ਜਨਤਾ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ : ਹਰਪ੍ਰੀਤ ਕੌਰ
ਜਨਤਾ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਸਹਾਇਕ ਕਮਿਸ਼ਨਰ ਫੂਡ
Publish Date: Wed, 22 Apr 2026 06:52 PM (IST)
Updated Date: Wed, 22 Apr 2026 06:55 PM (IST)

ਸ਼ੱਕੀ ਪਨੀਰ ਦਾ ਸੈਂਪਲ ਭਰਿਆ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਨਤਾ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਫੂਡ ਸੇਫਟੀ ਵਿਭਾਗ ਵੱਲੋਂ ਮਾਛੀਵਾੜਾ ਰੋਡ ਨਵਾਂਸ਼ਹਿਰ ਵਿਖੇ ਬਾਹਰੋਂ ਆ ਰਹੀਆਂ ਦੁੱਧ ਤੇ ਪਨੀਰ ਦੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ ਤੇ ਫੂਡ ਸੇਫਟੀ ਅਫਸਰ ਵਿਕਰਮਜੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਮਿਲਾਵਟ ਤੇ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦੇ ਹੋਏ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਆ ਰਹੀ ਇਕ ਗੱਡੀ ਨੂੰ ਰੋਕ ਕੇ ਉਸ ਵਿਚ ਲੋਡ ਪਨੀਰ ਦੀ ਜਾਂਚ ਕੀਤੀ। ਜਾਂਚ ਦੌਰਾਨ ਤਕਰੀਬਨ ਡੇਢ ਕੁਇੰਟਲ ਸ਼ੱਕੀ ਪਨੀਰ ਬਰਾਮਦ ਕਰਕੇ ਮੌਕੇ ਤੇ ਹੀ ਜ਼ਬਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫੂਡ ਸੇਫਟੀ ਟੀਮ ਵੱਲੋਂ ਪਨੀਰ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਸਟੇਟ ਲੈਬਾਰਟਰੀ ਵਿਖੇ ਭੇਜ ਦਿੱਤਾ ਹੈ ਤੇ ਰਿਪੋਰਟ ਪ੍ਰਾਪਤ ਹੋਣ ਉਪਰੰਤ ਮਿਲਾਵਟ ਖੋਰਾਂ ਵਿਰੁੱਧ ਫੂਡ ਸੇਫਟੀ ਐਕਟ ਅਧੀਨ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਦੁਕਾਨਦਾਰਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਸ਼ਹਿਰ ਤੋਂ ਬਾਹਰੋਂ ਆਉਣ ਵਾਲਾ ਪਨੀਰ ਖਰੀਦਣ ਤੋਂ ਗੁਰੇਜ਼ ਕੀਤਾ ਜਾਵੇ ਤੇ ਖੁਦ ਹੀ ਦੁੱਧ ਤੋਂ ਪਨੀਰ ਤਿਆਰ ਕੀਤਾ ਜਾਵੇ। ਘਟੀਆ ਜਾਂ ਮਿਲਾਵਟੀ ਪਨੀਰ ਦੀ ਖਰੀਦ-ਫਰੋਖ਼ਤ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਖੁਰਾਕ ਪਦਾਰਥਾਂ ਦੀ ਖਰੀਦਦਾਰੀ ਸਮੇਂ ਸਿਰਫ਼ ਭਰੋਸੇਯੋਗ ਵਿਕਰੇਤਾਵਾਂ ਨੂੰ ਤਰਜੀਹ ਦੇਣ ਤੇ ਤਾਜ਼ਾ ਤਿਆਰ ਕੀਤਾ ਹੋਇਆ ਸਮਾਨ ਹੀ ਖਰੀਦਣ। -------- 22ਐਨਐਸਆਰ25ਪੀ ਚੈਕਿੰਗ ਕਰਦੇ ਹੋਏ ਸਹਾਇਕ ਕਮਿਸ਼ਨਰ ਫੂਡ ਹਰਪ੍ਰੀਤ ਕੌਰ ਤੇ ਫੂਡ ਸੇਫਟੀ ਅਫਸਰ ਵਿਕਰਮਜੀਤ ਸਿੰਘ। ਪੰਜਾਬੀ ਜਾਗਰਣ