ਪੰਜਾਬ ਬਜਟ ਵਿਚ ਦਿੱਤਾ ਜਾਵੇ ਵਪਾਰ ਤੇ ਰੋਜ਼ਗਾਰ ਲਈ ਸਪੈਸ਼ਲ ਪੈਕੇਜ
ਪੰਜਾਬ ਬਜਟ ਵਿਚ ਦਿੱਤਾ ਜਾਵੇ ਵਪਾਰ, ਰੋਜ਼ਗਾਰ ਲਈ ਸਪੈਸ਼ਲ ਪੈਕੇਜ
Publish Date: Sat, 07 Mar 2026 04:39 PM (IST)
Updated Date: Sun, 08 Mar 2026 04:03 AM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ਦੀ ਆਪ ਸਰਕਾਰ ਵੱਲੋਂ ਐਤਵਾਰ ਨੂੰ ਪੇਸ਼ ਕੀਤੇ ਜਾ ਰਹੇ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਪਾਈਆਂ ਜਾ ਰਹੀਆਂ ਹਨ। ਜ਼ਿਲ੍ਹੇ ਦੇ ਵਪਾਰੀਆਂ, ਦੁਕਾਨਦਾਰਾਂ ਸਮੇਤ ਹੋਰਨਾਂ ਲੋਕਾਂ ਵੱਲੋਂ ਆਪਣੇ ਹਲਕੇ ਨਾਲ ਜੁੜੀਆਂ ਸਮਸਿਆਵਾਂ ਅਤੇ ਮੁਦਿਆਂ ਨੂੰ ਹੱਲ ਕਰਵਾਉਣ ਲਈ ਬਜਟ ਵਿਚ ਯੋਗ ਉਪਰਾਲੇ ਕਰਨ ਦੀ ਪੁਰਜੋਰ ਮੰਗ ਕੀਤੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਬਜਟ ਵਿਚ ਲੋਕਾਂ ਦੀਆਂ ਮੰਗਾਂ ਵੱਲ ਵੀ ਬਣਦਾ ਗੌਰ ਕੀਤਾ ਜਾਵੇ। ਪੇਸ਼ ਹਨ ਇਲਾਕੇ ਦੇ ਸੂਝਵਾਨ ਲੋਕਾਂ ਦੇ ਵਿਚਾਰ। ਚਿੰਟੂ ਅਰੋੜਾ ਪ੍ਰਧਾਨ ਵਪਾਰ ਮੰਡਲ ਨੇ ਕਿਹਾ ਕਿ ਨਵਾਂਸ਼ਹਿਰ ਵਿਖੇ ਪੰਜਾਬ ਬਜਟ ਵਿਚ ਜ਼ਿਲ੍ਹੇ ਚ ਵਪਾਰ ਨੂੰ ਵਧਾਉਣ ਦੇ ਨਾਲ ਨਾਲ ਟੈਕਸਾਂ ਚ ਛੋਟ ਦੇਣ ਦੇ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਟੈਕਸ ਵਿਚ ਰਾਹਤ ਮਿਲਣ ਨਾਲ ਜ਼ਿਲ੍ਹੇੇ ਵਿਚ ਕਾਰੋਬਾਰੀ ਕੰਮਕਾਰ ਵੱਧਣਗੇ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ। ਜੇਕਰ ਵਪਾਰ ਮਜ਼ਬੂਤ ਹੋਵੇਗਾ ਤਾਂ ਜ਼ਿਲ੍ਹੇ ਦੇ ਲੋਕਾਂ ਦਾ ਵਿਕਾਸ ਸੰਭਵ ਹੋ ਸਕੇਗਾ। ਵਿਕਾਸ ਅਰੋੜਾ ਟੋਨੀ ਮਾਲਕ ਨਿਉ ਰਾਮਸੰਨਸ ਸਵੀਟਸ ਨੇ ਕਿਹਾ ਕਿ ਨਵਾਂਸ਼ਹਿਰ ਚ ਫੋਕਲ ਪੁਆਇੰਟ ਚ ਮੁੱਢਲੀਆਂ ਸਹੁਲਤਾਂ ਦੀ ਘਾਟ ਨੂੰ ਪੂਰਾ ਕਰਕੇ ਨਵੀਂ ਇੰਡਸਟਰੀ ਅਤੇ ਵਪਾਰ ਦੀ ਸਹੁਲਤ ਮਿਲਣੀ ਚਾਹੀਦੀ ਹੈ। ਜਿਸ ਨਾਲ ਜ਼ਿਲ੍ਹੇ ਵਿਚ ਲੋਕਾਂ ਦੀ ਆਮਦਨ ਦੇ ਸਰੋਤ ਵੱਧਣਗੇ ਅਤੇ ਉਨ੍ਹਾਂ ਨੂੰ ਰੋਜ਼ਗਾਰ ਲਈ ਵੱਡੇ ਸ਼ਹਿਰਾਂ ਵੱਲ ਜਾਣਾ ਨਹੀਂ ਪਵੇਗਾ। ਇਸ ਵਾਰ ਦੇ ਪੰਜਾਬ ਬਜਟ ਤੋਂ ਜ਼ਿਲ੍ਹੇ ਦੇ ਲੋਕਾਂ ਨੂੰ ਕਾਫੀ ਆਸਾਂ ਹਨ। ਕੁਲਜੀਤ ਸਿੰਘ ਲੱਕੀ ਟ੍ਰੇਡ ਤੇ ਵਪਾਰ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਬਜਟ ਵਿਚ ਜਿਥੇ ਸਰਕਾਰ ਵੱਲੋਂ ਮਹਿਲਾਵਾਂ ਨਾਲ ਕੀਤੇ 1000 ਰੁਪਏ ਪ੍ਰਤੀ ਮਹੀਨੇ ਦੇ ਵਾਅਦੇ ਨੂੰ ਪੂਰਾ ਕਰਨ ਦੇ ਨਾਲ ਨਾਲ ਜ਼ਿਲ੍ਹੇ ਵਿਚ ਲੜਕੀਆਂ ਲਈ ਸਰਕਾਰੀ ਕਾਲਜ ਖੋਲ੍ਹਣ ਦੇ ਵੀ ਉਪਰਾਲੇ ਕਰਨੇ ਚਾਹੀਦੇ ਹਨ। ਤਾਂ ਜੋ ਸਿੱਖਿਆ ਪ੍ਰਾਪਤੀ ਲਈ ਨਿੱਜੀ ਕਾਲਜਾਂ ਦੀ ਸ਼ਰਣ ਲੈ ਰਹੀਆਂ ਵਿਦਿਆਰਥਣਾਂ ਤੇ ਪੈ ਰਿਹਾ ਵਾਧੂ ਬੋਝ ਘੱਟ ਸਕੇ ਅਤੇ ਉਹ ਚੰਗੀਆਂ ਸਿੱਖਿਆ ਪ੍ਰਾਪਤ ਕਰਕੇ ਆਪਣਾ ਤੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਸਕਣ। ਸਰਬਜੀਤ ਸਿੰਘ ਬੜਵਾਲ ਮਾਲਕ ਬੜਵਾਲ ਇਲੈਕਟ੍ਰਾਨਿਕ ਗੀਤਾ ਭਵਨ ਰੋਡ ਨਵਾਂਸ਼ਹਿਰ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ 10 ਲੱਖ ਤੱਕ ਦੇ ਇਲਾਜ ਦੀ ਸਹੁਲਤ ਦੇਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਪੂਰੀ ਸੰਜੀਦਗੀ ਨਾਲ ਜਾਰੀ ਕਰਨ ਲਈ ਯੋਗ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਸੇ ਤਰ੍ਹਾਂ ਲੋਕਾਂ ਨੂੰ ਸਰਕਾਰੀ, ਨਿੱਜੀ ਹਸਪਤਾਲਾਂ ਦੇ ਨਾਲ ਨਾਲ ਪੀਜੀਆਈ ਚੰਡੀਗੜ੍ਹ ਸਮੇਤ ਹੋਰਨਾਂ ਵੱਡੇ ਹਸਪਤਾਲਾਂ ਵਿਚ ਵੀ ਇਲਾਜ ਦੀ ਸਹੁਲਤ ਦੇਣ ਦੇ ਉਪਰਾਲੇ ਕਰਵਾਏ ਜਾਣ ਦੀ ਮੰਗ ਸਮੇਂ ਦੇ ਨਾਲ ਵੱਧਦੀ ਜਾ ਰਹੀ ਹੈ। ਸੁਨੀਲ ਕੁਮਾਰ ਮਾਲਕ ਗਿਰਧਾਰੀ ਢਾਬਾ ਚੰਡੀਗੜ੍ਹ ਰੋਡ ਨਵਾਂਸ਼ਹਿਰ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿਚ ਅਧੂਰੇ ਪਏ ਸਰਕਾਰੀ ਮੈਡੀਕਲ ਕਾਲਜ ਦੇ ਨਿਰਮਾਣ ਵਿਚ ਕੀਤੀ ਜਾ ਰਹੀ ਦੇਰੀ ਨੂੰ ਦੂਰ ਕਰਦਿਆਂ ਇਸ ਦੀ ਉਸਾਰੀ ਅਤੇ ਜ਼ਿਲ੍ਹੇ ਦੇ ਲੋਕਾਂ ਨੂੰ ਬੇਹਤਰੀਨ ਸਿਹਤ ਸੇਵਾਵਾਂ ਦੇ ਨਾਲ ਨਾਲ ਮੈਡੀਕਲ ਖੇਤਰ ਵਿਚ ਚੰਗੇ ਡਾਕਟਰਾਂ ਨੂੰ ਤਿਆਰ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਬਜਟ ਵਿਚ ਇਨ੍ਹਾਂ ਮੰਗਾਂ ਵੱਲ ਬਣਦਾ ਗੌਰ ਕੀਤਾ ਜਾਵੇ। ਕੁਮਾਰ ਹਿਤੇਸ਼ ਮਾਲਕ ਆਰਕੇ ਸਵੀਟਸ ਨਵਾਂਸ਼ਹਿਰ ਦਾ ਕਹਿਣਾ ਹੈ ਕਿ ਪੰਜਾਬ ਬਜਟ ਵਿਚ ਨਸ਼ੇ ਦੀ ਰੋਕਥਾਮ ਦੇ ਨਾਲ ਨਾਲ ਲੋਕਾਂ ਦੀ ਸੁਰਖਿਆ ਲਈ ਵਿਸ਼ੇਸ਼ ਪੈਕੇਜ ਰੱਖਣ ਦੀ ਮੰਗ ਬਰਕਰਾਰ ਹੈ। ਉਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਨਾਲ ਨਾਲ ਹੋਰਨਾਂ ਵਿਭਾਗਾਂ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਵੀ ਪੰਜਾਬ ਬਜਟ ਵਿਚ ਬਣਦਾ ਗੌਰ ਕੀਤਾ ਜਾਵੇ।