ ਰੋਡ ਦੀ ਕਮਾਨ
Publish Date: Sat, 21 Feb 2026 06:43 PM (IST)
Updated Date: Sun, 22 Feb 2026 04:10 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਦੀ ਸਬ-ਡਵੀਜ਼ਨ ਬਲਾਚੌਰ ਦੇ ਅਹਿਮ ਮਾਰਗ ਭੁਲੇਖਾ ਚੌਕ ਤੋਂ ਹੁਸ਼ਿਆਰਪੁਰ, ਦਸੂਹਾ ਅਤੇ ਮੁਕੇਰੀਆਂ ਨੂੰ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਤੋਂ ਪ੍ਰੇਸ਼ਾਨ ਲੋਕਾਂ ਲਈ ਸੁਖਦ ਖ਼ਬਰ ਸਾਹਮਣੇ ਆਈ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਸੜਕ ਦਾ ਨਿਰਮਾਣ ਕਾਰਜ ਬਲਾਚੌਰ ਤੋਂ ਸ਼ੁਰੂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜਦੋਂ ਤੋਂ ਇਸ ਮਾਰਗ ਦੇ ਟੋਲ ਪਲਾਜ਼ੇ ਬੰਦ ਹੋਏ ਸਨ, ਉਦੋਂ ਤੋਂ ਹੀ ਸੜਕ ਦੀ ਸਾਂਭ-ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸੜਕ ਤੇ ਥਾਂ-ਥਾਂ ਡੂੰਘੇ ਟੋਏ ਪੈ ਚੁੱਕੇ ਸਨ, ਜਿਸ ਕਾਰਨ ਇਹ ਰਸਤਾ ਰਾਹਗੀਰਾਂ ਲਈ ਸਫ਼ਰ ਨਹੀਂ ਬਲਕਿ ਇੱਕ ਸਜ਼ਾ ਬਣ ਗਿਆ ਸੀ। ਇਨ੍ਹਾਂ ਟੋਇਆਂ ਕਾਰਨ ਰੋਜ਼ਾਨਾ ਕੋਈ ਨਾ ਕੋਈ ਵੱਡਾ ਸੜਕ ਹਾਦਸਾ ਵਾਪਰਨਾ ਆਮ ਗੱਲ ਹੋ ਗਈ ਸੀ ਅਤੇ ਸੜਕ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਸੀ। ਰਿਹਾਨ ਕੰਪਨੀ ਵੱਲੋਂ ਕਰਵਾਇਆ ਜਾ ਰਿਹਾ ਨਿਰਮਾਣ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਇਹ ਸੜਕ ਰਿਹਾਨ ਕੰਪਨੀ‘ਦੁਆਰਾ ਤਿਆਰ ਕੀਤੀ ਜਾ ਰਹੀ ਹੈ। ਪੀਡਬਲਿਯੂਡੀ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਫਿਲਹਾਲ ਬਲਾਚੌਰ ਤੋਂ ਗੜ੍ਹਸ਼ੰਕਰ ਤੱਕ ਦਾ ਹਿੱਸਾ ਰਿਹਾਨ ਕੰਪਨੀ ਵੱਲੋਂ ਮੁਕੰਮਲ ਕੀਤਾ ਜਾਵੇਗਾ। ਜਦਕਿ ਇਸ ਤੋਂ ਅਗਲਾ ਹਿੱਸਾ ਦੂਜੇ ਠੇਕੇਦਾਰ ਵੱਲੋਂ ਤਿਆਰ ਕੀਤਾ ਜਾਣਾ ਹੈ।।ਸੜਕ ਦਾ ਕੰਮ ਸ਼ੁਰੂ ਹੋਣ ’ਤੇ ਇਲਾਕੇ ਦੇ ਲੋਕਾਂ ਤੇ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕ ਬਣਨ ਨਾਲ ਜਿੱਥੇ ਆਉਣ-ਜਾਣ ਵਿਚ ਸੌਖ ਹੋਵੇਗੀ, ਉੱਥੇ ਹੀ ਕੀਮਤੀ ਜਾਨਾਂ ਲੈਣ ਵਾਲੇ ਹਾਦਸਿਆਂ ਤੇ ਵੀ ਰੋਕ ਲੱਗੇਗੀ। ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।